ਜਗਰਾਉਂ,25 ਨਵੰਬਰ (ਜਸਮੇਲ ਗ਼ਾਲਿਬ ) 421 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਮੋਰਚੇ ਚ ਅੱਜ ਕਿਸਾਨ ਆਗੂ ਹਰਚੰਦ ਸਿੰਘ ਢੋਲਣ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ।ਇਸ ਧਰਨੇ ਚ ਸਭ ਤੋਂ ਪਹਿਲਾਂ ਦਿੱਲੀ ਕਿਸਾਨ ਮੋਰਚੇ ਲਈ ਜਾ ਰਹੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਰਨਾਲਾ ਜਿਲੇ ਦੇ ਕਿਸਾਨ ਬਲਜੀਤ ਸਿੰਘ ਢਿਲਵਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਹੀਦ ਕਿਸਾਨ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਹਾਦਸੇ ਚ ਇਸੇ ਬਲਾਕ ਦੇ ਇਕ ਕਿਸਾਨ ਦੇ ਗੰਭੀਰ ਜਖਮੀ ਹੋਣ ਤੇ ਉਸ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ।ਇਸ ਸਮੇਂ ਬੋਲਦਿਆਂ ਕਿਸਾਨ ਆਗੂਆਂ ਹਰਚੰਦ ਸਿੰਘ ਢੋਲਣ, ਦਲਜੀਤ ਸਿੰਘ ਰਸੂਲਪੁਰ, ਧਰਮ ਸਿੰਘ ਸੂਜਾਪੁਰ ,ਸੁਖਦੇਵ ਸਿੰਘ ਗਾਲਬ, ਹਰਬੰਸ ਸਿੰਘ ਬਾਰਦੇਕੇ ਆਦਿ ਨੇ ਸੰਬੋਧਨ ਕਰਦਿਆਂ ਭਾਜਪਾ ਆਗੂ ਸ਼ੇਤਕਾਰੀ ਸੰਗਠਨ ਦੇ ਆਗੂ ਘਣਤਵ ਦੇ ਉਸ ਬਿਆਨ ਦੀ ਸਖਤ ਨਿੰਦਾ ਕਰਦਿਆਂ ਜਿਸ ਵਿਚ ਉਸਨੇ ਇਨਾਂ ਖੇਤੀ ਕਾਨੂੰਨਾਂ ਦੇ ਹੱਕ ਚ ਇਕ ਲੱਖ ਕਿਸਾਨ ਇਕੱਠੇ ਕਰਨ ਦਾ ਮਾਰੇ ਦਮਗਜੇ ਨੂੰ ਖੇਖਣ ਕਰਾਰ ਦਿੱਤਾ। ਉਨਾਂ ਕਿਹਾ ਕਿ ਇਸ ਆਗੂ ਨੇ ਜਿਸ ਮੁਰਖਪੁਣੇ ਦਾ ਇਜਹਾਰ ਕੀਤਾ ਹੈ ਉਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਸਨੂੰ ਇਨਾਂ ਕਾਲੇ ਕਾਨੂੰਨਾਂ ਬਾਰੇ ਭੋਰਾ ਭਰ ਵੀ ਗਿਆਨ ਨਹੀਂ ਹੈ।ਕਿਸਾਨ ਆਗੂਆਂ ਨੇ ਦਸਿਆ ਕਿ ਅੱਜ ਪੂਰੇ ਦੇਸ਼ ਵਾਂਗ ਪੰਜਾਬ ਦੇ ਵਖ ਵਖ ਜਿਲਿਆਂ ਸਮੇਤ ਲੁਧਿਆਣਾ ਜਿਲੇ ਚੋਂ ਹਜਾਰਾਂ ਕਿਸਾਨ ਮਜਦੂਰ ਦਿੱਲੀ ਮੋਰਚੇ ਚ ਸ਼ਾਮਲ ਹੋਣ ਲਈ ਰਵਾਨਾ ਹੋਏ ਜਿਥੇ ਭਲਕੇ ਸਾਰੇ ਮੋਰਚਿਆਂ ਚ ਭਾਰੀ ਇਕੱਠ ਹੋਣਗੇ ਤੇ ਕਿਸਾਨ ਸੰਘਰਸ਼ ਦੀ ਸ਼ਾਨਾਮੱਤੀ ਵਰੇਗੰਢ ਪੂਰੇ ਇਨਕਲਾਬੀ ਜੋਸ਼ਪੂਰਨ ਨਾਲ ਮਨਾਈ ਜਾਵੇਗੀ। ਲੋਕ ਏਕਤਾ ਦਾ ਹੜ੍ਹ ਸਦਾ ਫਾਸ਼ੀਵਾਦੀ ਹਕੂਮਤਾਂ ਲਈ ਮੋਤ ਦਾ ਪੈਗਾਮ ਲੈ ਕੇ ਆਉਂਦਾ ਹੈ।ਬੁਲਾਰਿਆਂ ਨੇ ਜੋਰ ਦੇ ਕੇ ਸੂਬੇ ਭਰ ਚ ਚਲ ਰਹੀ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ ਹੜਤਾਲ ਦਾ ਜੋਰਦਾਰ ਸਮਰਥਨ ਕੀਤਾ ਹੈ। ਓਨਾਂ ਕਿਹਾ ਕਿ ਨਿਜੀ ਕਰਨ ਤੇ ਠੇਕੇਦਾਰੀ ਪਰਬੰਧ ਦੀ ਚੁੱਕੀ ਚ ਪਿਸ ਰਹੇ ਬਿਜਲੀ ਕਾਮੇ ਵਰਿਆਂ ਤੋਂ ਸੰਘਰਸ਼ ਦੇ ਮੈਦਾਨ ਚ ਹਨ। ਸਾਰੇ ਵਿਭਾਗਾਂ ਦੇ ਠੇਕਾ ਕਾਮੇ ਵਰਿਆਂ ਤੋਂ ਪੱਕੇ ਰੁਜ਼ਗਾਰ ਲਈ ਸੜਕਾਂ ਤੇ ਧੱਕੇ ਖਾਂਦੇ ਲੜਾਈ ਲੜ ਰਹੇ ਹਨ।ਪਰ ਨਾ ਤਾਂ ਕੈਪਟਨ ਨੇ ਤੇ ਨਾ ਚੰਨੀ ਨੇ ਹੀ ਓਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਦਿੱਤਾ ਹੈ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਬਿਜਲੀ ਕਾਮਿਆਂ ਦੀ ਹੜਤਾਲ ਦਾ ਕੋਈ ਠੋਸ ਹੱਲ ਨਾ ਹੋਣ ਕਾਰਨ ਆਮ ਖਪਤਕਾਰ ਪ੍ਰੇਸ਼ਾਨ ਹੋ ਰਹੇ ਹਨ, ਉਨਾਂ ਕਿਹਾ ਕਿ ਠੇਕੇਦਾਰੀ ਤੇ ਆਉਟ ਸੋਰਸਿੰਗ ਕਿਰਤੀਆਂ ਦੀ ਲੁੱਟ ਦਾ , ਮੁਨਾਫੇ ਇਕਤਰ ਕਰਨ ਦਾ ਇਕ ਅਜਿਹਾ ਪਿੱਸੂ ਪੇਸ਼ਾ ਹੈ ਜਿਸ ਦੇ ਖਾਤਮੇ ਲਈ ਮੁਲਾਜਮਾਂ ਮਜਦੂਰਾਂ ਨੂੰ ਕਿਸਾਨਾਂ ਵਾਂਗ ਲੰਮੇ ਤੇ ਨਿਰੰਤਰ ਘੋਲਾਂ ਦੇ ਰਾਹ ਤੁਰਨਾ ਹੀ ਪਵੇਗਾ।ਇਸ ਦੋਰਾਨ ਅਜ ਇਲਾਕੇ ਦੇ ਪਿੰਡਾਂ ਚੋਂ ਦਿੱਲੀ ਵੱਲ ਵਧੇ ਪੱਧਰ ਤੇ ਕੂਚ ਜਾਰੀ ਹੈ।