You are here

ਯੂਕਰੇਨ ਅੰਦਰ ਸਾਮਰਾਜੀ ਦੇਸ਼ਾਂ ਦੀ ਦਖਲਅੰਦਾਜ਼ੀ ਦਾ ਵਿਰੋਧ ਕਰੋ..ਇਨਕਲਾਬੀ ਕੇਂਦਰ,ਪੰਜਾਬ

 ਮਹਿਲਕਲਾਂ/ਬਰਨਾਲਾ- 23 ਫਰਵਰੀ (ਗੁਰਸੇਵਕ ਸੋਹੀ ) - ਰੂਸ ਵੱਲੋਂ ਯੂਕਰੇਨ ਦੇ ਵੱਖਵਾਦੀ ਕਹੇ ਜਾਂਦੇ ਇਲਾਕਿਆਂ (ਡੋਨੇਤਸਕ ਅਤੇ ਲੁਹਾਂਸਕ) ਨੂੰ ਇੱਕਤਰਫਾ ਮਾਨਤਾ ਦੇਣ ਨਾਲ ਸਾਮਰਾਜੀ ਖਹਿਭੇੜ ਹੋਰ ਤਿੱਖਾ ਹੋਣ ਨਾਲ ਯੂਕਰੇਨ ਦਾ ਸੰਕਟ ਹੋਰ ਗਹਿਰਾ ਹੋ ਗਿਆ ਹੈ । ਰੂਸ ਇਸ ਨੂੰ 'ਅਮਨ ਬਹਾਲੀ' ਦੇ ਨਾਂ ਹੇਠ ਜਾਇਜ਼ ਠਹਿਰਾ ਰਿਹਾ ਹੈ ਅਤੇ ਦੂਜੇ ਪਾਸੇ ਅਮਰੀਕਾ ਇਸ ਨੂੰ ਯੂਕਰੇਨ 'ਤੇ ਹਮਲਾ ਗਰਦਾਨ ਕੇ ਇਸ ਦਾ ਵਿਰੋਧ ਕਰ ਰਿਹਾ ਹੈ । ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸਲ ਵਿੱਚ ਇੱਕ ਪਾਸੇ ਰੂਸ ਵੱਲੋਂ ਯੂਕਰੇਨ ਦੇ ਇਲਾਕਿਆਂ ਨੂੰ ਮਾਨਤਾ ਦੇ ਕੇ ਯੂਕਰੇਨ ਦੀ ਪ੍ਰਭੂਸੱਤਾ ਉੱਤੇ ਹਮਲਾ ਹੈ। ਦੂਜੇ ਪਾਸੇ ਅਮਰੀਕਨ ਅਤੇ ਪੱਛਮੀ ਸਾਮਰਾਜੀ ਦੇਸ਼ਾਂ ਵੱਲੋ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਿਲ ਕਰਕੇ ਰੂਸ ਦੀ ਘੇਰਾਬੰਦੀ ਕਰਨ ਦੇ ਅਮਲ ਨੂੰ ਤੇਜ ਕਰਨਾ ਹੈ। ਇਨਕਲਾਬੀ ਕੇਂਦਰ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੁਨੀਆਂ ਅੰਦਰ ਸਾਮਰਾਜੀ ਪ੍ਰਬੰਧ ਦਾ ਆਰਥਿਕ ਸੰਕਟ ਵਧ ਰਿਹਾ ਹੈ ਅਤੇ ਸਾਮਰਾਜੀ ਦੇਸ਼ਾਂ ਵਿਚਕਾਰ ਆਪਣੇ ਮਾਲ ਵੇਚਣ ਲਈ ਦੁਨੀਆਂ ਅੰਦਰ ਆਪਣੇ ਪ੍ਰਭਾਵ ਖੇਤਰ ਵਧਾਉਣ ਲਈ ਮੁਕਾਬਲੇਬਾਜ਼ੀ ਤੇਜ਼ ਹੋ ਗਈ ਹੈ । 
ਯੂਕਰੇਨ ਯੁੱਧ ਦਾ ਪ੍ਰਭਾਵ ਸਾਰੇ ਵਿਸ਼ਵ ਅੰਦਰ ਪੈਣਾ ਅਤੇ ਇਸ ਯੁੱਧ ਦਾ ਸਭ ਤੋਂ ਵੱਧ ਖਮਿਆਜ਼ਾ ਯੂਕਰੇਨ ਦੇ ਲੋਕਾਂ ਨੂੰ ਭੁਗਤਣਾ ਪੈਣਾ ਹੈ । ਇਸ ਕਰਕੇ ਯੂਕਰੇਨ ਦੇ ਲੋਕਾਂ ਨੂੰ ਸਾਮਰਾਜ ਦੇ ਕਿਸੇ ਵੀ ਧੜੇ ਦੇ ਹੱਕ ਵਿੱਚ ਨਹੀਂ ਖੜਨਾ ਚਾਹੀਦਾ ਅਤੇ ਉਨ੍ਹਾਂ ਨੂੰ ਸਾਮਰਾਜੀ ਅਤੇ ਪੂੰਜੀਵਾਦੀ ਤਾਕਤਾਂ ਦੇ ਖ਼ਿਲਾਫ਼ ਆਵਾਜ਼ ਉਠਾ ਕੇ ਯੂਕਰੇਨ ਦਾ ਭਵਿੱਖ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ । ਇਨਕਲਾਬੀ ਕੇਂਦਰ ਦੇ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਯੂਕਰੇਨ ਸਮੇਤ ਦੁਨੀਆਂ ਭਰ ਦੇ ਲੋਕਾਂ ਨੂੰ ਯੂਕਰੇਨ ਉਪਰ ਠੋਸੀ ਜਾ ਰਹੀ ਨਿਹੱਕੀ ਸਾਮਰਾਜੀ ਜੰਗ ਦਾ ਵਿਰੋਧ ਕਰਦਿਆਂ ਯੂਕਰੇਨ ਦੀ ਖੁਦਮੁਖਤਿਆਰੀ ਅਤੇ ਅਮਨ-ਸ਼ਾਂਤੀ ਦੀ ਬਹਾਲੀ ਲਈ ਆਵਾਜ਼ ਉਠਾਣੀ ਚਾਹੀਦੀ ਹੈ।