You are here

“ਸਿੱਖਿਆ ਬਚਾਓ ਅਤੇ ਰੁਜ਼ਗਾਰ ਬਚਾਓ” ਲਈ ਟੋਲ ਪਲਾਜ਼ਾ ਚੌਕੀਮਾਨ ਵਿਖੇ ਕੀਤਾ ਰੋਸ ਪ੍ਰਦਰਸ਼ਨ ਪ੍ਰਮੁੱਖ ਸਕੂਲਾਂ ਦੇ ਡਰਾਈਵਰ ਅਤੇ ਕੰਡਕਟਰ ਹੋਏ ਸ਼ਾਮਲ

ਜਗਰਾਂਓ, 3 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੇ ਵਰ੍ਹਦੇ ਮੀਂਹ ਵਿੱਚ ਫੈਡਰੇਸ਼ਨ ਆੱਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ‘ਤੇ ਟੋਲ ਪਲਾਜ਼ਾ ਚੌਕੀਮਾਨ ਵਿਖੇ “ਸਿੱਖਿਆ ਬਚਾਓ ਅਤੇ ਰੁਜ਼ਗਾਰ ਬਚਾਓ” ਮਿਸ਼ਨ ਅਧੀਨ ਰੋਸ ਪ੍ਰਦਰਸ਼ਨ ਕੀਤਾ।ਫੈਡਰੇਸ਼ਨ ਦੇ ਪ੍ਰਧਾਨ ਡਾ.  ਜਗਜੀਤ ਸਿੰਘ ਧੂਰੀ ਨੇ ਆਪਣੇ ਸੱਦੇ ਵਿੱਚ ਕਿਹਾ ਕਿ ਸਿੱਖਿਆ ਅਤੇ ਰੁਜ਼ਗਾਰ ਨੂੰ ਬਚਾਉਣ ਲਈ ਅਧਿਆਪਕ, ਵਰਕਰ, ਡਰਾਇਵਰ, ਕੰਡਕਟਰ ਅਤੇ ਸਕੂਲਾਂ ਦੇ ਸਾਰੇ ਮੁਲਾਜ਼ਮ ਆਪਣੀ ਲੜਾਈ ਆਪ ਲੜਨ ਅਤੇ ਮਾਪਿਆਂ ਤੇ ਸਮਾਜ ਦਾ ਸਹਿਯੋਗ ਲੈਣ।ਸਕੂਲ ਪ੍ਰਤੀਨਿਧਾਂ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਜਿੱਥੇ ਵਿਦਿਆਰਥੀਆਂ ਦੇ ਭਵਿੱਖ, ਸਿੱਖਿਆ ਅਤੇ ਵਿਦਅਕ ਅਦਾਰਿਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉੱਥੇ ਸੈਲਫ ਫੰਡਿੰਗ ਸੰਸਥਾ ਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ।ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਨਹੀਂ ਕਰ ਰਹੇ ਬਲਕਿ ਸਾਡੇ ਰੁਜ਼ਗਾਰ ਨੂੰ ਸਰਕਾਰ ਕਰੋਨਾ ਦੇ ਨਾਮ ਹੇਠ ਖੋਹ ਰਹੀਹੈ।ਵਰਕਰਾਂ ਨੇ ਕਿਹਾ ਕਿ ਜੇਕਰ ਸਕੂਲ ਨਹੀਂ ਖੁੱਲਣਗੇ ਤਾਂ ਅਸੀਂ ਵੋਟ ਵੀ ਨਹੀਂ ਪਾਵਾਂਗੇ।ਇਸ ਮੌਕੇ ਐੱਮ.ਐੱਲ.ਡੀ ਸਕੂਲ, ਤਲਵੰਡੀ ਕਲਾਂ ਤੋਂ ਤਾਰਾ ਸਿੰਘ, ਸਪਰਿੰਗ ਡਿਊ ਸਕੂਲ ਨਾਨਕਸਰ ਤੋਂ ਗੁਰਚਰਨ ਸਿੰਘ, ਗੋਲਡਨ ਅਰਥ ਕਾਨਵੈਂਟ ਸਕੂਲ, ਪੰਡੋਰੀ ਤੋਂ ਸਰਬਜੀਤ ਸਿੰਘ, ਤੇਜਸ ਪਬਲਿਕ ਸਕੂਲ ਸਿੱਧਵਾਂ ਖੁਰਦ ਤੋਂ ਬਸੰਤ ਸਿੰਘ, ਬਲੌਜ਼ਮ ਕਾਨਵੈਂਟ ਸਕੂਲ ਲੀਲਾ ਮੇਘ ਸਿੰਘ ਤੋਂ ਜਗਦੀਪ ਸਿੰਘ, ਨਿਊ ਪੰਜਾਬ ਪਬਲਿਕ ਸਕੂਲ ਜਗਰਾਉਂ ਤੋਂ ਗੁਰਮੇਲ ਸਿੰਘ, ਜੀ.ਐੱਚ.ਜੀ ਅਕੈਡਮੀ ਜਗਰਾਉਂ ਤੋਂ ਜਗਦੇਵ ਸਿੰਘ ਆਦਿ ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਕਾਲੀਆਂ ਝੰਡੀਆਂ ਲੈ ਕੇ ਭਾਗ ਲਿਆ।ਵਰਕਰਾਂ ਦਾ ਵਰ੍ਹਦੇ ਮੀਂਹ ਵਿੱਚ ਖੜ੍ਹਨਾ ਕਿਸਾਨੀ ਸੰਘਰਸ਼ ਦੀ ਯਾਦ ਦਿਵਾ ਰਿਹਾ ਸੀ।