ਵਾਸ਼ਿੰਗਟਨ, ਜੂਨ 2020 -(ਏਜੰਸੀ)-
ਕਰੋਨਾਵਾਇਰਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਵਿਦੇਸ਼ਾਂ ’ਚ ਫਸੇ ਭਾਰਤੀ ਖੁਦ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਇਨ੍ਹਾਂ ’ਚ ਵਧੇਰੇ ਕਰਕੇ ਐੱਚ-1ਬੀ ਵੀਜ਼ਾ ਧਾਰਕ ਹਨ ਜਿਨ੍ਹਾਂ ਦੇ ਬੱਚੇ ਅਮਰੀਕਾ ’ਚ ਪੈਦਾ ਹੋਏ ਹਨ ਤੇ ਪਾਬੰਦੀਆਂ ਕਾਰਨ ਹੁਣ ਭਾਰਤ ਨਹੀਂ ਜਾ ਸਕਦੇ। ਅਮਰੀਕਾ ’ਚ ਕੰਮ-ਕਾਰ ਵਾਲੇ ਵੀਜ਼ੇ ਦੀ ਮਿਆਦ ਮੁੱਕਣ ਤੋਂ ਬਾਅਦ ਅੰਗੁਰਾਜ ਕੈਲਾਸ਼ਮ ਨੂੰ ਅਮਰੀਕੀ ਕਾਨੂੰਨ ਤਹਿਤ ਜਿੰਨੀ ਜਲਦੀ ਹੋ ਸਕੇ ਆਪਣੇ ਮੁਲਕ ਵਾਪਸ ਜਾਣਾ ਪਵੇਗਾ ਪਰ ਭਾਰਤੀ ਕਾਨੂੰਨ ਤਹਿਤ ਉਹ ਆਪਣੀ ਅਮਰੀਕਾ ’ਚ ਜਨਮੀ ਧੀ ਨਾਲ ਭਾਰਤ ਵਾਪਸ ਨਹੀਂ ਆ ਸਕਦੀ। ਅੰਗੁਰਾਜ ਨੇ ਕਿਹਾ, ‘ਮੇਰੀ ਧੀ ਕੋਲ ਐਮਰਜੈਂਸੀ ਵੀਜ਼ਾ ਹੈ ਪਰ ਮੌਜੂਦਾ ਪਾਬੰਦੀਆਂ ਕਾਰਨ ਅਸੀਂ ਭਾਰਤ ਵਾਪਸ ਨਹੀਂ ਜਾ ਸਕਦੇ ਕਿਉਂਕਿ ਭਾਰਤ ਸਰਕਾਰ ਨੇ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ।’ ਗੋਪੀਨਾਥ ਨਾਗਰਾਜਨ ਨੇ ਕਿਹਾ, ‘ਭਾਰਤ ’ਚ ਮੇਰੀ ਮਾਂ ਕੋਮਾ ’ਚ ਹੈ। ਮੈਂ ਜਲਦੀ ਤੋਂ ਜਲਦੀ ਭਾਰਤ ਜਾਣਾ ਚਾਹੁੰਦਾ ਹਾਂ ਪਰ ਮੇਰੀ ਚਾਰ ਮਹੀਨੇ ਦੀ ਧੀ ਹੈ ਜੋ ਅਮਰੀਕਾ ’ਚ ਜਨਮੀ ਹੈ। ਮੈਂ ਤੇ ਮੇਰੀ ਪਤਨੀ ਦੋਵਾਂ ਕੋਲ ਭਾਰਤੀ ਪਾਸਪੋਰਟ ਹੈ।’ ਇਨ੍ਹਾਂ ਦੀ ਤਰ੍ਹਾਂ ਅਜਿਹੇ ਹੋਰ ਕਈ ਭਾਰਤੀ ਹਨ ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਮੁੱਕਣ ਵਾਲੀ ਹੈ। ਉਨ੍ਹਾਂ ਆਪਣੇ ਅਮਰੀਕਾ ’ਚ ਜਨਮੇ ਬੱਚਿਆਂ ਨੂੰ ਭਾਰਤ ਆਉਣ ਦੇਣ ਦੀ ਇਜਾਜ਼ਤ ਮੰਗੀ ਹੈ।