ਲੰਡਨ -(ਗਿਆਨੀ ਅਮਰੀਕ ਸਿੰਘ ਰਾਠੌਰ)- ਯੂ. ਕੇ. ਦੇ ਉੱਘੇ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ ਦਾ ਪ੍ਰਾਪਰਟੀ ਕਾਰੋਬਾਰ ਖ਼ੇਤਰ 'ਚ ਕੀਤੀਆਂ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਬਦਲੇ ਸਲੋਹ ਦੇ ਮੇਅਰ ਹਰਮੋਹਿੰਦਰਪਾਲ ਸਿੰਘ ਸੋਹਲ ਵਲੋਂ 'ਸਫ਼ਲ ਨੌਜਵਾਨ ਕਾਰੋਬਾਰੀ ਅਤੇ ਸਮਾਜ ਸੇਵਕ' ਪੁਰਸਕਾਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਬੋਲਦਿਆਂ ਮੇਅਰ ਸੋਹਲ ਨੇ ਕਿਹਾ ਕਿ ਤਜਿੰਦਰ ਸਿੰਘ ਸੇਖੋਂ ਇੱਕ ਸਫ਼ਲ ਕਾਰੋਬਾਰੀ ਹੈ ਜਿਸ ਨੇ ਛੋਟੀ ਉਮਰੇ ਸਖ਼ਤ ਮਿਹਨਤ ਨਾਲ ਵੱਡਾ ਮੁਕਾਮ ਹਾਸਿਲ ਕੀਤਾ ਹੈ । ਉਨ੍ਹਾਂ ਕਿਹਾ ਕਿ ਸ: ਸੇਖੋਂ ਆਪਣੀ ਜ਼ਮੀਨ ਵੇਚ ਕੇ ਯੂ. ਕੇ. ਪੜ੍ਹਾਈ ਲਈ ਆਇਆ ਅਤੇ ਅੱਜ ਪ੍ਰਾਪਰਟੀ ਕਾਰੋਬਾਰ 'ਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ । ਸਭ ਤੋਂ ਵੱਡੀ ਗੱਲ ਹੈ ਕਿ ਉਹ ਆਪਣੇ ਪਿਛੋਕੜ ਨੂੰ ਯਾਦ ਰੱਖਕੇ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ । ਬੀਤੇ ਕੁਝ ਸਾਲਾਂ ਤੋਂ ਉਹ ਉੜੀਸਾ 'ਚ ਗਰੀਬਾਂ ਦੀ ਮਦਦ ਕਰ ਰਿਹਾ ਹੈ, ਬੀਤੇ ਸਾਲ ਉੜੀਸਾ 'ਚ ਹੀ ਕਈ ਕੈਦੀਆਂ ਨੂੰ ਉਨ੍ਹਾਂ ਦੇ ਜ਼ੁਰਮਾਨੇ ਭਰ ਕੇ ਰਿਹਾਅ ਕਰਵਾਇਆ ਅਤੇ ਚੰਗੇ ਸ਼ਹਿਰੀ ਬਣਨ ਲਈ ਪ੍ਰੇਰਨਾ ਦਿੱਤੀ । ਸ: ਸੇਖੋਂ ਨੇ ਲੰਡਨ 'ਚ ਬਣਨ ਵਾਲੀ ਵਿਸ਼ਵ ਜੰਗ ਦੇ ਸਿੱਖ ਸ਼ਹੀਦਾਂ ਦੀ ਯਾਦਗਰ ਲਈ 25 ਹਜ਼ਾਰ ਪੌਾਡ ਦੇ ਦਿੱਤੇ ਯੋਗਦਾਨ ਸਮੇਤ ਯੂ. ਕੇ. 'ਚ ਰੋਟਰੀ ਕਲੱਬ, ਸਥਾਨਕ ਸਕੂਲਾਂ, ਖੇਡਾਂ, ਕੈਂਸਰ ਰਿਸਰਚ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ 30 ਹਜ਼ਾਰ ਪੌਾਡ ਦੇ ਕਰੀਬ ਮਾਇਕ ਮਦਦ ਕੀਤੀ । ਤਜਿੰਦਰ ਸਿੰਘ ਸੇਖੋਂ ਦੀਆਂ ਸੇਵਾਵਾਂ ਤੇ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਸਲੋਹ ਮੇਅਰ ਵਲੋਂ ਇਹ ਸਨਮਾਨ ਕੀਤਾ ਗਿਆ । ਸ: ਸੇਖੋਂ ਨੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਅਤੇ ਸਮਾਜ ਦੀ ਸੇਵਾ ਕਰਨ ਲਈ ਉਤਸ਼ਾਹਿਤ ਕਰੇਗਾ । ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸ: ਸੇਖੋਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਸ: ਰੇਸ਼ਮ ਸਿੰਘ ਡੇਲ, ਦਰਸ਼ਨ ਸਿੰਘ ਢਿਲੋਂ, ਕੇਵਲ ਸਿੰਘ ਰੰਧਾਵਾ, ਪ੍ਰਮਿੰਦਰ ਸਿੰਘ ਢਡਵਾੜ ਆਦਿ ਹਾਜ਼ਿਰ ਸਨ ।