- ਹਰਦੀਪ ਗਾਲਿਬ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ: ਧਨੇਰ, ਰਾਮਪੁਰਾ
ਜਗਰਾਉਂ 16 ਅਪੑੈਲ (ਰਣਜੀਤ ਸਿੱਧਾਵਾਂ ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਹਰਦੀਪ ਸਿੰਘ ਗਾਲਿਬ ਕਲਾਂ ਦੀ ਕੈਂਸਰ ਕਾਰਨ ਹੋਈ ਬੇਵਕਤੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਉਹਨਾਂ ਕੱਲ੍ਹ ਆਪਣੇ ਘਰ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਚਲੇ ਆ ਰਹੇ ਸਨ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਗੁਰਦੀਪ ਰਾਮਪੁਰਾ ਨੇ ਦੱਸਿਆ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਅਤੇ ਦਿੱਲੀ ਵਿੱਚ ਚੱਲੇ ਲੰਬੇ ਸੰਘਰਸ਼ ਵਿੱਚ ਹਰਦੀਪ ਗਾਲਿਬ ਦੀ ਭੂਮਿਕਾ ਬੇਹੱਦ ਸਲਾਹੁਣਯੋਗ ਸੀ ਤੇ ਉਸਨੇ ਇਤਿਹਾਸਕ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਨਾਸਾਜ ਸਿਹਤ ਦੇ ਬਾਵਜੂਦ ਅਣਥੱਕ ਮਿਹਨਤ ਕੀਤੀ ਅਤੇ ਉਹਨਾਂ ਨੂੰ ਇਸ ਗਲੇ ਦੇ ਕੈਂਸਰ ਦੀ ਬਿਮਾਰੀ ਦਾ ਪ੍ਰਕੋਪ ਦਿੱਲੀ ਸੰਘਰਸ਼ ਦੌਰਾਨ ਹੀ ਦੇਖਣ ਨੂੰ ਮਿਲਿਆ। ਉਹਨਾਂ ਦੱਸਿਆ ਕਿ ਹਰਦੀਪ ਗਾਲਿਬ ਦਾ ਰਾਜੀਵ ਗਾਂਧੀ ਕੈਂਸਰ ਹਸਪਤਾਲ ਦਿੱਲੀ, ਡੀਐਮਸੀ ਲੁਧਿਆਣਾ ਸਮੇਤ ਵੱਖ-ਵੱਖ ਥਾਵਾਂ ਤੇ ਇਲਾਜ ਕਰਵਾਇਆ, ਪ੍ਰੰਤੂ ਬਿਮਾਰੀ ਦੀ ਹਾਲਤ ਵਿੱਚ ਵੀ ਉਹਨਾਂ ਨੇ ਕਿਸਾਨੀ ਸੰਘਰਸ਼ ਦਾ ਪਰਚਮ ਬੁਲੰਦ ਰੱਖਿਆ। ਹਰਦੀਪ ਗਾਲਿਬ ਕਿਸਾਨੀ ਸੰਘਰਸ਼ ਦਾ ਝੰਡਾ ਬੁਲੰਦ ਰੱਖਣ ਵਾਲੇ ਆਗੂ ਸਮੇਤ ਨਵਾਂ ਲੋਕ ਪੱਖੀ ਸਮਾਜ ਸਿਰਜਣ ਲਈ ਚੱਲ ਰਹੀ ਇਨਕਲਾਬੀ ਜਮਹੂਰੀ ਲਹਿਰ ਦਾ ਸਜਿੰਦ ਅੰਗ ਵੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਇਨਕਲਾਬੀ ਕੇਂਦਰ, ਪੰਜਾਬ, ਪੇਂਡੂ ਮਜਦੂਰ ਯੂਨੀਅਨ ਮਸ਼ਾਲ, ਇਨਕਲਾਬੀ ਮਜਦੂਰ ਕੇਂਦਰ, ਗੱਲਾ ਮਜਦੂਰ ਯੂਨੀਅਨ, ਡੀਟੀਐੱਫ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਸਾਥੀ ਹਰਦੀਪ ਗਾਲਿਬ ਦੇ ਬੇਵਕਤੀ ਵਿਛੋੜੇ ਸਮੇਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰਦੀਪ ਗਾਲਿਬ ਦਾ ਇਸ ਸਮੇਂ ਬੇਵਕਤੀ ਚਲਿਆ ਜਾਣਾ ਪ੍ਰਵਾਰ, ਬੀਕੇਯੂ ਏਕਤਾ ਡਕੌਂਦਾ, ਇਨਕਲਾਬੀ ਜਮਹੂਰੀ ਲਹਿਰ ਲਈ ਨਾ ਪੂਰਿਆ ਜਾ ਸਕਣ ਵਾਲਾ ਵੱਡਾ ਘਾਟਾ ਹੈ। ਹਰਦੀਪ ਗਾਲਿਬ ਵੱਲੋਂ ਕਿਸਾਨ ਲਹਿਰ ਵਿੱਚ ਪਾਏ ਮਿਸਾਲੀ ਯੋਗਦਾਨ ਨੂੰ ਹਮੇਸ਼ਾ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰਦੀਪ ਗਾਲਿਬ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਥੇਬੰਦਕ ਉਸਾਰੀ ਵਿੱਚ ਅਹਿਮ ਯੋਗਦਾਨ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੋਂ ਇਲਾਵਾ ਬਹੁਤ ਸਾਰੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸੈਂਕੜੇ ਆਗੂ/ਵਰਕਰ ਸਾਥੀ ਹਰਦੀਪ ਗਾਲਿਬ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਹਾਜ਼ਰ ਸਨ। ਹਰਦੀਪ ਗਾਲਿਬ ਆਪਣੇ ਪਿੱਛੇ ਤੇਜ ਕੌਰ ਮਾਤਾ 82 ਸਾਲ, ਸੁਖਵੰਤ ਕੌਰ ਪਤਨੀ 50 ਸਾਲ, ਰਮਨਦੀਪ ਕੌਰ ਬੇਟੀ 30 ਸਾਲ, ਕੁਲਵੰਤ ਸਿੰਘ ਬੇਟਾ 27 ਸਾਲ, ਗੁਰਬਾਜ਼ ਸਿੰਘ 25 ਸਾਲ ਭਤੀਜਾ ਨੂੰ ਛੱਡ ਗਿਆ ਹੈ। ਵੱਖ-ਵੱਖ ਆਗੂਆਂ ਨੇ ਹਰਦੀਪ ਗਾਲਿਬ ਨੂੰ ਲਾਲ ਸਲਾਮ, ਸਾਥੀ ਹਰਦੀਪ ਗਾਲਿਬ ਤੇਰਾ ਕਾਜ ਅਧੂਰਾ-ਲਾਕੇ ਜਿੰਦਗੀਆਂ ਕਰਾਂਗੇ ਪੂਰਾ, ਹਰਦੀਪ ਗਾਲਿਬ ਤੇਰੀ ਸੋਚ ਤੇ-ਪਹਿਰਾ ਦਿਆਂਗੇ ਠੋਕ ਕੇ, ਕਿਸਾਨ ਲਹਿਰ ਦੇ ਸ਼ਹੀਦ ਹਰਦੀਪ ਗਾਲਿਬ ਨੂੰ ਲਾਲ ਸਲਾਮ ਆਦਿ ਅਕਾਸ਼ ਗੁੰਜਾਊ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ। ਆਗੂਆਂ ਜੋਰਦਾਰ ਮੰਗ ਕੀਤੀ ਕਿ ਸ਼ਹੀਦ ਕਿਸਾਨ ਆਗੂ ਹਰਦੀਪ ਗਾਲਿਬ ਦੇ ਪ੍ਰਵਾਰ ਨੂੰ ਪੰਜ ਲੱਖ ਰੁ. ਮੁਆਵਜਾ, ਪ੍ਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਇਸ ਸਮੇਂ ਨਰਾਇਣ ਦੱਤ, ਡਾ. ਮੋਹਨ ਸਿੰਘ, ਡਾ. ਰਾਜਿੰਦਰ ਪਾਲ, ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਕੜਮਾ, ਗੁਲਜਾਰ ਸਿੰਘ ਕੱਬਰਵੱਛਾ, ਦੇਵੀ ਰਾਮ ਰੰਘੜਿਆਲ, ਸੱਤਪਾਲ ਬਰੵੇ, ਮਲਕੀਤ ਸਿੰਘ ਈਨਾ, ਜੁਗਰਾਜ ਸਿੰਘ ਹਰਦਾਸਪੁਰਾ, ਸੁਰਿੰਦਰ ਸ਼ਰਮਾ, ਮਦਨ ਸਿੰਘ, ਸੁਖਦੇਵ ਭੂੰਦੜੀ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੱਧਵਾਂ, ਦਰਸ਼ਨ ਸਿੰਘ ਗਾਲਿਬ, ਰਜਿੰਦਰ ਸਿੰਘ ਲੁਧਿਆਣਾ, ਨਿਰਪਾਲ ਸਿੰਘ ਜਲਾਲਦੀਵਾਲ, ਅਜਮੇਰ ਸਿੰਘ ਕਾਲਸਾਂ, ਬਲਦੇਵ ਸਿੰਘ ਭਾਈਰੂਪਾ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜ਼ਰ ਸਨ।