ਜਗਰਾਉਂ, 18 ਮਾਰਚ (ਗੁਰਕੀਰਤ ਜਗਰਾਉਂ) ਪਿੰਡ ਰੂਮੀ ਦੀ ਵੈਲਫੇਅਰ ਸੁਸਾਇਟੀ, ਪ੍ਰਵਾਸੀ ਵੀਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਇਕਾਈ ਵਲੋਂ ਸਾਂਝੇ ਤੌਰ ਤੇ ਪਿੰਡ ਚ ਇਕ ਵਿਲੱਖਣ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ।ਪਿੰਡ ਇਕਾਈ ਦੇ ਪ੍ਰਧਾਨ ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮਹਿਲਕਲਾਂ ਕਿਰਨਜੀਤ ਕੋਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਸੱਦਿਆ ਗਿਆ ਸੀ। ਇਸ ਸਮੇਂ ਸਿਰਫ ਸ੍ਰੀ ਧਨੇਰ ਦਾ ਭਾਸ਼ਣ ਸੁਨਣ ਦਾ ਹੀ ਫੈਸਲਾ ਕੀਤਾ ਗਿਆ ਸੀ। ਇਸ ਸਮੇਂ ਮੁੱਖ ਬੁਲਾਰੇ ਵਜੋਂ ਬੋਲਦਿਆਂ ਉਨਾਂ ਅਪਣੇ ਜੀਵਨ ਸੰਘਰਸ਼, ਮਿਸ਼ਨ, ਕਿਰਨਜੀਤ ਕੋਰ ਕਤਲ ਕਾਂਡ ਚ ਨਿਭਾਈ ਉਨਾਂ ਦੀ ਭੂਮਿਕਾ, ਕਾਤਲ ਧਿਰ ਵਲੋਂ ਝੂਠੇ ਕਤਲ ਕੇਸ ਚ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਰਵਾਈ ਉਮਰ ਕੈਦ ਸਜਾ, ਸਜਾ ਖਿਲਾਫ ਦੋ ਵੇਰ ਚੱਲੇ ਲੋਕ ਸੰਘਰਸ਼ ਦੀ ਗਾਥਾ ਸੁਣਾਈ । ਉਨਾਂ ਵਲੋ ਦੱਸਿਆ ਗਿਆ ਕਿ ਉਨਾਂ ਦੀ ਜਥੇਬੰਦੀ ਨੇ ਦਿੱਲੀ ਅਤੇ ਪੰਜਾਬ ਦੇ ਕਿਸਾਨ ਅੰਦੋਲਨ ਚ ਜੋ ਭੂਮਿਕਾ ਨਿਭਾਈ ਦਾ ਹੀ ਸਿੱਟਾ ਸੀ ਕਿ ਕਾਲੇ ਤਿੰਨ ਕਨੂੰਨ ਰੱਦ ਕਰਵਾਏ ਜਾ ਸਕੇ। ਉਨਾਂ ਦਸਿਆ ਕਿ ਉਨਾਂ ਦੀ ਜਥੇਬੰਦੀ ਕਿਸਾਨ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਚ ਹਿੱਸਾ ਲੈਣ ਦੇ ਸਖਤ ਖਿਲਾਫ ਸੀ ਤੇ ਉਨਾਂ ਰਾਜੇਵਾਲ ਹੋਰਾਂ ਨੂੰ ਮਨਾਂ ਵੀ ਕੀਤਾ ਸੀ। ਉਨਾਂ ਦੁਖ ਪ੍ਰਗਟ ਕੀਤਾ ਕਿ ਇਨਾਂ ਚੋਣਾਂ ਚ ਹਿੱਸਾ ਲੈਣ ਜਾਂ ਨਾ ਲੈਣ ਦੇ ਕਾਰਣ ਮੋਰਚੇ ਦੀਆਂ ਦੋ ਧਿਰਾਂ ਬਣ ਗਈਆਂ ਹਨ ਪਰ ਉਨਾਂ ਦੀ ਤੇ ਕਿਰਤੀ ਕਿਸਾਨ ਯੂਨੀਅਨ ਦੀ ਜੋਰਦਾਰ ਕੋਸ਼ਿਸ਼ ਹੈ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵਾਲਾ ਜਾਨਦਾਰ ਰੂਪ ਅਖਤਿਆਰ ਕਰੇ ਅਤੇ ਲਟਕ ਰਹੀਆਂ ਮੰਗਾਂ ਲਈ ਮੁੜ ਕਿਸਾਨ ਅੰਦੋਲਨ ਦੀ ਵਾਗਡੋਰ ਸੰਭਾਲੇ।ਉਨਾਂ ਕਿਹਾ ਕਿ ਭਾਵੇਂ ਕਿਸਾਨ ਅੰਦੋਲਨ ਦੀ ਅਕਾਲੀਆਂ ਕਾਂਗਰਸੀਆਂ ਖਿਲਾਫ ਫੈਲਾਈ ਚੇਤਨਤਾ ਅਤੇ ਲੋਕ ਵਿਰੋਧੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਪ੍ਰਤੀ ਬਦਜਨੀ ਆਮ ਆਦਮੀ ਪਾਰਟੀ ਦੀ ਜਿੱਤ ਦਾ ਕਾਰਣ ਬਣੀ ਹੈ ਪਰ ਜੇਕਰ ਇਸ ਪਾਰਟੀ ਦੇ ਰਾਜ ਭਾਗ ਨੇ ਵੀ ਕਿਸਾਨੀ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਉਨਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਨਾਂ ਸਮੂਹ ਲੋਕਾਂ ਨੂੰ ਪਿੰਡਾਂ ਚ ਜਥੇਬੰਦੀ ਮਜਬੂਤ ਕਰਨ, ਔਰਤ ਮਰਦ ਕਿਸਾਨਾਂ ਨੂੰ ਘਰੋ ਘਰੀ ਜਾ ਕੇ ਮੈਂਬਰ ਬਨਾਉਣ ਦਾ ਸੱਦਾ ਦਿੱਤਾ। ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਤੇਈ ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਤੇ ਲੁਧਿਆਣਾ ਜਿਲੇ ਦੇ ਬਲਾਕ ਸਿੱਧਵਾਂਬੇਟ ਅਤੇ ਰਾਏਕੋਟ ਬਲਾਕ ਦੇ ਚਾਰ ਪਿੰਡ ਹੂਸੈਨੀਵਾਲਾ ਸੂਬਾਈ ਸ਼ਹੀਦੀ ਸਮਾਗਮ ਤੇ ਪੰਹੁਚਣ ਗੇ ਅਤੇ ਬਾਕੀ ਹੰਬੜਾਂ, ਸੁਧਾਰ, ਜਗਰਾਂਓ ਅਤੇ ਰਾਏਕੋਟ ਬਲਾਕ ਦੇ ਬਾਕੀ ਪਿੰਡ ਤੇਈ ਮਾਰਚ ਰੇਲਵੇ ਸਟੇਸ਼ਨ ਜਗਰਾਂਓ ਵਿਖੇ ਸਵੇਰੇ 10 ਵਜੇ ਇਕੱਤਰ ਹੋ ਕੇ ਪਹਿਲਾਂ ਸ਼ਹਿਰ ਚ ਸ਼ਰਧਾਂਜਲੀ ਮਾਰਚ ਕਰਨਗੇ, ਉਪਰੰਤ ਪਿੰਡ ਸੋਢੀਵਾਲ ਵਿਖੇ ਗੁਰਦਆਰਾ ਬਾਉਲੀ ਸਾਹਿਬ ਵਿਖੇ ਕਿਸਾਨ ਸ਼ਹੀਦ ਬਲਕਰਨ ਸਿੰਘ ਲੋਧੀਵਾਲ ਦੇ ਬਰਸੀ ਸਮਾਗਮ ਚ ਸ਼ਿਰਕਤ ਕਰਨਗੇ।ਇਸ ਸਮੇਂ ਕਲੱਬ ਵਲੋਂ ਮਨਜੀਤ ਧਨੇਰ ਹੋਰਾਂ ਦੇ ਨਾਲ ਨਾਲ ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਦੇਵਿੰਦਰ ਸਿੰਘ ਕਾਉਂਕੇ ਦਾ ਵੀ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ।