ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਦਾ ਸੜਕ ਹਾਦਸੇ ’ਚ ਦੇਹਾਂਤ ਹੋ ਗਿਆ ਹੈ। ਅੱਜ ਦੇਰ ਸ਼ਾਮੀਂ ਜਦੋਂ ਉਹ ਆਪਣੀ ਇੱਕ ਮਹਿਲਾ ਦੋਸਤ ਨਾਲ ਦਿੱਲੀ ਵੱਲ ਜਾ ਰਹੇ ਸਨ ਕਿ ਖਰਖੌਦਾ ਲਾਗੇ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਇਹ ਖ਼ਬਰ ਲਿਖੇ ਜਾਣ ਤੱਕ ਦੀਪ ਸਿੱਧੂ ਦੀ ਲਾਸ਼ ਨੂੰ ਖਰਖੌਦਾ ਦੇ ਹਸਪਤਾਲ ’ਚ ਰੱਖਿਆ ਗਿਆ ਸੀ। ਕਿਸਾਨ ਅੰਦੋਲਨ ’ਚ ਖ਼ਾਸ ਤੌਰ ’ਤੇ ਚਰਚਾ ਦਾ ਵਿਸ਼ਾ ਬਣੇ ਦੀਪ ਸਿੱਧੂ ਅੱਜ ਕੁੰਡਲੀ ਬਾਰਡਰ ਨੇੜੇ ਹੀ ਘਾਤਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਕੁੰਡਲੀ ਬਾਰਡਰ ਕਿਸਾਨ ਅੰਦੋਲਨ ਕਾਰਣ ਪੂਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਸੜਕ ਹਾਦਸੇ ਵਿੱਚ ਸਿੱਖ ਕੋਮ ਨੇ ਇੱਕ ਨੋਜਵਾਨ ਵੀਰ ਪੜ੍ਹਿਆ ਲਿਖਿਆ ਵਿਦਵਾਨ ਹੀਰਾ ਗੁਆ ਲਿਆ, ਜੋ ਕਿ ਪੰਜਾਬੀਆਂ ਨੂੰ ਇੱਕ ਸੇਧ ਦੇ ਸਕਦਾ ਸੀ। ਬਾਲੀਵੁੱਡ ਦੀ ਚਮਕ ਦਮਕ ਵਾਲੀ ਦੁਨੀਆ ਨੂੰ ਤਿਆਗ ਕੇ ਉਸ ਨੇ ਸੰਘਰਸ਼ ਦਾ ਰਾਹ ਚੁਣਿਆ ਸੀ। ਦੀਪ ਸਿੱਧੂ ਪਹਿਲਾਂ 2019 ਦੌਰਾਨ ਗੁਰਦਾਸਪੁਰ ਹਲਕੇ ’ਚ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਚੋਣ ਪ੍ਰਚਾਰ ਕਰਦੇ ਸਮੇਂ ਚਰਚਾ ਦਾ ਕੇਂਦਰ ਬਣੇ ਸਨ। ਉਸ ਤੋਂ ਬਾਅਦ ਪਿਛਲੇ ਸਾਲ 26 ਜਨਵਰੀ ਨੂੰ ਜਦੋਂ ਅੰਦੋਲਨਕਾਰੀ ਕਿਸਾਨਾਂ ਨੇ ਦਿੱਲੀ ’ਚ ਟਰੈਕਟਰ ਰੈਲੀ ਕੱਢੀ ਸੀ, ਤਦ ਉਹ ਲਾਲ ਕਿਲ੍ਹੇ ’ਤੇ ਝੰਡਾ ਝੁਲਾਉਣ ਅਤੇ ਹਿੰਸਕ ਘਟਨਾ ਵਾਪਰਨ ਦੇ ਮਾਮਲੇ ’ਚ ਡਾਢੇ ਚਰਚਿਤ ਹੋਏ ਸਨ।