ਆਮ ਲੋਕਾਂ ਨੂੰ ਸਿੱਧੇ ਮਿਲਣ ਵਿਧਾਇਕ,ਲੋਕ ਰੱਖਦੇ ਨੇ ਉਮੀਦ
ਮਹਿਲ ਕਲਾਂ/ਬਰਨਾਲਾ-15 ਮਾਰਚ (ਗੁਰਸੇਵਕ ਸਿੰਘ ਸੋਹੀ )- ਪੰਜਾਬ ਅੰਦਰ ਆਉਂਦੇ ਦਿਨਾਂ ਚ ਰਾਜਸੱਤਾ ਪੂਰੀ ਤਰ੍ਹਾਂ ਬਦਲ ਜਾਵੇਗੀ, ਕਿਉਂਕਿ 16 ਮਾਰਚ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨਵੇ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਆਮ ਆਦਮੀ ਪਾਰਟੀ ਅਤੇ ਸਮੁੱਚੇ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕਲ ਕਲਾਂ ਵਿਖੇ ਹੋਣ ਵਾਲੇ ਇਸ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। 74 ਸਾਲਾਂ ਤੋਂ ਪੰਜਾਬ ਚ ਬਣਦੀਆਂ ਸਰਕਾਰਾਂ ਚ ਇੱਕ ਗੱਲ ਖ਼ਾਸ ਰਹੀ ਹੈ,ਹੈ ਕਿ ਸਰਕਾਰ ਬਦਲਦਿਆਂ ਹੀ ਚੰਡੀਗੜ੍ਹ ਤੋਂ ਕੰਮ ਕਰਵਾਉਣ ਦੇ ਨਾਂ ਤੇ ਚੱਕਰਵਿਊ ਸ਼ੁਰੂ ਹੋ ਜਾਂਦਾ ਹੈ। ਸਥਾਨਕ ਹਲਕਿਆਂ ਦੇ ਆਗੂਆਂ ਨੂੰ ਅਕਸਰ ਲੋਕਾਂ ਨੂੰ ਕੰਮ ਕਰਵਾਉਣ ਲਈ ਚੰਡੀਗਡ਼੍ਹ ਵਿੱਚ ਦੇਖਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਚ ਪੰਜਾਬ ਦੇ ਵੱਡੇ ਲੀਡਰਾਂ ਨਾਲ ਤਸਵੀਰਾਂ ਖਿੱਚਵਾ ਕੇ ਲੋਕਾਂ ਨੂੰ ਕੰਮਕਾਰ ਲਈ ਪ੍ਰੇਰਿਤ ਕਰਨ ਵਾਲੇ ਲੀਡਰਾਂ ਦੀ ਭਰਮਾਰ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਉਂਦੇ ਦਿਨਾਂ ਵਿੱਚ ਰਾਜ ਭਾਗ ਸੰਭਾਲ ਲਿਆ ਜਾਵੇਗਾ। ਅਜੇ ਤਕ ਜਿੱਥੇ ਪੰਜਾਬ ਵਿੱਚ ਕੈਬਨਿਟ ਮੰਤਰੀ ਤਕ ਨਹੀਂ ਬਣੇ, ਉੱਥੇ ਕੰਮਕਾਰ ਦੇ ਨਾਮ ਤੇ ਲੋਕਾਂ ਨੂੰ ਅਪੀਲਾਂ ਕਰਨ ਵਾਲੇ ਆਗੂ ਪੈਦਾ ਹੋਣੇ ਸ਼ੁਰੂ ਹੋ ਗਏ । ਹਲਕਿਆਂ ਚ ਆਮ ਆਦਮੀ ਦੇ ਵਿਧਾਇਕਾ ਨਾਲ ਥੋੜ੍ਹੀ ਬਹੁਤੀ ਨੇੜਤਾ ਰੱਖਣ ਵਾਲੇ ਪਿੰਡਾਂ ਦੇ ਲੋਕਲ ਆਗੂ ਲੋਕਾਂ ਨੂੰ ਹਰ ਤਰ੍ਹਾਂ ਦਾ ਕੰਮ ਕਰਵਾਉਣ ਲਈ ਕਹਿ ਰਹੇ ਹਨ। ਭਾਵੇਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਨ ਦੀਆਂ ਹਦਾਇਤਾਂ ਕਰ ਚੁੱਕੇ ਹਨ, ਪਰ ਲੋਕਾਂ ਦੇ ਕੰਮ ਕਰਵਾਉਣ ਦੇ ਨਾਂ ਉੱਤੇ ਲੀਡਰੀ ਪੈਦਾ ਕਰਨ ਵਾਲੇ ਲੋਕ ਵੀ ਪੈਦਾ ਹੋ ਗਏ। ਭਾਵੇਂਕਿ ਉਨ੍ਹਾਂ ਵੱਲੋਂ ਸਿਰਫ਼ ਸਹੀ ਕੰਮ ਕਰਵਾਉਣ ਲਈ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ, ਪਰ ਸਿਆਸੀ ਇਤਿਹਾਸ ਗਵਾਹ ਹੈ ਕਿ ਸਮਾਂ ਪਾ ਕੇ ਲੋਕਾਂ ਦੇ ਕੰਮ ਕਰਾਉਣ ਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਆਮ ਹੋ ਜਾਂਦਾ ਹੈ। ਆਮ ਘਰਾਂ ਚੋਂ ਆਏ ਅਤੇ ਪੜ੍ਹੇ ਲਿਖੇ ਨਵੇਂ ਵਿਧਾਇਕਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਆਪਣੇ ਕੰਮਕਾਰ ਕਰਾਉਣ ਲਈ ਪੋਸਟਾਂ ਪਾਉਣ ਵਾਲੇ ਲੋਕਾਂ ਨੂੰ ਵੀ ਪਿੰਡਾਂ ਦੇ ਭੋਲੇ ਭਾਲੇ ਆਮ ਲੋਕਾਂ ਦੇ ਕੰਮਕਾਰ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਲੋੜ ਹੈ ਤਾਂ ਜੋ ਅਕਾਲੀਆਂ ਕਾਂਗਰਸੀਆਂ ਦੇ ਭ੍ਰਿਸ਼ਟ ਸਿਸਟਮ ਤੋਂ ਅੱਕੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਆਉਂਦੇ ਦਿਨਾਂ ਵਿੱਚ ਲੋਕ ਆਮ ਆਦਮੀ ਪਾਰਟੀ ਤੋਂ ਉਮੀਦ ਕਰਦੇ ਹਨ ਕਿ ਆਮ ਘਰਾਂ ਚੋਂ ਆਏ ਵਿਧਾਇਕ ਸਿੱਧੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੇ ਕੰਮ ਕਰਾਉਣ ਤਾਂ ਜੋ ਪੰਜਾਬ ਦੇ ਭ੍ਰਿਸ਼ਟ ਤੇ ਗੰਧਲੇ ਸਿਸਟਮ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ।