You are here

ਇੰਗਲੈਂਡ 'ਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਲੈਸਟਰ- (ਗਿਆਨੀ ਅਮਰੀਕ ਸਿੰਘ ਰਾਠੌਰ) -ਇੰਗਲੈਂਡ 'ਚ ਵੱਸਦੇ ਸਮੂਹ ਫਰਾਲਾ ਨਿਵਾਸੀਆਂ ਵਲੋਂ ਪਹਿਲੀ ਵਾਰ ਗੁਰਦੁਆਰਾ ਗੁਰੂ ਹਰਕਿ੍ਸ਼ਨ ਸਾਹਿਬ ਜੀ ਓਡਬੀ ਲੈਸਟਰ ਵਿਖੇ ਸੰਗਤ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ।ਗੁਰਪੁਰਬ ਦੇ ਸਬੰਧ ਚ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ , ਉਪਰੰਤ ਦੀਵਾਨ ਸਜਾਏ ਗਏ । ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਕੀਰਤਨ ਨਾਲ ਦੀਵਾਨ ਦੀ ਆਰੰਭਤਾ ਕੀਤੀ । ਪੰਜਾਬੀ ਗਾਇਕ ਦਲਜੀਤ ਸਿੰਘ ਨੇ ਇਕ ਸ਼ਬਦ ਰਾਹੀਂ ਹਾਜ਼ਰੀ ਭਰੀ । ਪੰਥਕ ਵਿਦਵਾਨ ਗੁਰਮੀਤ ਸਿੰਘ ਜੀ ਗੌਰਵ ਨੇ ਸੱਤਵੇਂ ਪਾਤਸ਼ਾਹ ਜੀ ਦੇ ਜੀਵਨ ਤੇ ਚਾਨਣ ਪਾਇਆ ਤੇ ਫਰਾਲਾ ਨਗਰ 'ਚ 2200 ਘੋੜ-ਸਵਾਰਾਂ ਸਮੇਤ ਦੋ ਵਾਰ ਗੁਰੂ ਜੀ ਦੇ ਠਹਿਰਨ ਦਾ ਇਤਿਹਾਸ ਸਾਂਝਾ ਕੀਤਾ । ਦੁਨੀਆਂ ਦੇ ਕੋਨੇ-ਕੋਨੇ 'ਚ ਵਸੇ ਫਰਾਲਾ ਨਿਵਾਸੀ ਹਰ ਸਾਲ ਵਿਦੇਸ਼ਾਂ 'ਚ ਗੁਰਪੁਰਬ ਦੇ ਸਮਾਗਮ ਮਨਾਉਂਦੇ ਹਨ ਅਤੇ ਪਿੰਡ ਵਿਚ ਵੀ ਕਬੱਡੀ, ਘੋਲ, ਦੌੜਾਂ ਤੇ ਹੋਰ ਖੇਡਾਂ ਕਰਵਾਉਂਦੇ ਹਨ । ਇਹ ਸਮਾਗਮ ਪਿੰਡ ਫਰਾਲੇ ਦੇ ਲੈਸਟਰ ਰਹਿੰਦੇ ਅਟਵਾਲ ਬ੍ਰਦਰਜ ਨੇ ਉੱਦਮ ਕਰਕੇ ਉਲੀਕਿਆ ਸੀ । ਕਵੈਂਟਰੀ, ਡਰਬੀ, ਲੰਡਨ, ਕੈਮਬਿ੍ਜ, ਬਰਮਿੰਘਮ ਅਤੇ ਹੋਰ ਸ਼ਹਿਰਾਂ ਤੋਂ ਨਗਰ ਨਿਵਾਸੀ ਚਾਅ ਨਾਲ ਸ਼ਾਮਿਲ ਹੋਏ । ਇਸ ਮੌਕੇ ਪ੍ਰਸਿੱਧ ਲੇਖਕ ਸੁਖਵਿੰਦਰ ਸਿੰਘ ਗਿੱਲ, ਮਹਿੰਦਰਪਾਲ ਸਿੰਘ ਸੰਧਵਾਂ ਅਤੇ ਹੋਰਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ । ਸਟੇਜ ਦੀ ਸੇਵਾ ਮਨਦੀਪ ਸਿੰਘ ਅਠਵਾਲ ਵਲੋਂ ਨਿਭਾਈ ਗਈ ।