You are here

7ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਬਜ਼ੁਰਗ ਮਾਤਾ

ਥਾਣੇ ਮੂਹਰੇ ਧਰਨੇ ਦਾ 14ਵਾਂ ਦਿਨ 

 

ਮਾਮਲਾ ਮੁਕੱਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾਂ ਕਰਨ ਦਾ

 

ਹੁਣ ਮਾਤਾ ਲਿਖੇਗੀ 'ਮੁੱਖ ਮੰਤਰੀ ਭਗਵੰਤ ਮਾਨ'  ਨੂੰ ਖੂਨ ਨਾਲ ਚਿੱਠੀ !

 

ਜਗਰਾਉਂ 5 ਅਪ੍ਰੈਲ ( ਮਨਜਿੰਦਰ ਗਿੱਲ /ਗੁਰਕੀਰਤ ਜਗਰਾਉ ) ਸਥਾਨਕ ਪੁਲਿਸ ਦੇ ਤਸ਼ੱਦਦ ਕਾਰਨ ਮੌਤ ਦੇ ਮੂੰਹ ਜਾ ਪਈ ਨੇੜਲੇ ਪਿੰਡ ਰਸੂਲਪੁਰ ਦੀ ਗਰੀਬ ਧੀ ਕੁਲਵੰਤ ਕੌਰ ਨੂੰ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਸਿਟੀ ਥਾਣੇ ਮੂਹਰੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ, ਜਿਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕੰਢਾ ਸਿੰਘ ਕਾਉੰਕੇ ਤੇ ਜਗਸੀਰ ਸਿੰਘ ਲੀਲ਼ਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ  ਹਾਜ਼ਰ ਰਹੇ, ਉਥੇ ਜੱਥੇਦਾਰ ਹਰੀ ਸਿਵੀਆਂ ਅੈਨ.ਆਰ.ਅਾਈ., ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਨਿਰਮਲ ਸਿੰਘ ਧਾਲੀਵਾਲ ਕਿਸਾਨ ਸਭਾ, ਲੋਕ ਗਾਇਕ ਰਾਮ ਸਿੰਘ ਹਠੂਰ, ਰਾਮਤੀਰਥ ਸਿੰਘ ਲੀਲਾਂ, ਠੇਕੇਦਾਰ ਅਵਤਾਰ ਸਿੰਘ ਵੀ ਹਾਜ਼ਰ ਰਹੇ। ਇਸ ਸਮੇਂ ਭੁੱਖ ਹੜਤਾਲ ਤੇ ਬੈਠੀ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਉਹ 30 ਮਾਰਚ ਤੋਂ ਭੁੱਖ ਹੜਤਾਲ 'ਤੇ ਬੈਠੀ ਹੈ ਭਾਵੇਂ ਕਿ ਉਸ ਦੀ ਸਿਹਤ ਵਿਗੜ ਰਹੀ ਹੈ, ਫਿਰ ਵੀ ਉਸ ਦਾ ਹੌਸਲਾ ਬੁਲ਼ੰਦ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ  ਬੈਠੀ ਰਹੇਗੀ। ਮਾਤਾ ਨੇ ਅੱਗੇ ਕਿਹਾ ਕਿ 7 ਅਪ੍ਰੈਲ ਨੂੰ 12 ਵਜੇ ਉਸ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਖੂਨ ਨਾਲ ਚਿੱਠੀ ਲਿਖ ਇਨਸਾਫ਼ ਮੰਗਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2005 ਵਿਚ ਹੀ ਮਾਤਾ ਸੁਰਿੰਦਰ ਕੌਰ ਅਤੇ ਉਸ ਦੀ ਮ੍ਰਿਤਕ ਧੀ ਕੁਲਵੰਤ ਕੌਰ ਨੂੰ ਡੀਅੈਸਪੀ ਗੁਰਿੰਦਰ ਬੱਲ  ਅਤੇ ਅੈਸਆਈ ਰਾਜਵੀਰ ਸਿੰਘ ਵਲੋਂ ਅੱਧੀ ਰਾਤ ਘਰੋਂ ਚੁੱਕ ਕੇ ਨਾਂ ਸਿਰਫ਼ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਸਗੋਂ ਮਾਵਾਂ-ਧੀਆਂ ਨੂੰ ਥਾਣੇ ਵਿੱਚ ਕਰੰਟ ਲਗਾ ਕੇ ਅਣਮਨੁੱਖੀ ਤਸੀਹੇ ਵੀ ਦਿੱਤੇ ਸਨ  ਜਿਸ ਕਾਰਨ ਕੁਲਵੰਤ ਕੌਰ 15 ਸਾਲ ਨਾਕਾਰਾ ਹੋ ਕੇ ਮੰਜ਼ੇ ਪਈ ਰਹੀ ਅੰਤ 10ਦਸੰਬਰ ਨੂੰ ਰੱਬ ਨੂੰ ਪਿਆਰੀ ਹੋ ਗਈ ਅਤੇ ਮੌਤ ਤੋਂ ਦੋਸ਼ੀਆਂ ਖਿਲਾਫ਼ ਮੁਕੱਦਮਾ ਤਾਂ ਦਰਕ ਕਰ ਲਿਆ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਧਾਲੀਵਾਲ ਨੇ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਅਤੇ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ, ਅੱਤਿਆਚਾਰ ਕਰਨ ਸਬੰਧੀ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ ਤੇ ਅੈਸਆਈ ਰਾਜਵੀਰ ਅਤੇ ਝੂਠੇ ਗਵਾਹ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਇਹ ਕਿਹਾ ਕਿ ਜੇਕਰ ਮਾਤਾ ਦਾ ਕੋਈ ਜਾਨੀ ਨੁਕਸਾਨ ਹੋਈਆ ਤਾਂ ਇਸ ਸਰਕਾਰ ਤੇ ਪ੍ਰਸਾਸ਼ਨ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੋਣਗੇ।