ਜਗਰਾਉ 4 ਮਈ (ਅਮਿਤਖੰਨਾ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਆਲ ਇੰਡੀਆ ਕਾਂਗਰਸ ਦੇ ਓਬੀਸੀ ਸੈੱਲ ਪੰਜਾਬ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਵੱਲੋਂ ਕਾਂਗਰਸ ਦੀ ਮਜ਼ਬੂਤੀ ਲਈ ਪੰਜਾਬ ਭਰ ਵਿਚ ਮਿਲ ਕੇ ਮੁਹਿੰਮ ਛੇੜਨ ਦਾ ਫੈਸਲਾ ਕੀਤਾ ਗਿਆ। ਜਗਰਾਓਂ ਵਿਖੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਵੜਿੰਗ ਨਾਲ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਹੋਈਆਂ ਵਿਚਾਰਾਂ ਤੋਂ ਇਲਾਵਾ ਕਾਂਗਰਸ ਨੂੰ ਪੰਜਾਬ ਵਿਚ ਜ਼ੋਰਦਾਰ ਮਜ਼ਬੂਤੀ ਲਈ ਬਣਾਏ ਜਾ ਰਹੇ ਪੋ੍ਗਰਾਮ 'ਤੇ ਚਰਚਾ ਹੋਈ। ਉਨਾਂ੍ਹ ਸਾਫ ਕੀਤਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਵੱਲੋਂ ਹਰ ਵਰਗ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਜਿੱਤਦਿਆਂ ਹੀ ਪੂਰਾ ਕਰਨ ਦੀ ਥਾਂ ਵਲਵਿੰਗ ਪਾ ਕੇ ਲਾਗੂ ਕਰਨ ਦੀ ਗਲਤ ਨੀਤੀ ਦਾਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ 'ਆਪ' ਦੀ ਸੂਬਾ ਸਰਕਾਰ ਨੂੰ ਸੂਬੇ ਦੇ ਲੋਕਾਂ ਨਾਲ ਧੋਖਾ ਨਹੀਂ ਕਰਨ ਦਿੱਤਾ ਜਾਵੇਗਾ। ਅੱਜ ਬਿਜਲੀ ਦੀ ਕਿੱਲਤ ਸਮੇਤ ਪੰਜਾਬ ਭਰ ਵਿਚ ਮੰਗਾਂ ਨੂੰ ਲੈ ਕੇ ਹਰ ਵਰਗ ਵੱਲੋਂ ਧਰਨੇ, ਮੁਜਾਹਰੇ ਕੀਤੇ ਜਾ ਰਹੇ ਹਨ। ਜਦ ਕਿ ਮੁੱਖ ਮੰਤਰੀ ਬਨਣ ਤੋਂ ਪਹਿਲਾਂ ਜਨਤਾ ਦਾ ਸੇਵਕ ਅਖਵਾਉਣ ਵਾਲੇ ਭਗਵੰਤ ਮਾਨ ਦਾਅਵਾ ਕਰਦੇ ਸਨ ਕਿ 'ਆਪ' ਦੀ ਸਰਕਾਰ ਬਣਨ 'ਤੇ ਕੋਈ ਧਰਨਾ, ਪ੍ਰਦਰਸ਼ਨ ਨਹੀਂ ਹੋਵੇਗਾ, ਸਭ ਝੂਠ ਦਾ ਪੁਲੰਦਾ ਸੀ। ਉਨਾਂ੍ਹ ਕਿਹਾ ਕਿ ਪੰਜਾਬ ਕਾਂਗਰਸ, ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਸਰਕਾਰ ਖਿਲਾਫ ਜ਼ੋਰਦਾਰ ਵਿਰੋਧ ਮੁਹਿੰਮ ਸ਼ੁਰੂ ਕਰੇਗੀ ਤਾਂ ਕਿ ਇਸ ਸਰਕਾਰ ਨੂੰ ਪਤਾ ਲੱਗ ਸਕੇ ਕਿ ਝੂਠੇ ਵਾਅਦੇ ਅਤੇ ਲਾਅਰੇ ਲਾ ਕੇ ਸੱਤਾ ਹਥਿਆਉਣ ਵਾਲਿਆਂ ਨੂੰ ਜਨਤਾ ਸਬਕ ਸਿਖਾਉਣਾ ਵੀ ਜਾਣਦੀ ਹੈ। ਉਨਾਂ੍ਹ ਦੱਸਿਆ ਕਿ ਓਬੀਸੀ ਸੈੱਲ ਵੱਲੋਂ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਸੱਦੀ ਜਾਵੇਗੀ, ਜਿਸ ਵਿਚ ਪ੍ਰਧਾਨ ਰਾਜਾ ਵੜਿੰਗ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਸ਼ਿਰਕਤ ਕਰੇਗੀ।