ਲੁਧਿਆਣਾ, ਜੂਨ 2019- ਸਨਅਤੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਬੰਦ ਪਏ ਵਿਕਾਸ ਕਾਰਜਾਂ ਤੋਂ ਪ੍ਰੇਸ਼ਾਨ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਨਗਰ ਨਿਗਮ ਜ਼ੋਨ-ਬੀ ਦਫ਼ਤਰ ਨੂੰ ਘੇਰਿਆ ਤੇ ਨਿਗਮ ਖ਼ਿਲਾਫ਼ ਧਰਨਾ ਦਿੱਤਾ।
ਇਸ ਧਰਨੇ ਦੀ ਅਗਵਾਈ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕੀਤੀ। ਅਕਾਲੀਆਂ ਨੇ 2 ਘੰਟੇ ਤੱਕ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਕਾਲੀ ਆਗੂਆਂ ਨੇ ਨਿਗਮ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਬਿਨਾਂ ਪੱਖਪਾਤ ਤੋਂ ਕੰਮ ਕਰਨ, ਨਹੀਂ ਤਾਂ ਸਰਕਾਰ ਆਉਣ ’ਤੇ ਸਭ ਦੀ ਪੜਤਾਲ ਕੀਤੀ ਜਾਏਗੀ। ਅਕਾਲੀ ਆਗੂਆਂ ਨੇ ਨਿਗਮ ਅਫ਼ਸਰਾਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ਤੋਂ ਬਾਅਦ ਵਿਕਾਸ ਕਾਰਜਾਂ ਦੀ ਰਫ਼ਤਾਰ ਦੇ ਚੱਕੇ ਜਾਮ ਹੋ ਗਏ ਹਨ। ਨਵੀਂਆਂ ਸੜਕਾਂ ਬਣਾਉਣੀਆਂ ਤਾਂ ਦੂਰ ਦੀ ਗੱਲ, ਖੱਡਿਆਂ ਦਾ ਪੈਚ ਵਰਕ ਨਹੀਂ ਹੋ ਪਾ ਰਿਹਾ। ਉਨ੍ਹਾਂ ਕਿਹਾ ਕਿ ਨਿਗਮ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ’ਚ ਵੀ ਫਾਡੀ ਰਿਹਾ ਹੈ। ਸਮਾਰਟ ਸਿਟੀ ਦੇ ਤਹਿਤ ਅਕਾਲੀ ਸਰਕਾਰ ਦੇ ਸਮੇਂ ਸ਼ਹਿਰ ’ਚ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ, ਪਰ ਹੁਣ ਸੱਤਾ ’ਚ ਬੈਠੀ ਸਰਕਾਰ ਮੈਚਿੰਗ ਗ੍ਰਾਂਟ ਵੀ ਨਹੀਂ ਦੇ ਪਾ ਰਹੀ ਹੈ। ਜੇ ਸ਼ਹਿਰ ’ਚ ਐਲਈਡੀ ਲਾਈਟਾਂ ਬਦਲਣ ਦਾ ਕੰਮ ਚੱਲ ਰਿਹਾ ਹੈ ਤਾਂ ਇਸ ’ਚ ਵੀ ਘਟੀਆਂ ਕਿਸਮ ਦੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ। ਲਾਈਟਾਂ ਲਾਉਣ ’ਚ ਵੀ ਪੱਖਪਾਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਕੌਂਸਲਰਾਂ ਦੇ ਵਾਰਡਾਂ ਨੂੰ ਅਣਦੇਖਿਆ ਕਰਕੇ ਕਾਂਗਰਸੀ ਵਾਰਡਾਂ ਵਿੱਚ ਪਹਿਲਾਂ ਕੰਮ ਹੋ ਰਿਹਾ ਹੈ। ਅਜਿਹੇ ’ਚ ਆਮ ਜਨਤਾ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਕੰਮ ਕਰੇਗਾ।
ਉਨ੍ਹਾਂ ਕਿਹਾ ਕਿ ਸੱਤਾ ਵਿੱਚ ਸੁੱਤੇ ਪਏ ਕਾਂਗਰਸੀ ਆਗੂਆਂ ਤੇ ਅਫ਼ਸਰਾਂ ਨੂੰ ਜਗਾਉਣ ਲਈ ਧਰਨੇ ਜਾਰੀ ਰਹਿਣਗੇ। ਇਸ ਮੌਕੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਡੰਗ, ਸਿਮਰਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਗੋਸ਼ਾ, ਸਤੀਸ਼ ਮਲਹੋਤਰਾ, ਵਿਜੈ ਦਾਨਵ ਮੌਜੂਦ ਸਨ।