ਕੈਥਲ , ਜੁਲਾਈ 2020-(ਏਜੰਸੀ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੀਆਂ 13 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਝੀਂਡਾ ਧੜੇ ਨੇ ਪ੍ਰਧਾਨ ਦੇ ਅਹੁਦੇ ਲਈ ਜਸਬੀਰ ਸਿੰਘ ਖ਼ਾਲਸਾ ਨੂੰ ਉਮੀਦਵਾਰ ਬਣਾਇਆ ਹੈ। ਅੰਬਾਲਾ ਰੋਡ 'ਤੇ ਹੋਈ ਮੀਟਿੰਗ 'ਚ ਕਮੇਟੀ ਦੇ 36 ਮੈਂਬਰਾਂ 'ਚੋਂ 20 ਮੈਂਬਰਾਂ ਨੇ ਹਿੱਸਾ ਲਿਆ। ਤਿੰਨ ਤੋਂ ਚਾਰ ਹੋਰ ਮੈਂਬਰਾਂ ਦੀ ਵੀ ਹਮਾਇਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਾਲ ਫਰਵਰੀ ਮਹੀਨੇ 'ਚ ਸਿਹਤ ਕਾਰਨਾਂ ਕਰ ਕੇ ਜਗਦੀਸ਼ ਸਿੰਘ ਝੀਂਡਾ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਹੁਦਾ ਖ਼ਾਲੀ ਸੀ। 13 ਜੁਲਾਈ ਨੂੰ ਕਮੇਟੀ ਦੇ ਕੁਝ ਮੈਂਬਰਾਂ ਨੇ ਕਮੇਟੀ ਦੇ ਸੂਬਾਈ ਦਫ਼ਤਰ 'ਚ ਬੈਠਕ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਹਾਲਾਂਕਿ ਝੀਂਡਾ ਗਰੁੱਪ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕਰਦਿਆਂ ਧੱਕੇ ਨਾਲ ਕਾਰਜਕਾਰੀ ਪ੍ਰਧਾਨ ਬਣਨ ਦੀ ਗੱਲ ਕਹੀ। ਝੀਂਡਾ ਨੇ ਕਿਹਾ ਕਿ ਕਮੇਟੀ ਦੇ ਨਵੇਂ ਪ੍ਰਧਾਨ ਲਈ ਚੋਣ 13 ਅਗਸਤ ਨੂੰ ਹੋਣੀ ਹੈ ਤੇ ਚੋਣਾਂ ਹਰ ਹਾਲ 'ਚ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਸੋਚ ਜਬਰਦਸਤੀ ਕਮੇਟੀ 'ਤੇ ਕਬਜ਼ਾ ਕਰਨ ਦੀ ਹੈ। ਅਜਿਹੇ ਲੋਕ ਤਾਨਾਸ਼ਾਹੀ ਕਰਨਗੇ, ਜੋ ਉਹ ਹੋਣ ਨਹੀਂ ਦੇਣਗੇ।