ਮਹਿਲ ਕਲਾਂ/ ਬਰਨਾਲਾ- 16 ਦਸੰਬਰ- (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ 19 ਦਸੰਬਰ ਨੂੰ ਡਿਪਟੀ ਮੁੱਖ ਮੰਤਰੀ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ ਕਰਨਗੇ ।ਉਕਤ ਜਾਣਕਾਰੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਜਾਰੀ ਇਕ ਪ੍ਰੈਸ ਨੋਟ ਰਾਹੀਂ ਕੀਤਾ ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲਾਰੇ ਲਾਊ ਨੀਤੀਆਂ ਤੋਂ ਤੰਗ ਆ ਕੇ ਇਹ ਫ਼ੈਸਲਾ ਲਿਆ ਗਿਆ ਹੈ ।ਕਿਉਂਕਿ ਪੰਜਾਬ ਸਰਕਾਰ ਨੇ 10 ਸਾਲ ਦੇ ਕਰੀਬ ਸਮਾਂ ਮੈਡੀਕਲ ਪ੍ਰੈਕਟੀਸ਼ਨਰਜ਼ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਹੀ ਬਤੀਤ ਕੀਤਾ ਹੈ ਤੇ ਹੁਣ ਆਹ ਚੰਨੀ ਸਰਕਾਰ ਵੱਲੋਂ ਉਨ੍ਹਾਂ ਦੇ ਮਸਲੇ ਨੂੰ ਊਠ ਦੇ ਬੁੱਲ੍ਹ ਵਾਂਗ ਲਮਕਾ ਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ ।ਡਾ ਬਾਲੀ ਨੇ ਕਿਹਾ ਕਿ ਸਰਕਾਰ ਨਸ਼ਿਆਂ ਦੀ ਆੜ ਹੇਠ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਲੋਕਾਂ ਨਾਲ ਨਸ਼ਿਆਂ ਨੂੰ ਖਤਮ ਕਰਨ ਦਾ ਕੀਤਾ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਲਈ ਬੇਹੂਦਾ ਰਸਤਾ ਅਖ਼ਤਿਆਰ ਕਰ ਰਹੀ ਹੈ ।ਜਦਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਨਸ਼ਿਆਂ ਦੇ ਵਪਾਰੀ ਸਰਕਾਰ ਤੇ ਪੁੁਲਿਸ ਦੇ ਹੀ ਦਾਰੋ-ਮਦਾਰ ਹਨ। ਇਸ ਮੁੱਦੇ ਨੂੰ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਗਲ ਪਾ ਕੇ ਆਪਣੇ ਗਲੋਂ ਗਲਾਮਾ ਲਾਹੁਣਾ ਚਾਹੁੰਦੀ ਹੈ ।ਬਾਲੀ ਨੇ ਐਲਾਨ ਕੀਤਾ ਕਿ ਸਰਕਾਰ ਦੀ ਇਸ ਘਟੀਆ ਕਾਰਗੁਜ਼ਾਰੀ ਦੇ ਚੱਲਦਿਆਂ ਰੋਸ ਵਜੋਂ 19 ਦਸੰਬਰ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ ।ਜਿਸ ਲਈ ਡਾ ਬਾਲੀ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਨਾਲ ਨਾਲ ਭਰਾਤਰੀ ਜਥੇਬੰਦੀਆਂ ਤੇ ਵੈਦ ਮੰਡਲ ਨੂੰ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ।