ਪਟਨਾ/ਮੁਜ਼ੱਫਰਪੁਰ, ਜੂਨ 2019 ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਸ਼ੱਕੀ ਤੌਰ ’ਤੇ ਦਿਮਾਗੀ ਬੁਖਾਰ ਕਾਰਨ ਇਕ ਹੋਰ ਬੱਚੇ ਦੀ ਮੌਤ ਹੋ ਗਈ, ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਇਸ ਮਹੀਨੇ ਮਰਨ ਵਾਲੇ ਬੱਚਿਆਂ ਦੀ ਗਿਣਤੀ 93 ਹੋ ਗਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਰੇਕ ਮਿ੍ਤਕ ਦੇ ਪਰਿਵਾਰ ਨੂੰ ਚਾਰ-ਚਾਰ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਮੁਜ਼ੱਫਰਪੁਰ ਵਿੱਚ ਬੱਚਿਆਂ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨੂੰ ਚਾਰ-ਚਾਰ ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਨਾਲ ਡਾਕਟਰਾਂ ਨੂੰ ਵੀ ਬਿਮਾਰੀ ’ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸ਼ੱਕੀ ਅਕਿਊਟ ਇਨਸੈਫੇਲਾਈਟਸ ਸਿੰਡਰੋਮ (ਏਈਐਸ) ਨਾਲ ਪੀੜਤ ਬੱਚਿਆਂ ਦੇ ਛੇਤੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕੀਤੀ। ਮੁਜ਼ੱਫਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਸਵੇਰੇ ਨੌਂ ਵਜੇ ਤਕ, ਸਰਕਾਰੀ ਸ੍ਰੀਕਿ੍ਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ(ਐਸਕੇਐਮਸੀਐਚ) ਅਤੇ ਇਕ ਟਰੱਸਟ ਵੱਲੋਂ ਚਲਾਏ ਜਾਂਦੇ ਕੇਜਰੀਵਾਲ ਹਸਪਤਾਲ ਵਿੱਚ 93 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬਿਆਨ ਮੁਤਾਬਕ, ਸ਼ੱਕ ਹੈ ਕਿ ਇਹ ਬੱਚੇ ਏਈਐਸ ਨਾਲ ਪੀੜਤ ਸਨ। ਐਸਕੇਐਮਸੀਐਚ ਵਿੱਚ 60 ਬੱਚਿਆਂ ਦੀ ਮੌਤ ਹੋਈ, ਜਦੋਂ ਕਿ 14 ਬੱਚਿਆਂ ਦੀ ਮੌਤ ਕੇਜਰੀਵਾਲ ਹਸਪਤਾਲ ਵਿੱਚ ਹੋਈ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਚੇ ਹਾਈਪੋਗਲਾਈਸੇਮੀਆ ਨਾਲ ਪੀੜਤ ਸਨ।
ਹਾਈਪੋਗਲਾਈਸੇਮੀਆ ਵਿੱਚ ਖ਼ੂਨ ਵਿੱਚ ਸ਼ੱਕਰ ਦਾ ਪੱਧਰ ਘੱਟ ਜਾਂਦਾ ਹੈ ਅਤੇ ਇਲੈਕਟ੍ਰੋਲਾਈਟ ਦਾ ਸੰਤੁਲਨ ਵੀ ਵਿਗੜ ਜਾਂਦਾ ਹੈ। ਮਰਨ ਵਾਲੇ ਜ਼ਿਆਦਾਤਰ ਬੱਚੇ 10 ਸਾਲ ਤੋਂ ਘਟ ਉਮਰ ਦੇ ਸਨ। ਇਕ ਜੂਨ ਮਗਰੋਂ ਐਸਕੇਐਮਸੀਐਚ ਹਸਪਤਾਲ ਵਿੱਚ 197 ਬੱਚਿਆਂ ਨੂੰ ਭਰਤੀ ਕੀਤਾ ਗਿਆ ਅਤੇ ਕੇਜਰੀਵਾਲ ਹਸਪਤਾਲ ਵਿੱਚ 91 ਬੱਚਿਆਂ ਨੂੰ ਲਿਜਾਇਆ ਗਿਆ। ਕੇਂਦਰੀ ਸਿਹਤ ਮੰਤਰੀ ਨੇ ਐਤਵਾਰ ਨੂੰ ਮੁਜ਼ੱਫਰਪੁਰ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਬੀਮਾਰਾਂ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਮਾਹਿਰਾਂ ਦੀ ਇਕ ਟੀਮ ਨੇ ਬੁੱਧਵਾਰ ਨੂੰ ਮੁਜ਼ੱਫਰਪੁਰ ਦਾ ਦੌਰਾ ਕੀਤਾ ਸੀ।