You are here

ਕ੍ਰਾਈਮ ਨੂੰ ਰੋਕਣ  ਲਈ ਹੋਟਲ, ਰੈਸਟੋਰੈਂਟ ਤੇ ਢਾਬਾ ਮਾਲਕਾਂ ਨਾਲ ਮੀਟਿੰਗ

ਜਗਰਾਉ 4 ਮਈ (ਅਮਿਤਖੰਨਾ)ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਅੱਜ ਇਲਾਕੇ ਦੇ ਹੋਟਲ, ਰੈਸਟੋਰੈਂਟ ਤੇ ਢਾਬਾ ਮਾਲਕਾਂ ਨਾਲ ਮੀਟਿੰਗ ਕਰ ਕੇ ਸਾਈਬਰ ਕ੍ਰਾਈਮ ਰਾਹੀਂ ਹੋ ਰਹੇ ਕ੍ਰਾਈਮ ਨੂੰ ਰੋਕਣ ਤੋਂ ਲੈ ਕੇ ਵੱਡੀਆਂ ਵਾਰਦਾਤਾਂ ਨੂੰ ਰੋਕਣ ਲਈ ਹਾਈ ਕੁਆਲਿਟੀ ਸੀਸੀਟੀਵੀ ਲਾਉਣ 'ਤੇ ਵਿਚਾਰ ਹੋਈ। ਐੱਸਐੱਸਪੀ ਦੀਪਕ ਹਿਲੋਰੀ ਦੇ ਨਿਰਦੇਸ਼ਾਂ 'ਤੇ ਰੱਖੀ ਗਈ ਮੀਟਿੰਗ ਨੂੰ ਜ਼ਿਲ੍ਹੇ ਦੇ ਐੱਸਪੀ ਐੱਚ ਪਿ੍ਰਥੀਪਾਲ ਸਿੰਘ ਅਤੇ ਐੱਨਡੀਪੀਐੱਸ ਤੇ ਸਾਈਬਰ ਕ੍ਰਾਈਮ ਵਿੰਗ ਦੇ ਡੀਐੱਸਪੀ ਹਰਸ਼ਦੀਪ ਸਿੰਘ ਨੇ ਸੰਬੋਧਨ ਕੀਤਾ। ਮੀਟਿੰਗ 'ਚ ਸਮੂਹ ਮਾਲਕਾਂ ਨੂੰ ਸਾਈਬਰ ਕ੍ਰਾਈਮ ਤੋਂ ਇਲਾਵਾ ਵੱਖਰੇ ਨਵੇਂ ਤੌਰ ਤਰੀਕਿਆਂ ਨਾਲ ਵੱਧ ਰਹੇ ਕ੍ਰਾਈਮ ਸਬੰਧੀ ਪਹਿਲਾਂ ਜਾਣਕਾਰੀ ਦਿੱਤੀ ਗਈ ਤੇ ਫਿਰ ਇਸ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲਿਆਂ 'ਤੇ ਵਿਚਾਰ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਪਰਾਧੀ ਕਿਸਮ ਦੇ ਵਿਅਕਤੀ ਜ਼ਿਆਦਾਤਰ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ 'ਤੇ ਇਕੱਠੇ ਹੁੰਦੇ ਹਨ। ਇਥੇ ਹੀ ਉਹ ਕ੍ਰਾਈਮ ਦੀ ਵਿਉਂਤ ਬਨਾਉਣ ਨੂੰ ਲੈ ਕੇ ਅੰਜਾਮ ਦੇਣ ਤੋਂ ਬਾਅਦ ਇਕੱਠੇ ਹੋਣ ਅਤੇ ਲੈਣ ਦੇਣ ਤਕ ਕਰਦੇ ਹਨ। ਅਜਿਹੇ ਵਿਚ ਉਨਾਂ੍ਹ ਦੇ ਬਦਲੇ ਹਾਵ-ਭਾਵ ਤੋਂ ਸ਼ੱਕ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਅਜਿਹੀ ਸੂਰਤ ਵਿਚ ਉਹ ਆਪਣੀ ਡਿਊਟੀ ਸਮਝਦੇ ਹੋਏ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ। ਉਨਾਂ੍ਹ ਦਾ ਇੱਕ ਛੋਟਾ ਜਿਹਾ ਫੋਨ ਵੱਡੇ ਅਪਰਾਧੀਆਂ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਸਕਦਾ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਵੱਲੋਂ ਹੋਟਲ, ਰੈਸਟੋਰੈਂਟਾਂ ਅਤੇ ਢਾਬਿਆਂ ਵਿਚ ਵਧੀਆ ਕੈਮਰੇ ਲਾਉਣ ਦੇ ਨਾਲ ਨਾਲ ਪਾਰਕਿੰਗਾਂ ਨੂੰ ਵੀ ਸੀਸੀਟੀਵੀ ਨਾਲ ਲੈਸ ਕਰਨ ਦੀ ਅਪੀਲ ਕੀਤੀ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਅਤੇ ਵਾਪਰਨ 'ਤੇ ਉਸ ਨੂੰ ਟਰੇਸ ਕਰਨ 'ਚ ਸੁਖਾਲਾ ਹੋਵੇ। ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਸਮੂਹ ਮਾਲਕਾਂ ਨੂੰ ਪੁਲਿਸ ਸਾਂਝ ਕੇਂਦਰਾਂ 'ਚ ਪਬਲਿਕ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਵੀ ਜਾਣੂ ਕਰਵਾਉਣ ਤੋਂ ਇਲਾਵਾ ਸਮੂਹ ਹੋਟਲ, ਰੈਸਟੋਰੈਂਟ ਅਤੇ ਢਾਬਿਆਂ ਦੇ ਬਾਹਰ ਪੁਲਿਸ ਹੈਲਪਲਾਈਨ ਨੰਬਰ ਡਿਸਪਲੇਅ ਕਰਨ ਲਈ ਕਿਹਾ ਗਿਆ। ਬਾਲ ਮਜ਼ਦੂਰੀ ਨਾ ਕਰਵਾਉਣ ਤੇ ਉਨਾਂ੍ਹ ਵੱਲੋਂ ਸਮੂਹ ਮੁਲਾਜ਼ਮਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਮੀਟਿੰਗ 'ਚ ਸੀਸੀਟੀਵੀ ਰਾਹੀਂ ਅਪਰਾਧ ਨੂੰ ਰੋਕਣ ਤੇ ਅਪਰਾਧ ਹੋਣ ਉਪਰੰਤ ਕੈਮਰਿਆਂ ਰਾਹੀਂ ਟਰੇਸ ਕਰਨ ਬਾਰੇ ਵੀ ਜਾਣੂ ਕਰਵਾਉਂਦਿਆਂ ਸਾਈਬਰ ਕ੍ਰਾਈਮ ਰਾਹੀਂ ਹੋ ਰਹੇ ਅਪਰਾਧਾਂ ਤੋਂ ਬਚਣ ਲਈ ਕਈ ਅਹਿਮ ਨੁਕਤੇ ਸਾਂਝੇ ਕੀਤੇ ਗਏ। ਮੀਟਿੰਗ 'ਚ ਹਾਜ਼ਰ ਸਮੂਹ ਹੋਟਲ, ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੇ ਅੱਜ ਦੀ ਮੀਟਿੰਗ 'ਚ ਕੀਤੇ ਗਈ ਵਿਚਾਰ ਚਰਚਾ 'ਤੇ ਅਮਲ ਕਰਨ ਤੇ ਕ੍ਰਾਈਮ ਨੂੰ ਰੋਕਣ ਲਈ ਪੁਲਿਸ ਦਾ ਹਰ ਸਹਿਯੋਗ ਕਰਨ ਦਾ ਵਾਅਦਾ ਕੀਤਾ।