ਜਗਰਾਉ 6 ਮਈ (ਅਮਿਤਖੰਨਾ) ਲੁਧਿਆਣਾ ਦਿਹਾਤੀ ਪੁਲਿਸ ਦੇ ਐੱਸ.ਐੱਸ.ਪੀ (ਆਈ.ਪੀ.ਐੱਸ.) ਦੀਪਕ ਹਿਲੋਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਸੀ.ਆਈ.ਏ.ਸਟਾਫ ਪੁਲਿਸ ਨੇ ਨਸ਼ਾ ਤਸਕਰ ਦਾ ਧੰਦਾ ਕਰਨ ਵਾਲੇ ਸਾਲੇ ਅਤੇ ਉਸ ਦੇ ਇਕ ਸਾਥੀ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਸਿੱਧਵਾਂ ਬੇਟ ਵਿਖੇ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 1 ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।ਪ੍ਰੈਸ ਕਾਨਫਰੰਸ ਦੌਰਾਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਅਨਿਲ ਭਨੋਟ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਮੁਖੀ ਦਲਬੀਰ ਸਿੰਘ ਦੀ ਪੁਲਿਸ ਪਾਰਟੀ ਦੇ ਏ ਐਸ ਆਈ ਗੁਰਸੇਵਕ ਸਿੰਘ ਨੂੰ ਸੂਚਨਾ ਮਿਲੀ ਕਿ ਕੁਲਵਿੰਦਰ ਸਿੰਘ ਉਰਫ਼ ਕਿੰਦਰ ਵਾਸੀ ਪਿੰਡ ਬਹਾਦਰਕੇ ਅਤੇ ਕੰਵਰਪਾਲ ਸਿੰਘ ਉਰਫ਼ ਕਾਕਾ ਵਾਸੀ ਪਿੰਡ ਚੱਕ ਭਾਬੜਾ ਜ਼ਿਲ੍ਹਾ ਫਿਰੋਜ਼ਪੁਰ ਇਕੱਠੇ ਰਲ ਕੇ ਭਾਰੀ ਮਾਤਰਾ ਵਿੱਚ ਭੁੱਕੀ ਵੇਚਣ ਦਾ ਧੰਦਾ ਕਰਦੇ ਹਨ । ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ ਸਟਾਫ਼ ਪੁਲਿਸ ਦੇ ਐਸ.ਆਈ ਜਸਵਿੰਦਰ ਸਿੰਘ ਨੇ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਪੁਲਿਸ ਨੇ ਮੁਲਜ਼ਮ ਕੰਵਰਪਾਲ ਸਿੰਘ ਉਰਫ਼ ਕਾਕਾ ਨੂੰ 3 ਗੱਟੂ ਚੂਰਾ ਪੋਸਤ ਸਮੇਤ ਮੌਕੇ 'ਤੇ ਕਾਬੂ ਕਰ ਲਿਆ।ਜਦੋਂਕਿ ਉਸ ਦਾ ਇੱਕ ਹੋਰ ਸਾਥੀ ਕੁਲਵਿੰਦਰ ਸਿੰਘ ਉਰਫ ਕਿੰਦਰ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ। ਉਸ ਨੇ ਦੱਸਿਆ ਕਿ ਮੁਲਜ਼ਮ ਕੰਵਰਪਾਲ ਸਿੰਘ ਉਰਫ ਕਾਕਾ ਕੋਲੋਂ ਬਰਾਮਦ ਕੀਤੇ ਗਏ ਤਿੰਨੋਂ ਗੱਟੂ ਵਿੱਚ 20-20 ਕਿਲੋ ਚੂਰਾ ਪੋਸਤ ਸੀ ਅਤੇ ਇਨ੍ਹਾਂ ਦਾ ਕੁੱਲ ਵਜ਼ਨ 60 ਕਿਲੋ ਹੈ। ਡੀਐੱਸਪੀ ਭਨੋਟ ਨੇ ਦੱਸਿਆ ਕਿ ਜਦੋਂ ਮੁਲਜ਼ਮ ਕੰਵਰਪਾਲ ਸਿੰਘ ਉਰਫ਼ ਕਾਕਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੱਕ ਭਾਬੜਾ ਦਾ ਰਹਿਣ ਵਾਲਾ ਹੈ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਰ ਰਿਸ਼ਤੇਦਾਰੀ ਵਿੱਚ ਉਸ ਦਾ ਜੀਜਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਨੇ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਨੇ ਦੱਸਿਆ ਕਿ ਉਸ ਦੇ ਸਾਲੇ ਦੇ ਪਿੰਡ ਬਹਾਦਰਕੇ ਦਾ 1 ਹੋਰ ਸਾਥੀ ਵੀ ਉਨ੍ਹਾਂ ਨਾਲ ਨਸ਼ਾ ਤਸਕਰੀ ਦੇ ਇਸ ਧੰਦੇ ਵਿਚ ਸ਼ਾਮਲ ਹੈ, ਡੀਐੱਸਪੀ ਭਨੋਟ ਨੇ ਦੱਸਿਆ ਕਿ ਪੁਲਸ ਨੇ ਫੜੇ ਗਏ ਦੋਸ਼ੀ ਦੀ ਨਿਸ਼ਾਨਦੇਹੀ ਤੇ ਉਨ੍ਹਾਂ ਦੇ ਤੀਸਰੇ ਸਾਥੀ ਗੁਰਦੇਵ ਸਿੰਘ ਦੇ ਘਰ ਪਿੰਡ ਬਹਾਦਰਕੇ ਛਾਪੇਮਾਰੀ ਕਰ ਗੁਰਦੇਵ ਸਿੰਘ ਦੇ ਘਰ ਮੌਜੂਦ ਟਰੈਕਟਰ ਟਰਾਲੀ 'ਚੋਂ 1 ਕੁਇੰਟਲ 20 ਕਿਲੋ ਭੁੱਕੀ ਬਰਾਮਦ ਕਰ ਮੌਕੇ ਤੇ ਹੀ ਗੁਰਦੇਵ ਸਿੰਘ ਨੂੰ ਵੀ ਕਾਬੂ ਕੀਤਾ ਹੈ । ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦਾ ਸਰਗਣਾ ਕੁਲਵਿੰਦਰ ਸਿੰਘ ਉਰਫ ਕਿੰਦਰ ਹੈ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਰ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਥਾਣਾ ਸਦਰ ਵਿੱਚ ਦੋ ਮਾਮਲੇ ਦਰਜ ਹਨ ਅਤੇ 1 ਮਾਮਲੇ 'ਚ ਦੋਸ਼ੀ ਨੂੰ ਮਾਣਯੋਗ ਅਦਾਲਤ ਵਲੋਂ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ ਦੋਸ਼ੀ 8 ਹਫਤਿਆਂ ਦੀ ਪੈਰੋਲ 'ਤੇ ਬਾਹਰ ਆਇਆ ਹੋਇਆ ਹੈ ਅਤੇ ਮੁੜ ਵਾਪਸ ਜੇਲ੍ਹ ਨਹੀਂ ਗਿਆ ਜਿਸ ਕਾਰਨ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦਰ ਨੂੰ ਭਗੌੜਾ ਕਰਾਰ ਕੀਤਾ ਹੋਇਆ ਹੈ ।ਉਨ੍ਹਾਂ ਦੱਸਿਆ ਕਿ ਦੋਸ਼ੀ ਕੁਲਵਿੰਦਰ ਸਿੰਘ ਉਰਫ ਜੋਗਿੰਦਰ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਫਿਰ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਨ ਲੱਗ ਪਿਆ, ਉਸ ਨੇ ਦੱਸਿਆ ਕਿ ਪੁਲਿਸ ਦੋਸ਼ੀ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਵੇਗਾ ।