ਜਗਰਾਉਂ , 01 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੰਦੋਲਨ ਦੇ 427 ਵੇਂ ਦਿਨ ਚ ਦਾਖਲ ਸਥਾਨਕ ਰੇਲ ਪਾਰਕ ਜਗਰਾਂਓ ਵਿਚ ਅਜ ਵੀ ਕਿਸਾਨਾਂ ਮਜਦੂਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਧਰਨਾ ਜਾਰੀ ਰੱਖਿਆ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਦੀ ਪ੍ਰਧਾਨਗੀ ਹੇਠ ਚੱਲੇ ਇਸ ਧਰਨੇ ਚ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਵੇਂ ਲੰਮੇ ਇਤਿਹਾਸਕ ਅੰਦੋਲਨ ਦੇ ਨਿਰੰਤਰ ਵੇਗ ਨੇ ਕਾਰਪੋਰੇਟ ਪੱਖੀ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਹੈ ਪਰ ਛੇ ਹੋਰ ਮਹਤਵਪੂਰਣ ਮੰਗਾਂ ਬਾਰੇ ਅਜੇ ਮੋਦੀ ਹਕੂਮਤ ਨੇ ਕੋਈ ਠੋਸ ਤੇ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ।ਸਿੱਟੇ ਵਜੋਂ ਦਿੱਲੀ ਬਾਰਡਰਾਂ ਅਤੇ ਪੰਜਾਬ ਭਰ ਚ ਸੰਘਰਸ਼ ਮੋਰਚਿਆਂ ਚ ਧਰਨੇ ਜਾਰੀ ਹਨ। ਉਨਾਂ ਕਿਹਾ ਕਿ ਮੋਦੀ ਤੇ ਤੋਮਰ ਦੀ ਅਖਬਾਰੀ ਬਿਆਨਬਾਜੀ ਦਾ ਮਤਲਬ ਕਿਸਾਨ ਲਹਿਰ ਤੋਂ ਗੁੱਝਾ ਨਹੀਂ ਹੈ ਕਿ ਰੱਸੀ ਜਲ ਗਈ ਪਰ ਬਲ ਨਹੀਂ ਗਿਆ।ਓਨਾਂ ਕਿਹਾ ਕਿ ਮਰਿਆ ਸੱਪ ਅਜੇ ਵੀ ਮੇਲਦਾ ਅੰਦਰੋਂ ਅੰਦਰ ਜਹਿਰ ਘੋਲ ਰਿਹਾ ਹੈ।ਇਸ ਸਮੇਂ ਬੁਲਾਰਿਆ ਨੇ ਅੱਜ ਮੋਗਾ ਵਿਖੇ ਪੁਲਸ ਭਰਤੀ ਚ ਘੁਟਾਲੇ ਖਿਲਾਫ ਰੋਸ ਪ੍ਰਗਟ ਕਰਨ ਅਤੇ ਇਸ ਸਬੰਧੀ ਨੇਚਰ ਪਾਰਕ ਚ ਮੀਟਿੰਗ ਕਰਨ ਲਈ ਇਕੱਠੇ ਹੋ ਰਹੇ ਨੋਜਵਾਨ ਆਗੂ ਕਰਮਜੀਤ ਸਿੰਘ ਮਾਣੂਕੇ ,ਮਨਦੀਪ ਸਿੰਘ, ਦਲਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਦੇ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਦੰਦ ਹੋਰ ਹਨ।ਉਨਾਂ ਕਿਹਾ ਕਿ ਜੇਕਰ ਰੁਜ਼ਗਾਰ ਮੰਗਦੇ ਨੋਜਵਾਨਾਂ ਨਾਲ ਇਹੀ ਵਤੀਰਾ ਜਾਰੀ ਰਿਹਾ ਤਾਂ ਨੋਜਵਾਨਾਂ ਦਾ ਵਿਦਰੋਹ ਇਸ ਲੋਕਪੱਖੀ ਹਕੂਮਤ ਤੋਂ ਸਾੰਭਿਆਂ ਨਹੀਂ ਜਾਣਾ ।ਉਨਾਂ ਗ੍ਰਿਫਤਾਰ ਨੋਜਵਾਨ ਆਗੂਆਂ ਨੂੰ ਤੁਰੰਤ ਰਿਹਾ ਕਰਨ ਤੇ ਪੁਲਸ ਭਰਤੀ ਚ ਘੁਟਾਲੇ ਖਿਲਾਫ ਰੋਸ ਪ੍ਰਗਟਾ ਰਹੇ ਨੋਜਵਾਨਾਂ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਹੈ।ਇਸ ਸਮੇਂ ਬੁਲਾਰਿਆਂ ਨੇ ਦੱਸਿਆ ਕਿ ਬੀਤੇ ਕਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੂੰ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ ਮਿਲਿਆ। ਵਫਦ ਨੇ ਜਿਲਾ ਅਧਿਕਾਰੀ ਨੂੰ ਦੱਸਿਆ ਕਿ ਲੁਧਿਆਣਾ ਜਿਲੇ ਚ 37 ਸ਼ਹੀਦ ਕਿਸਾਨ ਪਰਿਵਾਰਾਂ ਚੋਂ ਅਜੇ ਤਕ ਸਿਰਫ ਪੰਜ ਪਰਿਵਾਰਾਂ ਦੇ ਵਾਰਸਾਂ ਨੂੰ ਹੀ ਸਰਕਾਰੀ ਨੌਕਰੀ ਦੇ ਪੱਤਰ ਮਿਲੇ ਹਨ। ਉਨਾਂ ਰਹਿੰਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵਲੋ ਨੌਕਰੀਆਂ ਦੇਣ ਦੇ ਕੀਤੇ ਐਲਾਨ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ। ਵਫਦ ਨੇ ਜਗਰਾਂਓ ਵਾਸੀ ਸ਼ਹੀਦ ਗੁਰਪ੍ਰੀਤ ਸਿੰਘ ਦੇ ਪੀੜਤ ਪਰਿਵਾਰ ਨੂੰ ਅਜੇ ਤਕ ਪੰਜ ਲੱਖ ਰੁਪਏ ਦਾ ਚੈਕ ਸਿਰਫ ਇਸ ਆਧਾਰ ਤੇ ਕਿ ਉਹ ਰਾਮਗੜੀਆ ਬਿਰਾਦਰੀ ਨਾਲ ਸੰਬਧਤ ਹੈ, ਇਨਕਾਰ ਕਰ ਦੇਣ ਦੀ ਸਖਤ ਨਿੰਦਾ ਕੀਤੀ ਹੈ।ਉਨਾਂ ਕਿਹਾ ਕਿ ਜੇਕਰ ਇੱਕ ਹਫਤੇ ਚ ਨੌਕਰੀਆਂ ਤੇ ਮੁਆਵਜੇ ਦੀ ਮੰਗ ਲਾਗੂ ਨਾ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਇਕ ਵੇਰ ਫਿਰ ਸੜਕੀ ਆਵਾਜਾਈ ਠੱਪ ਕਰਨ ਲਈ ਮਜਬੂਰ ਹੋਵੇਗਾ।ਉਨਾਂ ਅਫਸੋਸ ਜਾਹਰ ਕੀਤਾ ਕਿ ਨੌਕਰਸ਼ਾਹੀ ਐਨੀ ਜਿਆਦਾ ਗੈਰਸੰਵੇਦਨਸ਼ੀਲ ਹੈ ਕਿ ਅਪਣੇ ਜੀਆਂ ਤੋਂ ਵਿਰਵੇ ਹੋਣ ਦਾ ਦੁੱਖ ਉਹੀ ਪਰਿਵਾਰ ਸਮਝਦੇ ਹਨ।ਉਨਾਂ ਕਿਹਾ ਕਿ ਲੋਕਲ ਸਿਵਲ ਪ੍ਰਸਾਸ਼ਨ ਦੀ ਸੁਹਿਰਦਤਾ ਵੀ ਸ਼ਕ ਦੇ ਘੇਰੇ ਚ ਹੈ।ਧਰਨੇ ਨੂੰ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ, ਧਰਮ ਸਿੰਘ ਸੂਜਾਪੁਰ, ਜਗਦੀਸ਼ ਸਿੰਘ,,ਕੰਵਲਜੀਤ ਖੰਨਾ, ਜਗਦੀਸ਼ ਸਿੰਘ ਨੇ ਸੰਬੋਧਨ ਕੀਤਾ।ਅਜ ਦੇ ਧਰਨੇ ਚ ਸ਼ਹੀਦ ਉਧਮ ਸਿੰਘ ਟੈਕਸੀ ਉਪਰੇਟਰ ਯੂਨੀਅਨ ਜਗਰਾਂਓ ਅਤੇ ਕਿਸਾਨ ਹਿਤੈਸ਼ੀ ਮੰਦਰ ਸਿੰਘ ਡੱਲਾ ਨੇ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਕ੍ਰਮਵਾਰ ਪ੍ਰਸ਼ਾਦ ਅਤੇ ਜਲੇਬੀਆਂ ਦਾ ਲੰਗਰ ਚਲਾਇਆ।