You are here

ਸੰਗਤ ਮੰਡੀ ’ਚ ਡੂਮਵਾਲੀ ਇੰਟਰਸਟੇਟ ਨਾਕੇ ’ਤੇ ਤਿੰਨ ਗੱਡੀਆਂ ’ਚ ਸਵਾਰ ਲੋਕਾਂ ਤੋਂ ਗਿਆਰਾਂ ਲੱਖ ਰੁਪਏ ਬਰਾਮਦ

ਬਠਿੰਡਾ ,17 ਜਨਵਰੀ  (ਗੁਰਸੇਵਕ ਸੋਹੀ ) ਸੰਗਤ ਮੰਡੀ ’ਚ ਡੂਮਵਾਲੀ ’ਤੇ ਲਾਏ ਇੰਟਰਸਟੇਟ ਨਾਕੇ ’ਤੇ ਪੁਲਿਸ ਦੀ ਟੀਮ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਤਿੰਨ ਗੱਡੀਆਂ ’ਚੋਂ ਤਲਾਸ਼ੀ ਦੌਰਾਨ 11 ਲੱਖ 14 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਉਕਤ ਨਕਦੀ ਕਬਜ਼ੇ ’ਚ ਲੈ ਕੇ ਏਆਰਓ ਦੇ ਹਵਾਲੇ ਕਰ ਦਿੱਤੀ ਤਾਂ ਕਿ ਚੋਣ ਕਮਿਸ਼ਨ ਇਸ ਸਬੰਧ ਵਿਚ ਬਣਦੀ ਕਾਰਵਾਈ ਕਰ ਸਕੇ। ਥਾਣਾ ਸੰਗਤ ਦੇ ਐੱਸਐੱਚਓ ਰਾਜਿੰਦਰ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਸ਼ਾਮ ਪਥਰਾਲਾ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਹਰਬੰਸ ਸਿੰਘ ਤੇ ਉਸ ਦੀ ਟੀਮ ਵਲੋਂ ਬੀਐੱਸਐੱਫ ਦੇ ਜਵਾਨਾਂ ਨਾਲ ਮਿਲ ਕੇ ਡੂੰਮਵਾਲੀ ਬੈਰੀਅਰ ਕੋਲ ਇੰਟਰਸਟੇਟ ਨਾਕੇ ’ਤੇ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਪੁਲਿਸ ਟੀਮ ਨੇ ਇਕ ਕਾਰ ਮਾਰੂਤੀ ਬੇ੍ਰਜ਼ਾ ’ਚ ਸਵਾਰ ਛੇ ਜਣਿਆਂ ਕੁਲਵਿੰਦਰ ਸਿੰਘ, ਬਲਜੀਤ ਸਿੰਘ ਵਾਸੀ ਕੁਰੜ ਜ਼ਿਲ੍ਹਾ ਬਰਨਾਲਾ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਵਾਸੀ ਬਰਮੀ ਜ਼ਿਲ੍ਹਾ ਲੁਧਿਆਣਾ, ਗੁਰਮੀਤ ਸਿੰਘ ਤੇ ਪ੍ਰਮੋਦ ਸਿੰਘ ਵਾਸੀ ਫੇਰੂਰਾਏ ਲੁਧਿਆਣਾ ਤੋਂ 6,14,500 ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ ਹੌਂਡਾ ਸਿਟੀ ਕਾਰ ਸਵਾਰ ਦੋ ਜਣਿਆਂ ਅੰਮ੍ਰਿਤਪਾਲ ਸਿੰਘ ਵਾਸੀ ਜੱਸੀ ਪੌ ਵਾਲੀ ਅਤੇ ਸੰਦੀਪ ਸਿੰਘ ਵਾਸੀ ਊਧਮ ਸਿੰਘ ਨਗਰ ਗਲੀ ਨੰਬਰ 16 ਤੋਂ ਤਿੰਨ ਲੱਖ ਰੁਪਏ ਬਰਾਮਦ ਕੀਤੇ। ਇਸੇ ਤਰ੍ਹਾਂ ਇਕ ਕਾਰ ਕੇਯੂਵੀ ਸਵਾਰ ਦੋ ਜਣਿਆਂ ਸੋਮਵੀਰ ਸਿੰਘ ਤੇ ਜੈ ਪ੍ਰਕਾਸ਼ ਵਾਸੀ ਭਵਾਨੀ ਹਰਿਆਣਾ ਤੋਂ ਦੋ ਲੱਖ ਰੁਪਏ ਬਰਾਮਦ ਕੀਤੇ। ਉਕਤ ਪੈਸੇ ਰਿਕਵਰ ਕਰਨ ਤੋਂ ਬਾਅਦ ਸੁਖਪਾਲ ਸਿੰਘ ਐੱਫਐੱਸਟੀ ਹਲਕਾ ਦਿਹਾਤੀ ਬਠਿੰਡਾ ਵੱਲੋਂ ਮੌਕੇ ’ਤੇ ਸਿਕੰਦਰ ਸਿੰਘ ਨਾਇਬ ਤਹਿਸੀਲਦਾਰ ਕਮ ਏਆਰਓ ਹਲਕਾ ਦਿਹਾਤੀ ਨੂੰ ਬੁਲਾ ਕੇ ਰਿਕਰਵ ਪੈਸਿਆਂ ਨੂੰ ਚੋਣ ਕਮਿਸ਼ਨ ਦੀ ਅਗਾਲੀ ਕਾਰਵਾਈ ਲਈ ਸੌਂਪ ਦਿੱਤੇ।