ਕੈਬਨਿਟ ਮੰਤਰੀ ਨੇ 34 ਲੱਖ ਰੁਪਏ ਦੀ ਲਾਗਤ ਨਾਲ ਭਗਵਾਨ ਸ੍ਰੀ ਪਰਸ਼ੂਰਾਮ ਚੌਕ ਤੋਂ ਮਾਲ ਰੋਡ ਤੱਕ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 23 ਅਪ੍ਰੈਲ (ਰਣਜੀਤ ਸਿੱਧਵਾਂ) : ਮਾਲ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਕਚਹਿਰੀ ਰੋਡ ’ਤੇ ਭਗਵਾਨ ਪਰਸ਼ੂਰਾਮ ਜੀ ਦੇ ਵਿਸ਼ਾਲ ਚੌਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ ਚੌੰਕ ਦੇ ਨਿਰਮਾਣ ਅਤੇ ਇਸ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹ ਅੱਜ 34 ਲੱਖ ਰੁਪਏ ਦੀ ਲਾਗਤ ਨਾਲ ਭਗਵਾਨ ਸ੍ਰੀ ਪਰਸ਼ੂਰਾਮ ਚੌਕ ਤੋਂ ਮਾਲ ਰੋਡ ਤੱਕ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਤਾਂ ਦੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਕਚਹਿਰੀ ਨਜ਼ਦੀਕ ਸ੍ਰੀ ਭਗਵਾਨ ਪਰਸ਼ੂਰਾਮ ਜੀ ਦੇ ਨਾਮ ’ਤੇ ਵਿਸ਼ਾਲ ਚੌਂਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਚੌਕ ਦੀ ਸ਼ਾਨ ਨੂੰ ਬਣਾਏ ਰੱਖਣ ਲਈ ਇਸ ਦੇ ਚਾਰੇ ਪਾਸੇ ਸੜਕ, ਲਾਈਟਿੰਗ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਚੌਕ ਦੀ ਨੁਹਾਰ ਬਦਲ ਦਿੱਤੀ ਜਾਵੇਗੀ, ਤਾਂ ਜੋ ਹੁਸ਼ਿਆਰਪੁਰ ਆਉਣ- ਜਾਣ ਵਾਲਾ ਹਰ ਵਿਅਕਤੀ ਭਗਵਾਨ ਸ੍ਰੀ ਪਰਸ਼ੂਰਾਮ ਚੌਂਕ ਨੂੰ ਯਾਦ ਰੱਖੇ।
ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਸਾਰੇ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸੁਵਿਧਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਕੋਈ ਵੀ ਯੋਗ ਲਾਭਪਾਤਰੀ ਸਰਕਾਰੀ ਸੁਵਿਧਾਵਾਂ ਤੋਂ ਵੰਚਿਤ ਨਾ ਰਹੇ। ਇਸ ਮੌਕੇ ਐਕਸੀਅਨ ਨਗਰ ਨਿਗਮ ਸ੍ਰੀ ਹਰਪ੍ਰੀਤ ਸਿੰਘ, ਭਗਵਾਨ ਸ੍ਰੀ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਸ੍ਰੀ ਆਸ਼ੂਤੋਸ਼ ਸ਼ਰਮਾ, ਸ੍ਰੀ ਵਰਿੰਦਰ ਸ਼ਰਮਾ ਬਿੰਦੂ, ਸ੍ਰੀ ਯੋਗੇਸ਼ ਚੌਬੇ, ਸ੍ਰੀ ਪਵਨ ਮਹਿਤਾ, ਅਜੇ ਮਹਿਤਾ, ਅਜੇ ਸ਼ਰਮਾ, ਹਰੂਪ ਭਾਰਦਵਾਜ, ਵਿਵੇਕ ਸ਼ਰਮਾ, ਪ੍ਰਿਆ ਵਰਤ, ਰੋਹਿਤ ਰਾਵਲ, ਰਾਜੀਵ ਸ਼ਰਮਾ, ਅਮਰਜੀਤ ਸ਼ਰਮਾ, ਸ੍ਰੀ ਸੁਮੇਸ਼ ਸੋਨੀ, ਜੁਆਇੰਟ ਸੈਕਟਰੀ ਸ੍ਰੀ ਸਤਵੰਤ ਸਿੰਘ ਸਿਆਨ, ਸਾਬਕਾ ਕੌਂਸਲਰ ਸ੍ਰੀ ਕੁਲਵਿੰਦਰ ਸਿੰਘ ਹੁੰਦਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।