ਮਾਮਲਾ ਮੋਟਰਾਂ ਵਾਲੀ ਬਿਜਲੀ ਨਾ ਆਉਣ ਦਾ
ਮੁੱਲਾਂਪੁਰ ਦਾਖਾ,6 ਅਪ੍ਰੈਲ( ਸਤਵਿੰਦਰ ਸਿੰਘ ਗਿੱਲ)—ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਜਿਲੇ ਦੇ ਕਸਬਾ ਸਵੱਦੀ ਕਲਾਂ ਦੇ ਬਿਜਲੀ ਗ੍ਰਿਡ ਦੇ ਅੱਗੇ ਅੱਜ ਵੱਡੀ ਗਿਣਤੀ ਕਿਸਾਨਾ ਵੱਲੋ ਧਰਨਾ ਦਿੱਤਾ ਗਿਆ ਜਿਸ ਵਿਚ ਉਹ ਮੰਗ ਕਰ ਰਹੇ ਸਨ ਕਿ ਬਿਜਲੀ ਮਹਿਕਮੇ ਵੱਲੋਂ ਉਹਨਾ ਨਾਲ ਸ਼ਰੇਆਮ ਚਿੱਟੇ ਦਿਨ ਧੱਕਾ ਕੀਤਾ ਜਾ ਰਿਹਾ ਹੈ। ਕਿਸਾਨ ਕੁਲਦੀਪ ਸਿੰਘ ਅਤੇ ਨੀਟੂ ਰਫਿਊਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾ ਨੂੰ ਮੋਟਰਾਂ ਵਾਲੀ ਬਿਜਲੀ ਨਹੀ ਮਿਲ ਰਹੀ ਹੈ,ਇਹਨਾ ਕਿਸਾਨਾ ਨੇ ਦਸਿਆ ਕਿ 48 ਘੰਟੇ ਵਿਚ 3 ਘੰਟੇ ਮੋਟਰਾਂ ਵਾਲੀ ਬਿਜਲੀ ਮਿਲ ਰਹੀ ਹੈ ਜਿਸ ਨਾਲ ਉਹਨਾ ਦੀਆਂ ਫ਼ਸਲਾਂ ਨੂੰ ਪਾਣੀ ਨਹੀ ਪੂਰਾ ਹੋ ਰਿਹਾ ਹੈ। ਇਹਨਾ ਕਿਸਾਨਾ ਨੇ ਕਿਹਾ ਕਿ 48 ਘੰਟੇ ਬਾਦ ਵੀ ਮਿਲਣ ਵਾਲੇ ਤਿੰਨ ਘੰਟਿਆਂ ਵਿੱਚੋ ਵੀ ਉਹਨਾ ਨੂੰ ਸਿਰਫ ਇਕ ਘੰਟਾ ਬਿਜਲੀ ਮਿਲੀ ਹੈ, ਜੌ ਕਿਸਾਨਾ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਕਿਸਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਆਖਦੇ ਸਨ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ,ਫੇਰ ਕਿਸਾਨਾ ਨਾਲ ਅਜਿਹਾ ਕਿਉ ਹੋ ਰਿਹਾ ਹੈ ? ਕਿਸਾਨਾ ਨੇ ਆਪ ਸਰਕਾਰ ਅਤੇ ਬਿਜਲੀ ਵਿਭਾਗ ਖਿਆਫ ਜੰਮ ਕੇ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ ਕਿਸਾਨ ਇਹ ਆਖਦੇ ਵੀ ਦੇਖੇ ਗਏ ਕਿ ਅਗਾਮੀ ਝੋਨੇ ਦੇ ਸੀਜ਼ਨ ਵਿਚ ਬਿਜਲੀ ਵਿਭਾਗ ਕਿਸ ਤਰਾਂ ਬਿਜਲੀ ਦੇਵੇਗਾ ਜਦਕਿ ਹੁਣ 48 ਘੰਟੇ ਵਿਚੋ 3 ਘੰਟੇ ਬਿਜਲੀ ਸਪਲਾਈ ਨਹੀ ਮਿਲ ਰਹੀ ਹੈ। ਮੌਕੇ ਤੇ ਪੁੱਜੇ ਮਹਿਕਮੇ ਐਸ ਡੀ ਓ ਸਚਿਨ ਨੇ ਕਿਹਾ ਕਿ ਉਹਨਾ ਨੂੰ ਜੌ ਪਟਿਆਲਾ ਤੋ ਹੁਕਮ ਆਉਂਦੇ ਹਨ ਉਹ ਲਗੁ ਕੀਤੇ ਜਾਂਦੇ ਹਨ। ਉਹਨਾ ਨੇ ਵੀ ਮੰਨਿਆ ਕਿ 48 ਘੰਟੇ ਬਾਦ 3 ਘੰਟੇ ਮੋਟਰਾਂ ਵਾਲੀ ਬਿਜਲੀ ਸਪਲਾਈ ਦੇਣ ਦੇ ਹੁਕਮ ਹਨ।ਇਸ ਮੌਕੇ ਡਾਕਟਰ ਰੁਪਿੰਦਰ ਸਿੰਘ,ਨਛੱਤਰ ਸਿੰਘ,ਦਵਿੰਦਰ ਸਿੰਘ,ਗੁਰਵਿੰਦਰ ਸਿੰਘ,ਦਲਵਿੰਦਰ ਸਿੰਘ,ਤੇਜਿੰਦਰ ਸਿੰਘ,ਮਨਵੀਰ ਸਿੰਘ,ਸਤਨਾਮ ਸਿੰਘ,ਪਵਨਦੀਪ ਸਿੰਘ,ਮਨਪ੍ਰੀਤ ਸਿੰਘ,ਮੰਜਿਦਰਪਲ ਸਿੰਘ ਅਤੇ ਅਜਮੇਰ ਸਿੰਘ ਸ਼ਾਹ ਆਦਿ ਕਿਸਾਨਾ ਨੇ ਗ੍ਰਿਡ ਅੱਗੇ ਧਰਨਾ ਦਿੱਤਾ ਅਤੇ ਵਿਭਾਗ ਤੋ ਮੰਗ ਕੀਤੀ ਕੇ ਜੇਕਰ ਉਹਨਾ ਨੂੰ ਨਿਰਵਿਘਨ ਮੋਟਰਾਂ ਵੱਲੋ ਬਿਜਲੀ ਸਪਲਾਈ ਨਾ ਦਿੱਤੀ ਤਾਂ ਉਹ ਆਪਣਾ ਸ਼ੰਘਰਸ਼ ਹੋਰ ਤੇਜ ਕਰਨਗੇ।