You are here

 ਕਿਸਾਨਾਂ ਦੀ ਜਿੱਤ ਦੀ ਖ਼ੁਸ਼ੀ ਵਿੱਚ ਪਿੰਡ ਰੂਮੀ ਵਾਸੀਆਂ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ  

ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕਿਸਾਨ ਆਗੂਆਂ ਦਾ ਕੀਤਾ ਗਿਆ ਮਾਣ ਸਨਮਾਨ  

ਜਗਰਾਉਂ , 22ਜਨਵਰੀ (ਕੌਸ਼ਲ ਮੱਲਾ/ ਜਸਮੇਲ ਗ਼ਾਲਿਬ )ਪਿੰਡ ਰੂਮੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਇਕਾਈ ਪ੍ਰਧਾਨ ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਸ ਮੋਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।  ਅਰਦਾਸ ਉਪਰੰਤ ਪਿੰਡ ਵਾਸੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਪਿੰਡ ਰੂਮੀ ਦਾ ਕਿਸਾਨ ਅੰਦੋਲਨ ਚ ਹਿੱਸਾ ਲੈਣ ਪਖੋਂ ਮੋਢੀ ਸਥਾਨ ਹੈ। ਇਸ ਪਿੰਡ ਦੀ ਔਰਤ ਇਕਾਈ ਦੀ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਸੁਖੀ ਦਾ ਕਿਸਾਨ ਅੰਦੋਲਨ ਦੋਰਾਨ ਅਸਿਹ ਵਿਛੋੜਾ ਪਿੰਡ ਵਾਸੀਆਂ ਲਈ ਇਕ ਵੱਡਾ ਘਾਟਾ ਹੈ । ਕਿਸਾਨ ਅੰਦੋਲਨ ਚ  ਪਿੰਡ ਦੀ ਮੋਹਰੀ ਭੂਮਿਕਾ ਨੂੰ ਵਿਸ਼ੇਸ਼ਕਰ ਰੇਲ ਪਾਰਕ ਜਗਰਾਓ ਚ ਸਵਾ ਸਾਲ ਚੱਲੇ ਕਿਸਾਨ ਮੋਰਚੇ ਚ ਬਿੰਦਰ ਸਿੰਘ ਤੇ ਸਾਬਕਾ ਚੈਅਰਮੈਨ ਮਲਕੀਤ ਸਿੰਘ ਦੀ ਅਗਵਾਈ ਚ ਨਿਰੰਤਰ ਤੇ ਨਿਰਵਿਘਨ ਦੁੱਧ ਦੀ ਸਪਲਾਈ ਨੇ ਇਕ ਨਵਾਂ ਮੀਲ ਪੱਥਰ ਗੱਡਿਆ ਹੈ, ਇਸ ਲਈ ਸੰਯੁਕਤ ਕਿਸਾਨ ਮੋਰਚਾ ਪਿੰਡ ਵਾਸੀਆਂ ਦਾ ਕੋਟਿਨ ਕੋਟ ਵੇਰ ਧੰਨਵਾਦੀ ਹੈ।ਇਸ ਸਮੇਂ ਬੋਲਦਿਆਂ ਇਨਾਂ ਆਗੂਆਂ ਨੇ ਸੱਦਾ ਦਿੱਤਾ ਕਿ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਅਤੇ ਕਿਸਾਨੀ ਕਰਜਿਆਂ ਤੇ ਲੀਕ ਮਰਵਾਉਣ ਲਈ ਕਿਸਾਨ ਅੰਦੋਲਨ ਫਿਰ ਕਰਵਟ ਲਵੇਗਾ। ਉਨਾਂ ਸਮੂਹ ਕਿਸਾਨਾਂ ਨੂੰ 31 ਜਨਵਰੀ ਨੂੰ ਵਾਦਾ ਖਿਲਾਫੀ ਦਿਵਸ ਤੇ ਮੋਦੀ ਹਕੂਮਤ ਦੀ ਅਰਥੀ ਜਗਰਾਓ ਪੁਲ ਦੇ ਹੇਠਾਂ ਜੀ ਟੀ ਰੋਡ ਤੇ ਫੂਕਣ ਲਈ ਉਸ ਦਿਨ 11 ਵਜੇ ਇਕੱਤਰ ਹੋਣ ਦੀ ਅਪੀਲ ਕੀਤੀ ਹੈ।ਇਸ ਸਮੇਂ ਪਿੰਡ ਇਕਾਈ ਵਲੋਂ ਹਾਜਰ ਜਿਲਾ ਕਮੇਟੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਵਲੋਂ ਪਿੰਡ ਵਾਸੀਆਂ ਨੂੰ ਕਿਸਾਨ ਅੰਦੋਲਨ ਦੋਰਾਨ ਇਕੱਠੇ ਹੋਏ 7 ਲੱਖ ਰੁਪਏ ਫੰਡ ਦਾ ਹਿਸਾਬ ਕਿਤਾਬ ਵੀ ਪੜ ਕੇ ਸੁਣਾਇਆ ਗਿਆ।