You are here

ਅੰਧਵਿਸ਼ਵਾਸ ਦੇ ਨਾਲ-ਨਾਲ 'ਈਰਖਾ' ਵੀ ਡੇਰਾਵਾਦ ਦੀ ਜੜ੍ਹ✍️ ਰਣਜੀਤ ਸਿੰਘ ਹਿਟਲਰ

ਗੱਡੀ ਉੱਪਰ ਬੱਤੀ ਲਾਕੇ, 

ਉਡਿਆ ਫਿਰਦਾ ਦੇਖ ਠੱਗਾਂ ਦਾ ਟੋਲਾ... ਕਿਸੇ ਨੇ ਪਾਈ ਸੁਥਰੀ ਜੈਕਟ, ਕਿਸੇ ਨੇ ਰੰਗਲਾ ਚੌਲਾ ..

ਈਰਖਾ ਇਕ ਅਜਿਹਾ ਰਾਕਸ਼ਸ਼ੀ ਚਿੰਨ੍ਹ ਹੈ,ਇਹ ਜਿਸ ਕਿਸੇ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਂਦਾ ਹੈ।ਉਹ ਆਦਮੀ ਅੰਦਰੋਂ-ਅੰਦਰ ਹੀ ਇਸ ਦੁਨੀਆ ਅਤੇ ਇਸ ਸਮਾਜ ਤੋਂ ਟੁੱਟਦਾ ਚਲਾ ਜਾਂਦਾ ਹੈ। ਜਿਸ ਕਿਸੇ ਵਿਅਕਤੀ ਨਾਲ ਵੀ ਸਮਾਜ ਵਿਚ ਈਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਤਾਂ ਉਹ ਪੂਰੀ ਤਰ੍ਹਾ ਆਪਣੀ ਜਿੰਦਗੀ ਤੋਂ ਨਿਰਾਸ਼ ਹੋ ਜਾਂਦਾ ਹੈ,ਜਾਂ ਫਿਰ ਲੋਕਾਂ ਦੇ ਤਾਅਨੇ ਸੁਣਦਾ-ਸੁਣਦਾ ਇੰਨਾ ਕਠੋਰ ਹੋ ਜਾਂਦਾ ਹੈ ਕਿ ਉਸ ਉਪਰ ਵੱਡੀ ਤੋਂ ਵੱਡੀ ਗੱਲ ਵੀ ਕੋਈ ਅਸਰ ਨਹੀ ਕਰਦੀ।ਫਿਰ ਚਾਹੇ ਸਮਾਜਿਕ ਈਰਖਾ ਦਾ ਸ਼ਿਕਾਰ ਹੋਇਆ ਵਿਅਕਤੀ ਕੋਈ ਗਲਤੀ ਹੀ ਕਿਉਂ ਨਾ ਕਰ ਰਿਹਾ ਹੋਵੇ, ਪਰ ਜਦੋਂ ਕੋਈ ਦੂਜਾ ਵਿਅਕਤੀ ਉਸਨੂੰ ਉਸਦੀ ਗਲਤੀ ਤੋਂ ਵਰਜ਼ਦਾ ਹੈ ਤਾਂ ਉਹ ਕਿਸੇ ਦੀ ਵੀ ਪਰਵਾਹ ਕੀਤੇ ਬਿਨਾਂ ਆਪਣੇ ਕੰਮ ਵੀ ਹੀ ਮਸ਼ਰੂਫ ਰਹਿੰਦਾ ਹੈ।ਇਸੇ ਈਰਖਾ ਨੇ ਹੀ ਸਾਡੇ ਨਾਲੋਂ ਸਾਡੇ ਲੱਖਾਂ ਭੈਣ-ਭਰਾਵਾਂ ਨੂੰ ਤੋੜਿਆ ਜੋ ਇਹਨਾਂ ਚਰਿੱਤਰਹੀਣ ਅਤੇ ਠੱਗ ਬਾਬਿਆਂ ਦੀ ਗੋਦ ਵਿਚ ਜਾ ਬੈਠੇ।ਡੇਰਾਵਾਦ ਦੀ ਸ਼ੁਰੂਆਤ ਈਰਖਾ ਤੋਂ ਹੀ ਹੋਈ,ਇਸੇ ਇਰਖਾ ਦੇ ਕਾਰਣ ਹੀ ਸਾਡੇ ਸਮਾਜ ਵਿੱਚ ਹਰ ਜਾਤ-ਗੋਤ ਦੇ ਵਿਅਕਤੀ ਨੂੰ ਆਪਣਾ ਅਲੱਗ ਧਾਰਮਿਕ ਸਥਾਨ ਬਣਾਉਣਾ ਪਿਆ।ਈਰਖਾ ਦੇ ਸ਼ਿਕਾਰ ਹੋਣ ਕਰਕੇ ਹੀ ਸਾਡੇ ਸਮਾਜ ਦੇ ਇਹ ਲੋਕ ਇਹਨਾਂ  ਢੋਂਗੀ ਬਾਬਿਆਂ ਦੇ ਡੇਰਿਆਂ ਵਿੱਚ ਚੌਂਕੀਆਂ ਭਰਣ ਲੱਗੇ।ਉਪਰੋਂ ਸਾਡੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਨੇ ਇਸ ਡੇਰਾਵਾਦ ਦੀ ਪਣਪੀ ਅੱਗ ਵਿਚ ਤੇਲ ਪਾਉਣ ਦਾ ਕੰਮ ਕੀਤਾ।ਇਹ ਉਹੀ ਅੰਧਵਿਸ਼ਵਾਸ ਹੈ ਜੋ ਕਿਸੇ ਵੀ ਸਾਧਾਰਨ ਜਿਹੇ ਬੰਦੇ ਨੂੰ ਵੀ ਰੱਬ ਦਾ ਦਰਜਾ ਵੀ ਦਵਾ ਸਕਦਾ ਹੈ।ਇਸੇ ਕਾਰਣ ਸਾਡੇ ਲੋਕਾਂ ਦੀ ਮੂਰਖਤਾ ਅਤੇ ਅੰਧਵਿਸ਼ਵਾਸ ਨੂੰ ਦੇਖਦੇ ਹੋਏ, ਜ਼ਹਾਨ ਦਾ ਜੋ  ਠੱਗ,ਅਪਰਾਧੀ ਅਤੇ ਚੋਰ ਸੀ ਸਭ ਬਾਬਾ ਬਣ ਬੈਠਾ।ਦੂਜੇ ਪਾਸੇ ਸਾਡੇ ਮੁਲਕ ਦੇ ਹੀ ਨੇਤਾਵਾਂ ਨੇ ਆਪਣੀਆਂ ਵੋਟਾਂ ਵਾਸਤੇ,ਪਹਿਲਾਂ ਆਪਣੇ ਪਾਸੋਂ ਹੀ ਬੰਦੇ ਭੇਜਕੇ ਇਹਨਾਂ ਠੱਗ ਬਾਬਿਆਂ ਦਾ ਕਾਰੋਬਾਰ ਵਧਾਇਆ-ਫੁਲਾਇਆ, ਜਦੋਂ ਹੌਲੀ-ਹੌਲੀ ਭੇਡ ਚਾਲ ਬਣਦੀ ਗਈ।ਇਹਨਾਂ ਬਾਬਿਆਂ ਦੇ ਭਗਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਗਈ।ਅੱਜ-ਕੱਲ੍ਹ ਤਾਂ ਹਰ ਇਕ ਸਿਆਸੀ ਧਿਰ ਨੇ ਆਪੋ ਆਪਣੇ ਬਾਬੇ ਵੰਡੇ ਹੋਏ ਨੇ।ਇਹਨਾਂ ਬਾਬਿਆਂ ਦੇ ਮੂੰਹ ਤੋਂ ਰੱਬ ਦਾ ਸੱਚਾ ਨਾਮ ਨਹੀ ਬਲਕਿ ਇਹ ਬੋਲ ਨਿਕਲਦੇ ਹਨ ਕਿ ਕਿਹੜੀ ਸਿਆਸੀ ਪਾਰਟੀ ਨੂੰ ਵੋਟ ਪਾਉਣੀ ਹੈ ਜਾਂ ਨਹੀ ਪਾਉਣੀ। ਅਸੀ ਅਕਸਰ ਦੇਖਦੇ ਹੀ ਹਾਂ ਕਿ ਸਾਡੇ ਮਾਣਯੋਗ ਲੀਡਰ ਵੋਟਾਂ ਸਮੇਂ ਇਹਨਾਂ ਬਾਬਿਆਂ ਦੀਆਂ ਚੌਂਕੀਆਂ ਭਰਨ ਜਾਂਦੇ ਹੀ ਰਹਿੰਦੇ ਹਨ।ਤੁਸੀ ਖੁਦ ਹੀ ਸੋਚੋ ਕਿ ਇਹਨਾਂ ਬਾਬਿਆਂ ਦੇ ਦੇਸ਼-ਵਿਦੇਸ਼ ਵਿਚ "ਕਰੋੜਾਂ ਅਰਬਾਂ" ਰੁਪਏ ਦੇ ਕਾਰੋਬਾਰ ਹਨ।ਇਹ ਸਭ ਪੈਸਾ ਕਿੱਥੋਂ ਆਇਆ,ਇਹ ਸਭ ਵਿਚਾਰੇ ਗਰੀਬ ਮਜਦੂਰਾਂ ਦੀ ਹੀ ਕਮਾਈ ਤੋਂ ਉਪਜੀ 'ਸਲਤਨਤ' ਹੈ।ਜੋ ਇਹਨਾਂ 'ਆਪੇ ਬਣੇ' ਬਾਬਿਆਂ ਦੀਆਂ ਗੱਲਾਂ ਵਿਚ ਆ ਕੇ 

ਅੰਧਭਗਤੀ ਅਤੇ ਅੰਧਵਿਸ਼ਵਾਸ ਦਾ ਸ਼ਿਕਾਰ ਹੋ ਜਾਂਦੇ ਹਨ। ਖਾਸਕਰ ਇਹਨਾਂ ਡੇਰਿਆਂ ਨਾਲ ਸਾਡਾ ਸਾਰੇ ਹੀ ਧਰਮਾਂ ਦਾ ਗਰੀਬ ਵਰਗ ਬਹੁਤ ਹੀ ਵੱਡੀ ਗਿਣਤੀ ਵਿਚ ਜੁੜਿਆ ਹੈ ਜਾਂ ਜੁੜਦਾ ਜਾ ਰਿਹਾ ਹੈ। ਕਿਉਂਕਿ ਇਹ ਵਰਗ ਅੰਧਵਿਸ਼ਵਾਸ ਤੋਂ ਬਾਹਰ ਕੱਢਣ ਵਾਲੀ ਸਿੱਖਿਆ ਤੋਂ ਅਜੇ ਵੀ ਅਣਜਾਣ ਹੈ।ਦੂਸਰਾ ਵੱਡਾ ਕਾਰਣ ਸਾਡੇ ਸਮਾਜ ਅਤੇ ਧਰਮ ਦੇ ਠੇਕੇਦਾਰਾਂ ਵੱਲੋਂ ਈਰਖਾ ਵਾਲੀ ਅੱਖ ਨਾਲ ਦੇਖਣਾ ਹੈ। ਕਿਸੇ ਧਰਮ ਨੂੰ ਸਿਰਫ ਚਾਰ ਹੱਥਾਂ ਤੱਕ ਸੀਮਤ ਰੱਖਣਾ ਵੀ ਡੇਰਾਵਾਦ ਦੇ ਫੈਲਾਅ ਦਾ ਕਾਰਣ ਹੋ ਸਕਦਾ ਹੈ। ਜਿੰਨੀ ਵੱਡੀ ਗਿਣਤੀ ਵਿਚ ਇਹਨਾਂ ਡੇਰਿਆਂ ਅਤੇ "ਜਾਅਲੀ ਕਰਾਮਤ" ਕਰਨ ਵਾਲੇ ਬਾਬਿਆਂ ਨਾਲ ਲੋਕ ਜੁੜੇ ਹਨ, ਇਹ ਕਿਸੇ ਵੀ ਧਰਮ ਦੀ ਹੋਂਦ ਮਿਟਾਉਣ ਲਈ ਕਾਫੀ ਹਨ।ਇਸ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਗੁਰੂਆਂ ਅਤੇ ਬਜੁਰਗਾਂ ਦੇ ਵੱਡਮੁੱਲੇ ਇਤਿਹਾਸ ਦਾ "ਡੱਕਾ ਵੀ ਯਾਦ" ਨਹੀ ਰਹੇਗਾ।ਲੋਕ ਸਿਰਫ ਇਹਨਾਂ "ਜਾਅਲੀ ਬਾਬਿਆਂ" ਨੂੰ ਹੀ ਰੱਬ ਮੰਨਣਗੇ ਅਤੇ ਅੰਧਭਗਤੀ ਦਾ ਸ਼ਿਕਾਰ ਹੋ ਕੇ ਰਹਿ ਜਾਣਗੇ।ਇਸ ਤਰ੍ਹਾ ਸਾਨੂੰ ਇਹ ਸਭ ਕੁਝ ਭੁਲਾ ਦਿੱਤਾ ਜਾਵੇਗਾ ਕਿ ਅਸੀ ਕਿਸ ਕੌਮ ਦੇ ਵਾਰਿਸ ਹਾਂ ਅਤੇ ਸਾਡਾ ਪਿਛਲਾ ਇਤਿਹਾਸ ਕੀ ਸੀ।ਸਾਡੀ ਤਰਾਸਦੀ ਇਹੀ ਹੈ ਕਿ ਬਾਬੇ ਨਾਨਕ ਨੇ ਸਾਨੂੰ ਜਿਸ ਈਰਖਾ,ਜਾਤ-ਪਾਤ,ਕਰਮਕਾਂਡਾਂ ਅਤੇ ਅੰਧਵਿਸ਼ਵਾਸ ਤੋਂ ਬਾਹਰ ਕੱਢਿਆ ਸੀ, ਅੱਜ ਅਸੀ ਭੱਜ ਕੇ ਫਿਰ ਉਸੇ ਵੱਲ ਹੀ ਜਾ ਰਹੇ ਹਾਂ।ਜਿਹੜੇ ਬਾਬੇ ਕਿਸੇ ਵੇਲੇ ਸਾਈਕਲ ਉਪਰ ਹੁੰਦੇ ਸਨ,ਅੱਜ ਉਹਨਾਂ ਕੋਲ ਲਗਜ਼ਰੀ ਕਾਰਾਂ ਹਨ। ਅਤੇ ਭਗਤ ਅੱਜ ਵੀ ਬੱਸਾ ਵਿਚ ਹੀ ਧੱਕੇ ਖਾਂਦੇ ਫਿਰਦੇ ਹਨ। ਬਲਕਿ ਹੋਣਾ ਇਸ ਤੋਂ ਉਲਟ ਚਾਹੀਦਾ ਸੀ,ਇਹਨਾਂ ਡੇਰਾਵਾਦੀ ਬਾਬਿਆਂ ਨੂੰ ਆਪਣੀਆਂ ਕਰਾਮਤੀ ਸ਼ਕਤੀਆਂ ਨਾਲ ਆਪਣੇ ਭਗਤ ਦੀ ਜਿੰਦਗੀ ਸੁਧਾਰਨੀ ਚਾਹੀਦੀ ਸੀ।ਪਰੰਤੂ ਇਹ ਬਾਬੇ ਤਾਂ ਹੈ ਹੀ ਅੰਧਵਿਸ਼ਵਾਸ ਦੀ ਪੈਦਾਇਸ਼ ਹਨ, ਇਹ ਸਾਡੇ ਸਮਾਜ ਦੇ ਭੋਲੇ ਭਾਲੇ ਅਤੇ ਈਰਖਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਆਪਣੇ ਵੱਲ ਸਮੇਟਦੇ ਹਨ। ਫਿਰ ਉਹਨਾਂ ਲੋਕਾਂ ਦਾ ਆਪਣੇ ਫਾਇਦੇ ਲਈ ਇਸਤੇਮਾਲ ਕਰਦੇ ਹਨ।ਇਸ ਕੰਮ ਵਿੱਚ ਇਹਨਾਂ ਡੇਰਾਵਾਦੀ ਬਾਬਿਆਂ ਦਾ ਸਾਥ ਸਾਡੇ ਨੇਤਾ ਲੋਕ ਵੀ ਰੱਜ ਕੇ ਦਿੰਦੇ ਜੋ ਆਪਣੇ ਵੱਲੋ ਭੇਜੇ ਕੁਝ ਬੰਦਿਆ ਤੋਂ ਬਾਅਦ ਜਦੋਂ ਅਨੇਕਾਂ ਭਗਤਾਂ ਦੀ ਭੀੜ ਬਣ ਜਾਂਦੀ ਹੈ,ਫਿਰ ਉਹਨਾਂ ਪਾਸੋਂ ਵੋਟਾਂ ਹਾਸਲ ਕੀਤੀਆਂ ਜਾਂਦੀਆ ਹਨ।ਇਹ ਡੇਰਾਵਾਦ ਦੇ ਖਾਤਮੇ ਦਾ ਰਸਤਾ ਬਹੁਤਾ ਵੀ ਕਠਿਨ  ਨਹੀ ਹੈ।ਆਪਣੇ ਬੱਚਿਆ ਨੂੰ ਚੰਗੀ ਅਤੇ ਸੱਚੀ ਸਿੱਖਿਆ ਦੇਉ, ਜੋ ਉਹਨਾਂ ਅੰਦਰ ਸਹੀ ਗਲਤ ਨੂੰ ਪਹਿਚਾਣ ਦੀ ਤਾਕਤ ਲਿਆ ਸਕੇ ਅਤੇ ਉਹ ਕਦੇ ਵੀ ਅੰਧਵਿਸ਼ਵਾਸ ਦੇ ਚੱਕਰਾਂ ਵਿਚ ਨਾ ਫਸਣ।ਖੁਦ ਵੀ ਆਪਣੇ ਇਤਿਹਾਸ ਤੋਂ ਜਾਣੂ ਹੋਵੋ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਕਰਵਾਉ।ਧਰਮ ਅਤੇ ਜਾਤ ਪਾਤ ਦੇ ਨਾਮ ਉੱਤੇ ਕਿਸੇ ਵੀ ਭੈਣ-ਭਾਈ ਨਾਲ ਈਰਖਾ ਕਰਨੀ ਛੱਡੋ।ਤਾਂ ਹੀ ਇਹਨਾਂ "ਅੰਧਵਿਸ਼ਵਾਸ ਦੀ ਪੈਦਾਇਸ਼" ਬਾਬਿਆਂ ਤੋਂ ਆਪਣੇ ਇਤਿਹਾਸ ਅਤੇ ਨਸਲਾਂ ਨੂੰ ਬਚਾਇਆ ਜਾ ਸਕਦਾ ਹੈ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ

Email:- ranjeetsinghhitlar21@gmail.com