ਲਖਨਊ, 21 ਜਨਵਰੀ (ਏਜੰਸੀ )ਉਤਰ ਪ੍ਰਦੇਸ਼ ਪੁਲਿਸ ਨੇ ਲਖੀਮਪੁਰ ਖੀਰੀ ਮਾਮਲੇ ਵਿੱਚ ਦੂਜੀ ਚਾਰਜਸ਼ੀਟ ਦਾਖਲ ਕੀਤੀ। ਚਾਰਜਸ਼ੀਟ ਵਿੱਚ 7 ਕਿਸਾਨਾਂ ਖਿਲਾਫ ਤੇ ਇਕ ਡਰਾਈਵਰ ਤੇ ਦੋ ਭਾਜਪਾ ਆਗੂਆਂ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਪਿਛਲੇ ਸਾਲ ਲਖੀਮਪੁਰ ਖੀਰੀ ਵਿੱਚ ਤਿੰਨ ਅਕਤੂਬਰ ਦੀ ਘਟਨਾ ਨੂੰ ਲੈ ਕੇ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਕਥਿਤ ਤੌਰ ਉਤੇ ਆਪਣੀ ਐਸਯੂਵੀ ਨਾਲ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਤੋਂ ਬਾਅਦ ਭੜਕੀ ਹਿੰਸਾ ਵਿੱਚ ਦੋ ਭਾਜਪਾ ਵਰਕਰਾਂ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਡਰਾਈਵਰ ਤੇ ਭਾਜਪਾ ਵਰਕਰਾਂ ਦੇ ਕਤਲ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਦਾਖਿਲ ਕੀਤੀ ਗਈ ਪਹਿਲੀ ਚਾਰਜਸ਼ੀਟ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਨੂੰ ਦੋਸ਼ੀ ਬਣਾਇਆ ਗਿਆ ਹੈ। ਯੂਪੀ ਪੁਲਿਸ ਨੇ ਘਟਨਾ ਦੇ ਅਗਲੇ ਦਿਨ ਆਸ਼ੀਸ਼ ਮਿਸ਼ਰਾ ਅਤੇ 12 ਹੋਰ ਨੂੰ ਕਤਲ ਦੇ ਦੋਸ਼ ’ਚ ਨਾਮਜ਼ਦ ਕਰਦੇ ਹੋਏ ਐਫਆਈਆਰ ਦਰਜ ਕੀਤੀ ਸੀ।