ਕਿਹਾ ! ਇਹ ਸੇਵਾ ਬਾਬਾ ਮਨਜੀਤ ਸਿੰਘ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਹੈ
ਲੁਧਿਆਣਾ 05 ਅਪ੍ਰੈਲ (ਰਣਜੀਤ ਸਿੱਧਵਾਂ) : ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੇਬਰ ਸਕੂਲ, ਡੇਅਰੀ ਕੰਪਲੈਕਸ, ਨੇੜੇ ਤਹਿਸੀਲ ਦਫ਼ਤਰ, ਹੰਬੜਾਂ ਰੋਡ, ਲੁਧਿਆਣਾ ਵਿਖੇ ਲੰਗਰ ਦੀ ਸੇਵਾ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸੇਵਾ ਬਾਬਾ ਮਨਜੀਤ ਸਿੰਘ ਜੀ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਤਨ-ਮਨ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਐਡਵੋਕੇਟ ਹਰੀ ਓਮ ਜਿੰਦਲ, ਬੂਟਾ ਸਿੰਘ, ਸ੍ਰੀ ਮੱਖਣ ਸਿੰਘ ਯੂ.ਐੱਸ.ਏ., ਪ੍ਰਦੀਪ ਕਪੂਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਲੇਬਰ ਸਕੂਲ ਵਿੱਚ ਬੱਚਿਆਂ ਨੂੰ ਸਵੇਰ ਦਾ ਨਾਸ਼ਤਾ, ਦੁਪਿਹਰ ਦਾ ਖਾਣਾ ਮੁਫ਼ਤ, ਸਾਫ਼ ਸੁਥਰਾ ਅਤੇ ਤਾਜ਼ਾ ਦਿੱਤਾ ਜਾਵੇਗਾ।
ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਬਾਬਾ ਮਨਜੀਤ ਸਿੰਘ ਜੀ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਲੰਗਰ ਦੀ ਸੇਵਾ ਸ਼ੁਰੂ ਕਰਨ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸਿਵਲ ਹਸਪਤਾਲ 'ਚ ਦਾਖਲ ਮਰੀਜ਼ਾਂ ਦੇ ਨਾਲ ਲੋੜਵੰਦ ਵਿਅਕਤੀਆਂ ਨੂੰ ਆਪਣੇ ਹੱਥੀ ਪ੍ਰਸ਼ਾਦਾ ਵਰਤਾਇਆ ਗਿਆ। ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸੰਸਥਾ ਜਿਹੜੀ ਕਿ ਪੂਰੇ ਪੰਜਾਬ ਵਿੱਚ ਇਹ ਸੇਵਾ ਨਿਭਾਅ ਰਹੀ ਸੀ ਜਿਹੜੀ ਕਿ ਹੁਣ ਲੁਧਿਆਣਾ ਵਿੱਚ ਵੀ ਆਪਣੀ ਸੇਵਾ ਨਿਭਾਵੇਗੀ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਪੂਰੇ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਲੰਗਰ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲੰਗਰ ਸੇਵਾ ਨਾਲ ਸਿਵਲ ਹਸਪਤਾਲ ਲੁਧਿਆਣਾ ਦੇ ਮਰੀਜ਼ਾਂ ਨੂੰ ਬਹੁਤ ਸਹਾਇਤਾ ਮਿਲੇਗੀ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ, ਪੁਰ-ਹੀਰਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਹ ਫਰਵਰੀ -2019 ਨੂੰ ਵਿਚ ਇਹ ਲੰਗਰ ਸੇਵਾ ਆਰੰਭ ਹੋਈ, ਜਿਸ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਨ ਲਈ ਅਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਲੰਗਰ ਸਥਾਨ ਵਿੱਚ ਸਵੱਛਤਾ ਦਾ ਪੂਰਨ ਧਿਆਨ ਰੱਖਦੇ ਹੋਏ ਸੰਗਤਾਂ ਲਈ ਸਵੇਰ ਦਾ ਨਾਸਤਾ, ਦੁਪਿਹਰ ਅਤੇ ਰਾਤ ਲਈ ਲੰਗਰ ਪ੍ਰਸਾਦਾ ਤਿਆਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਮਾਹ ਫਰਵਰੀ -2019 ਤੇ ਸਿਵਲ ਹਸਪਤਾਲ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਜਵਾਲ ( ਜਿਲ੍ਹਾ ਹੁਸ਼ਿਆਰਪੁਰ ) ਵਿਖੇ ਲੋੜਵੰਦ ਸੰਗਤਾਂ ਨੂੰ ਵੀ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਸੀ। ਇਸ ਲੰਗਰ ਸੇਵਾ ਵੱਲੋਂ ਫਰਵਰੀ 2019 ਤੋਂ ਲੈ ਕੇ ਮਾਝਾ ਤੇ ਦੁਆਬਾ ਵਿਖੇ ਪੌਦੇ ਸਮੂਹ ਸਿਵਲ ਹਸਪਤਾਲਾਂ ਬਟਾਲਾ, ਗੁਰਦਾਸਪੁਰ, ਮੁਕੇਰੀਆ, ਭੂੰਗਾ, ਗੜਦੀਵਾਲ, ਨਕੋਦਰ, ਫਿਲੌਰ, ਫਗਵਾੜਾ, ਕਪੂਰਥਲਾ, ਜਲੰਧਰ, ਗੜ੍ਹਸ਼ੰਕਰ, ਰੋਪੜ, ਸ੍ਰੀ ਅਨੰਦਪੁਰ ਸਾਹਿਬ, ਪਟਿਆਲਾ, ਖੰਨਾ ਅਤੇ ਅੰਮ੍ਰਿਤਸਰ ਵਿਖੇ ਵੀ ਲੰਗਰ ਸੇਵਾਵਾਂ ਚੱਲ ਰਹੀਆਂ ਹਨ। ਰੋਜਾਨਾ ਤਕਰੀਬਨ 82000 ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਲੰਗਰ ਸਥਾਨ ਵਿਖੇ ਵੀ ਰੋਜਾਨਾ ਕਰੀਬ 700 ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਲਵਾ ਏਰੀਆ ਵਿੱਚ ਸ੍ਰੀ ਮੁਕਤਸਰ ਸਾਹਿਬ ( ਮਧੀਰ ) ਵਿਖੇ ਨਵਾਂ ਲੰਗਰ ਹਾਲ ਤਿਆਰ ਕਰਕੇ ਇਸ ਲੰਗਰ ਸੇਵਾ ਸਥਾਨ ਤੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਫਾਜਿਲਕਾ, ਮਾਨਸਾ, ਅਬੋਹਰ, ਫਿਰੋਜਪੁਰ, ਜੀਰਾ, ਫਰੀਦਕੋਟ, ਮੋਗਾ, ਬਠਿੰਡਾ, ਸੰਗਰੂਰ ਅਤੇ ਬਰਨਾਲਾ ਵਿੱਚ ਵੀ ਲੰਗਰ ਸੇਵਾਵਾਂ ਚੱਲ ਰਹੀਆਂ ਹਨ। ਮਾਹ ਨਵੰਬਰ 2020 ਤੋਂ ਇਸ ਲੰਗਰ ਸੇਵਾ ਸਥਾਨ ਵੱਲੋਂ ਮੋਬਾਈਲ ਗੱਡੀਆਂ ਰਾਹੀਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਵਿਖੇ ਲੰਗਰ ਸੇਵਾ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਗੱਡੀਆਂ ਰਾਹੀਂ ਰੋਜਾਨਾ ਕਰੀਬ 25000 ਸੰਗਤਾਂ ਨੂੰ ਚੱਲ ਫਿਰ ਕੇ ਵੱਖ-ਵੱਖ ਜਗ੍ਹਾ 'ਤੇ ਲੰਗਰ ਛਕਾਇਆ ਜਾ ਰਿਹਾ ਹੈ। ਮਾਰਚ 2020 ਵਿਚ ਕਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਦੌਰਾਨ ਰਾਜ ਸਰਕਾਰ ਵੱਲੋਂ ਅਹਿਤਿਆਤ ਵਜੋਂ ਲਗਾਏ ਗਏ ਕਰਫਿਊ ਕਾਰਨ ਆਮ ਜਨਤਾ ਨੂੰ ਰੋਟੀ ਦਾ ਪ੍ਰਬੰਧ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਉਸ ਸਮੇਂ ਇਸ ਲੰਗਰ ਸੇਵਾ ਸਥਾਨ ਵੱਲੋਂ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਦਾ ਧਿਆਨ ਰੱਖਦੇ ਹੋਏ, ਰੋਜਾਨਾ ਕਰੀਬ 1,80,000 (ਇਕ ਲੱਖ, ਅੱਸੀ ਹਜਾਰ), ਸੰਗਤਾਂ ਲਈ ਲੰਗਰ ਤਿਆਰ ਕਰਕੇ ਲੋੜਵੰਦ ਜਗ੍ਹਾਵਾਂ 'ਤੇ ਲੰਗਰ ਪਹੁੰਚਾਉਣ ਲਈ ਆਪਣੀਆਂ 30 ਗੱਡੀਆਂ ਦਾ ਪ੍ਰਬੰਧ ਕਰਕੇ ਰੋਜਾਨਾ ਕਰੀਬ 11-12 ਲੱਖ ਰੁਪਏ ਦੇ ਖਰਚੇ ਨਾਲ ਸੰਗਤਾਂ ਨੂੰ ਵੀ ਲੰਗਰ ਛਕਾਇਆ ਜਾਂਦਾ ਰਿਹਾ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਇਸਦੇ ਆਸ - ਪਾਸ ਦੇ ਇਲਾਕੇ ਅਧੀਨ ਆਉਂਦੇ ਲੋੜਵੰਦ ਪਰਿਵਾਰਾਂ ਅਤੇ ਝੁੱਗੀ ਝੌਪੜੀ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਲੰਗਰ ਪ੍ਰਸ਼ਾਦਾ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਸੰਸਥਾ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਗਰ ਸੇਵਾ ਲਈ ਮੋਬਾਈਲ ਨੰ: 98552-53030 , 99143- 35125 'ਤੇ ਸੰਪਰਕ ਕੀਤਾ ਜਾ ਸਕਦਾ ਹੈ।