You are here

ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਸੱਦੀ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ, ਜੂਨ 2019- ਵੱਡੇ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰਨ ਵਾਲੀ ਭਾਜਪਾ, ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਵਾਉਣ ਦੇ ਆਪਣੇ ਮਿਸ਼ਨ ਬਾਬਤ ਆਮ ਰਾਇ ਬਣਾਉਣ ਵਿੱਚ ਜੁਟ ਗਈ ਹੈ। ਮਿਸ਼ਨ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਚਰਚਾ ਲਈ 19 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚ ਵੱਖ ਵੱਖ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਇਸ ਤਜਵੀਜ਼ਤ ਮੀਟਿੰਗ ਦੌਰਾਨ 2022 ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ, ਇਸ ਸਾਲ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਤੇ ਜ਼ਿਲ੍ਹਿਆਂ ਨਾਲ ਸਬੰਧਤ ਮਸਲੇ ਵੀ ਵਿਚਾਰੇ ਜਾਣਗੇ। ਸ੍ਰੀ ਮੋਦੀ ਨੇ ਇਸ ਤੋਂ ਅਗਲੇ ਦਿਨ 20 ਜੂਨ ਨੂੰ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਵੀ ਸੱਦੀ ਹੈ। ਭਲਕ ਤੋਂ ਸ਼ੁਰੂ ਹੋ ਰਹੇ ਸੰਸਦੀ ਇਜਲਾਸ ਦੀ ਪੂਰਬਲੀ ਸੰਧਿਆ ਸੱਦੀ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕ ਸਭਾ ਵਿੱਚ ਐਤਕੀਂ ਕਈ ਨਵੇਂ ਚਿਹਰੇ ਹਨ ਤੇ ਹੇਠਲੇ ਸਦਨ ਦਾ ਪਲੇਠਾ ਇਜਲਾਸ ਨਵੇਂ ਉਤਸ਼ਾਹ ਤੇ ਸੋਚ ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਇਸ ਨਾਲ ਨਵੇਂ ਭਾਰਤ ਦਾ ਨਿਰਮਾਣ ਹੋਵੇਗਾ। ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਸੰਸਦੀ ਕੰਮਕਾਜ ਨੂੰ ਸੁਖਾਲੇ ਤਰੀਕੇ ਨਾਲ ਚਲਾਉਣ ਲਈ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਮੰਗਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੰਸਦ ਵਿੱਚ ਟੀਮ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ।
17ਵੀਂ ਲੋਕ ਸਭਾ ਦਾ ਪਲੇਠਾ ਮੌਨਸੂਨ ਇਜਲਾਸ ਭਲਕ ਤੋਂ ਸ਼ੁਰੂ ਹੋਵੇਗਾ। ਇਜਲਾਸ ਦੌਰਾਨ ਕੇਂਦਰੀ ਬਜਟ ਪੇਸ਼ ਕਰਨ ਸਮੇਤ ਤੀਹਰੇ ਤਲਾਕ ਤੇ ਹੋਰਨਾਂ ਅਹਿਮ ਬਿਲਾਂ ’ਤੇ ਚਰਚਾ ਸਰਕਾਰ ਦਾ ਸਿਖਰਲਾ ਏਜੰਡਾ ਰਹੇਗਾ। ਉਂਜ ਮੌਨਸੂਨ ਇਜਲਾਸ ਤੋਂ ਪਹਿਲਾਂ ਭਾਜਪਾ ਨੇ ਅੱਜ ਇਥੇ ਸੰਸਦੀ ਪਾਰਟੀ ਦੀ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਬਿਲਾਂ ਦੀ ਮੋਹਰੇ ਹੋ ਕੇ ਅਗਵਾਈ ਕਰੇਗੀ, ਜੋ ‘ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਵਿਸ਼ਵਾਸ’ ਦੀ ਗੱਲ ਕਰਦੇ ਹੋਣਗੇ। ਇਸ ਦੌਰਾਨ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਵਿੱਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੇ ਵੀ ਅੱਜ ਮੌਨਸੂਨ ਇਜਲਾਸ ਦੀ ਪੂਰਬਲੀ ਸੰਧਿਆ ਮੀਟਿੰਗ ਕੀਤੀ ਤੇ ਇਜਲਾਸ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿਲਾਂ ਨੂੰ ਲੈ ਕੇ ਰਣਨੀਤੀ ਬਣਾਈ।
ਸਰਬ ਪਾਰਟੀ ਮੀਟਿੰਗ ਉਪਰੰਤ ਸ੍ਰੀ ਮੋਦੀ ਨੇ ਟਵੀਟ ਕੀਤਾ, ‘ਅੱਜ ਅਸੀਂ ਸਰਬ ਪਾਰਟੀ ਮੀਟਿੰਗ ਕੀਤੀ, ਜੋ ਚੋਣ ਨਤੀਜਿਆਂ ਮਗਰੋਂ ਤੇ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੀ ਪਲੇਠੀ ਮੀਟਿੰਗ ਹੈ। ਆਗੂਆਂ ਦੇ ਬੇਸ਼ਕੀਮਤੀ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ। ਅਸੀਂ ਸਾਰੇ ਸੰਸਦ ਵਿੱਚ ਕੰਮਕਾਜ ਲਈ ਸਹਿਮਤ ਹਾਂ ਤਾਂ ਕਿ ਅਸੀਂ ਸਾਰੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕੀਏ।