- 'ਮਾਂ' ਸ਼ਬਦ ਸੁਣਦਿਆਂ
ਮੇਰੀਆਂ ਅੱਖਾਂ
ਭਰ ਆਉਂਦੀਆਂ ਨੇ!
ਮੈਂ ਅਜੇ ਛੋਟਾ ਸਾਂ,
ਜਦੋਂ ਮੇਰੀ ਮਾਂ
ਮੈਨੂੰ ਛੱਡ ਕੇ
ਸਦਾ ਸਦਾ ਲਈ
ਚਲੀ ਗਈ!
ਮੈਂ ਬਹੁਤ ਰੋਇਆ ਸੀ!
ਮੈਨੂੰ ਯਾਦ ਆ
ਭੁੱਲਦਾ ਨਹੀਂ,
ਜਦੋਂ ਸਾਡੀ ਮਾਂ
ਪਿੰਡ ਵਿਚ ਕੰਮ ਕਰਕੇ
ਵਾਪਸ ਆਉਂਦਿਆਂ,
ਚੁੰਨੀ ਵਿਚ
ਰੋਟੀਆਂ ਲਪੇਟ ਕੇ
ਲਿਆਉਂਦੀ ਸੀ!
ਸਾਨੂੰ ਖੁਆਉੰਦੀ ਸੀ!
ਪੇਟ ਦੀ ਭੁੱਖ
ਬੁਝਾਉੰਦੀ ਸੀ!
'ਮਾਂ' ਦਾ ਫਰਜ
ਨਿਭਾਉਂਦੀ ਸੀ!
ਮੇਰੀਆਂ ਅੱਖਾਂ ਸਾਹਮਣੇ
ਇਹ ਦ੍ਰਿਸ਼ ਅਕਸਰ
ਘੁੰਮਦਾ ਰਹਿੰਦਾ,
ਕਿ -
ਸਕੂਲ ਜਾਣ ਸਮੇਂ
ਉਹ ਆਪਣੀ
ਘਸੀ ਜਿਹੀ ਚੁੰਨੀ
ਵਿਚੋਂ ਪੋਣਾ ਬਣਾ ਕੇ
ਰੋਟੀਆਂ ਲਪੇਟ ਕੇ
ਸਕੂਲ ਭੇਜਦੀ ਸੀ!
ਮੈਨੂੰ ਯਾਦ ਆ
ਜਦੋਂ ਕਦੀ ਬਾਪੂ
ਛਿੱਤਰ ਚੁੱਕ ਕੇ
ਕੁੱਟਦਾ ਸੀ,
ਤਾਂ ਮਾਂ ਦੀ ਬੁੱਕਲ ਵਿਚ
ਜਾ ਲੁੱਕਦਾ ਸੀ!
ਮੈਨੂੰ ਯਾਦ ਆ
ਤਾਰਿਆਂ ਦੀ ਲੋਏ
ਜਦੋਂ ਮਾਂ
ਪਿੰਡ ਵਿੱਚੋਂ
ਕੰਮ ਕਰਕੇ
ਥੱਕੀ-ਟੁੱਟੀ
ਘਰ ਆਉਂਦੀ ਸੀ,
ਤਾਂ ਫੋੜੇ ਵਾਗੂੰ ਦੁੱਖਦਾ
ਉਸ ਦਾ ਅੰੰਗ - ਅੰਗ
ਅਸੀਂ ਘੁੱਟਦੇ ਸੀ,
ਮਾਲਸ਼ ਕਰਦੇ ਸੀ,
ਤਾਂ ਜਾ ਕੇ
ਉਸ ਨੂੰ ਨੀਂਦ ਆਉਂਦੀ ਸੀ!
ਮਾਂ ਦੀਆਂ ਕੀਤੀਆਂ
ਕਮਾਈਆਂ!
ਦਿੱਤੀਆਂ ਅਸੀਸਾਂ ਸਦਕਾ
ਕਰਕੇ ਪੜ੍ਹਾਈਆਂ!
ਅੱਜ ਮੈਂ
ਖੁਸ਼ਹਾਲ ਹੋ ਗਿਆ !
ਦੂਜਿਆਂ ਦਾ ਦਰਦ
ਵੰਡਾਉਣ ਵਾਲਾ ਹੋ ਗਿਆ ਹਾਂ!
ਸਿਆਣਿਆਂ ਨੇ ਆਖਿਆ -
'ਮਾਂ ਦੇ ਪੈਰਾਂ ਵਿਚ
ਸਵਰਗ ਹੁੰਦੈ!'
ਮਾਂ ਤੋਂ ਬਿਨਾਂ
ਨਰਕ ਹੁੰਦੈ!
ਸੱਚਾਈ ਤਾਂ
ਇਸ ਗੱਲ ਦੀ ਆ।
ਰੱਬ ਵਲੋਂ ਦਿੱਤਾ ਦੁੱਖ
ਮਾਂ ਝੱਲਦੀ ਆ!
ਰੁਤਬਾ ਰੱਬ ਦਾ ਨਹੀਂ,
ਮਾਂ ਦਾ ਉੱਚਾ ਹੁੰਦੈ!
ਪਿਆਰ ਕਿਸੇ ਹੋਰ ਦਾ ਨਹੀਂ
ਮਾਂ ਦਾ ਸੁੱਚਾ ਹੁੰਦੈ!
ਮਾਂ ਵਲੋਂ ਝੱਲੇ ਦਰਦ!
ਤੇ ਉਸ ਦੇ ਕਰਜ!
ਦਾ ਮੁੱਲ ਕਿਵੇਂ ਤਾਰੀਏ!
-ਸੁਖਦੇਵ ਸਲੇਮਪੁਰੀ
09780620233
9 ਮਈ, 2022.