You are here

2017 ਦੀਆਂ ਚੋਣਾਂ ਹਾਰੇ 7 ਆਗੂ ਕਾਂਗਰਸ ਦੀ ਟਿਕਟ ਲੈਣ ਚ ਕਾਮਯਾਬ

ਜਗਰਾਓਂ 17 ਜਨਵਰੀ (ਅਮਿਤ ਖੰਨਾ)-ਕਾਂਗਰਸ ਉਮੀਦਵਾਰਾਂ ਦੀ ਪਹਿਲੀ ਲਿਸਟ ਚ ਜਿੱਥੇ ਚਾਰ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ, ਉੱਥੇ ਹੀ ਪਿਛਲੀਆਂ ਚੋਣਾਂ ਹਾਰਨ ਵਾਲੇ 7 ਉਮੀਦਵਾਰਾਂ ਨੂੰ ਮੁੜ ਮੌਕਾ ਦਿੱਤਾ ਗਿਆ ਹੈ।ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਵੱਖ-ਵੱਖ ਮਾਪਦੰਡਾਂ ਦਾ ਸਹਾਰਾ ਲਿਆ। ਇਸ ਦੇ ਆਧਾਰ 'ਤੇ ਪਾਰਟੀ ਨੇ ਸ਼ਰਤਾਂ ਪੂਰੀਆਂ ਕਰਨ ਵਾਲੇ ਆਗੂਆਂ ਨੂੰ ਹੀ ਟਿਕਟਾਂ ਦੇਣ ਦਾ ਫੈਸਲਾ ਕੀਤਾ। ਇਸ ਵਿੱਚ ਮਾਪਦੰਡ ਇਹ ਸੀ ਕਿ ਟਿਕਟ ਦੇ ਉਮੀਦਵਾਰ ਵਿੱਚ ਚੋਣ ਜਿੱਤਣ ਦੀ ਯੋਗਤਾ ਹੋਣੀ ਚਾਹੀਦੀ ਹੈ। ਬੇਸ਼ਕ ਉਹ ਪਿਛਲੀਆਂ ਚੋਣਾਂ 'ਚ ਜਿੱਤਿਆ ਜਾਂ ਹਾਰਿਆ ਹੋਵੇ। ਇਹੀ ਕਾਰਨ ਹੈ ਕਿ 2017 ਦੀਆਂ ਚੋਣਾਂ ਹਾਰਨ ਵਾਲੇ ਆਗੂ ਇਸ ਵਾਰ ਵੀ ਟਿਕਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ। ਖਾਸ ਗੱਲ ਇਹ ਹੈ ਕਿ ਅਜਿਹਾ ਸਿਰਫ ਕਾਂਗਰਸ ਨੇ ਨਹੀਂ ਕੀਤਾ ਹੈ। ਦੂਜੀਆਂ ਪਾਰਟੀਆਂ ਵੀ ਹਾਰੇ ਹੋਏ ਉਮੀਦਵਾਰ 'ਤੇ ਉਸੇ ਤਰ੍ਹਾਂ ਦਾ ਦਾਅ ਲਗਾ ਕੇ ਉਸ ਨੂੰ ਆਪਣਾ ਉਮੀਦਵਾਰ ਬਣਾਉੰਦੀਆਂ ਰਹੀਆਂ ਹਨ।ਬਠਿੰਡਾ ਦੇਹਾਤੀ ਤੋਂ ਲਾਡੀ, 
ਤਲਵੰਡੀ ਸਾਬੋ ਤੋਂ ਜਟਾਣਾ
2017 ਦੀਆਂ ਵਿਧਾਨ ਸਭਾ ਚੋਣਾਂ 'ਚ ਬਠਿੰਡਾ ਦੇਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਰੁਪਿੰਦਰ ਕੌਰ ਰੂਬੀ ਨੂੰ 51572 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਉਮੀਦਵਾਰ ਹਰਵਿੰਦਰ ਲਾਡੀ ਨੂੰ 28939 ਵੋਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ 22633 ਵੋਟਾਂ ਨਾਲ ਜਿੱਤ ਕੇ ਵਿਧਾਇਕ ਬਣੀ ਸੀ। ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਪ੍ਰੋਫ਼ੈਸਰ ਬਲਜਿੰਦਰ ਕੌਰ ਨੂੰ 54319 ਵੋਟਾਂ ਮਿਲੀਆਂ, ਜਦਕਿ ਕਾਂਗਰਸੀ ਉਮੀਦਵਾਰ ਖੁਸ਼ਬਾਜ਼ ਜਟਾਣਾ ਨੂੰ 35071 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ 19248 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਸੁਜਾਨਪੁਰ ਤੋਂ ਨਰੇਸ਼ ਪੁਰੀ
ਪਠਾਨਕੋਟ ਤੋਂ ਕਾਂਗਰਸ ਵੱਲੋਂ ਨਰੇਸ਼ ਪੁਰੀ ਨੂੰ ਸੁਜਾਨਪੁਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਪਹਿਲਾਂ ਦੋ ਵਾਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ, ਫਿਰ ਨਰੇਸ਼ ਪੁਰੀ ਸੁਜਾਨਪੁਰ ਹਲਕੇ ਤੋਂ ਦੋ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ। ਉਹ ਦੋਵੇਂ ਵਾਰ ਹਾਰ ਗਏ। ਉਨ੍ਹਾਂ ਦੇ ਪਿਤਾ ਰਘੁਨਾਥ ਸਹਾਏ ਵੀ ਪੁਰੀ ਵੀ ਮੰਤਰੀ ਰਹਿ ਚੁੱਕੇ ਹਨ।

ਆਤਮਨਗਰ ਤੋਂ ਕੜਵਲ, ਦਾਖਾ ਤੋਂ ਸੰਧੂ
ਵਿਧਾਨ ਸਭਾ ਹਲਕਾ ਆਤਮਨਗਰ ਤੋਂ ਕੰਵਲਜੀਤ ਕੜਵਲ ਤੇ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਦੋਵੇਂ ਪਿਛਲੀਆਂ ਚੋਣਾਂ ਹਾਰ ਗਏ ਸਨ। ਰਾਏਕੋਟ ਤੋਂ ਹਾਰੇ ਅਮਰ ਸਿੰਘ ਦੇ ਪੁੱਤਰ ਕਾਮਿਲ ਅਮਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ।

ਸਨੌਰ ਤੋਂ ਹੈਰੀ ਮਾਨ, ਭੱਠਲ ਤੋਂ ਲਹਿਰਾਗਾਗਾ
ਹਰਿੰਦਰਪਾਲ ਸਿੰਘ ਹੈਰੀ ਮਾਨ ਪਿਛਲੀਆਂ ਚੋਣਾਂ 'ਚ ਪਟਿਆਲਾ ਜ਼ਿਲ੍ਹੇ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਹਾਰ ਗਏ ਸਨ। ਕਾਂਗਰਸ ਨੇ ਇਸ ਵਾਰ ਵੀ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਸੰਗਰੂਰ ਦੇ ਹਲਕਾ ਲਹਿਰਾਗਾਗਾ ਤੋਂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੀਬੀ ਭੱਠਲ ਪਰਮਿੰਦਰ ਸਿੰਘ ਢੀਂਡਸਾ ਤੋਂ ਹਾਰ ਗਏ ਸਨ।