You are here

32ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਮਾਤਾ !!

ਧਰਨਾ 39ਵੇਂ ਦਿਨ 'ਚ !!

ਭਗਵੰਤ ਮਾਨ ਦੀ "ਆਪ" ਸਰਕਾਰ ਵੀ ਲੋਕ ਵਿਰੋਧੀ -ਕਿਸਾਨ ਯੂਨੀਅਨ
ਜੱਥੇਬੰਦੀਆਂ ਅੱਜ ਮਨਾਉਂਣਗੀਆਂ ਥਾਣੇ ਮੂਹਰੇ ਮਈ ਦਿਵਸ  
ਜਗਰਾਉਂ 30 ਅਪ੍ਰੈਲ (ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ) ਭਗਵੰਤ ਮਾਨ ਦੀ "ਆਪ" ਸਰਕਾਰ ਅਤੇ ਪੰਜਾਬ 'ਚ ਰਹਿ ਚੁੱਕੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਪਹਿਲੀਆਂ ਸਰਕਾਰਾਂ ਦੇ ਰਾਜ ਵਿੱਚ ਵੀ ਲੋਕਾਂ ਨੂੰ ਇਨਸਾਫ਼ ਲੈਣ ਲੲੀ ਸੜਕਾਂ ਤੇ ਬੈਠ ਕੇ ਧਰਨੇ-ਮੁਜ਼ਾਹਰੇ ਕਰਨੇ ਪੈਂਦੇ ਸਨ ਅਤੇ ਬਦਲਾਵ ਦੇ ਨਾਮ 'ਤੇ ਹਾਲ਼ੀਆ ਸਤਾ 'ਚ ਆਈ ਆਮ ਆਦਮੀ ਪਾਰਟੀ ਦੀ "ਮਾਨ ਸਰਕਾਰ" ਦੇ ਰਾਜ ਵਿੱਚ ਵੀ ਇਨਸਾਫ਼ ਪਸੰਦ ਲੋਕਾਂ ਨੂੰ ਜਗਰਾਉਂ ਥਾਣੇ ਮੂਹਰੇ ਧਰਨੇ ਤੇ ਬੈਠਿਆਂ ਅੱਜ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਏ ਪਰ ਨਵੀਂ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਜ਼ਿਕਰਯੋਗ ਹੈ ਕਿ ਇਥੋਂ ਨੇੜਲੇ ਇਕ ਪਿੰਡ ਰਸੂਲਪੁਰ ਦੇ ਇਕ ਗਰੀਬ ਪਰਿਵਾਰ ਨੂੰ 16 ਸਾਲ ਪਹਿਲਾਂ ਮੌਕੇ ਥਾਣਾਮੁਖੀ ਵਲੋ ਥਾਣੇ ਵਿੱਚ ਨਜ਼ਾਇਜ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਤੇ ਝੂਠੇ ਕਤਲ਼ ਕੇਸ ਵਿਚ ਫਸਾਉਣ ਦੇ ਮਾਮਲੇ ਸਬੰਧੀ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਨੂੰ ਸਥਾਨਕ ਥਾਣਾ ਸਿਟੀ ਮੂਹਰੇ ਅਣਮਿਥੇ ਸਮੇਂ ਦੇ ਲਈ ਧਰਨਾ ਲਗਾਉਣਾ ਪੈ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਸੰਗੀਨ ਧਾਰਾਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਨੇ ਅੱਜ 39ਵੇਂ ਦਿਨ ਵੀ ਰਾਏਕੋਟ-ਜਗਰਾਉਂ ਮੇਨ ਰੋਡ 'ਤੇ ਥਾਣੇ ਮੂਹਰੇ ਧਰਨਾ ਲਗਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਦੇ ਪੱਖਪਾਤੀ ਵਤੀਰੇ ਖਿਲਾਫ਼ ਪੁਲਿਸ ਅੱਤਿਆਚਾਰ ਕਾਰਨ ਫੌਤ ਹੋਈ ਕੁਲਵੰਤ ਕੌਰ ਦੀ ਬਿਰਧ ਮਾਤਾ ਸੁਰਿੰਦਰ ਕੌਰ (75) ਅੱਜ 32ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਹੈ। ਇਸ ਸਮੇਂ ਮਨੋਹਰ ਸਿੰਘ ਜਿਲ੍ਹਾ ਕਨਵੀਨਰ ਕੇਕੇਯੂ ਯੂਥ ਵਿੰਗ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਅੌਰਤਾਂ ਤੇ ਜ਼ੁਲਮਾਂ ਦੀ ਦਾਸਤਾਨ ਸਦੀਆਂ ਪੁਰਾਣੀ ਏ। ਇਨਸਾਫ਼ ਦੇ ਮੰਦਰ ਕਹੇ ਜਾਂਦੇ ਪੰਜਾਬ ਦੇ ਥਾਣਿਆਂ ਵਿੱਚ ਬਲਾਤਕਾਰ ਤੱਕ ਹੋ ਰਹੇ ਨੇ ਪਰ ਸੁਣਨ ਵਾਲਾ ਕੋਈ ਨਹੀਂ ਸਰਕਾਰ ਜਿਹੜੀਆਂ ਮਰਜ਼ੀ ਹੋਣ ਗਰੀਬ ਲੋਕਾਂ ਨੂੰ ਤਾਂ ਇਨਸਾਫ਼ ਲੈਣ ਲਈ ਤਪਦੀਆਂ ਧੁੱਪਾਂ ਵਿੱਚ ਬੈਠਣਾ ਪੈਂਦਾ ਹੈ। ਅੱਜ ਵੀ ਅੌਰਤਾਂ ਪੱਖੀ ਲੱਖ ਕਾਨੂੰਨ ਹੋਣ ਦੇ ਬਾਵਜੂਦ ਅਨੇਕਾਂ ਅੌਰਤਾਂ ਧੀਆਂ ਭੈਣਾਂ ਇਨਸਾਫ਼ ਲਈ ਦਰ-ਦਰ ਭਟਕ ਰਹੀਆਂ ਹਨ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਜੱਥੇਦਾਰ ਬੰਤਾ ਸਿੰਘ ਡੱਲਾ, ਹਰਜਿੰਦਰ ਕੌਰ, ਹਰਜੀਤ ਕੌਰ, ਕਮਲਜੀਤ ਕੌਰ, ਸਦਾ ਕੌਰ ਲੀਲ੍ਹਾ ਆਦਿ ਵੀ ਹਾਜ਼ਰ ਸਨ।