You are here

ਲੁਧਿਆਣਾ

11 ਸਤੰਬਰ ਨੂੰ ਜਨਮ-ਦਿਨ ਤੇ

ਕਲਮ ਦੇ ਧਨੀ-ਪਿ੍ੰ: ਨਰਿੰਦਰ ਸਿੰਘ ‘ਸੋਚ’
ਪਿ੍ੰ ਨਰਿੰਦਰ ਸਿੰਘ ‘ਸੋਚ’ ਦਾ ਜਨਮ 11 ਸਤੰਬਰ 1908 ਈ: ਨੂੰ ਗਦਰੀ ਬਾਬਾ ਸੋਭਾ ਸਿੰਘ ਦੇ ਘਰ ਮਾਤਾ ਰੂਪ ਕੌਰ ਦੀ ਕੁੱਖ ਤੋਂ ਹਰੀ ਕੇ ਪੱਤਣ ਨੇੜੇ  ਪਿੰਡ ਮਰ੍ਹਾਣਾ ,ਪੱਤੀ ਬਾਬਾ ਲਾਲ ਸਿੰਘ ਜੀ, ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਗੁਰਮਤਿ ਪ੍ਰਚਾਰਕ ਵਿਦਿਆਲਾ ਤਰਨਤਾਰਨ ਤੋਂ ਗੁਰਮਤਿ ਦਾ ਕੋਰਸ ਕਰਨ ਉਪਰੰਤ ਸੰਤ ਗਿਆਨੀ ਅਮੀਰ ਸਿੰਘ ਜੀ ਸੱਤੋਵਾਲੀ ਗਲੀ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਈ ਅਰਥਾਂ ਦੀ ਸੰਥਿਆ ਪ੍ਰਾਪਤ ਕੀਤੀ। 1926 ਈ: ਵਿੱਚ ਉਹਨਾਂ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਲੇਖ ਅਖ਼ਬਾਰਾਂ ਵਿੱਚ ਛਪਣੇ ਸ਼ੁਰੂ ਹੋ ਗਏ। 1930 ਈ: ਵਿੱਚ ਉਹਨਾਂ ਨੇ ਆਪਣੀ ਪਹਿਲੀ ਕਾਵਿ ਰਚਨਾ ‘ਉਡਾਰੀਆਂ’ ਪ੍ਰਕਾਸ਼ਿਤ ਕੀਤੀ, ਜਿਸ ਵਿੱਚ 102 ਰੁਬਾਈਆਂ ਸ਼ਾਮਲ ਸਨ। ‘ਸੋਚ’ ਜੀ ਨੇ 1933 ਈ: ਵਿੱਚ ਨਾਵਲ ‘ਸਤੀ ਸਵਿਤਰੀ’ ਲਿਖਿਆ। 1926-27 ਈ: ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਦੁਆਰਾ ਦੁੱਖ-ਭੰਜਨੀ ਬੇਰੀ ’ਤੇ ਗ੍ਰੰਥੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦੋ ਸਾਲ ਆਪ ਨੇ ਇਹ ਸੇਵਾ ਨਿਭਾਈ।
ਪਿ੍ੰ: ਨਰਿੰਦਰ ਸਿੰਘ ਸੋਚ ਦਾ ਵਿਆਹ 4 ਮਾਰਚ 1934 ਈ: ਨੂੰ ਗਿਆਨੀ ਲਾਲ ਸਿੰਘ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਨਾਲ ਹੋਇਆ ਉਹਨਾਂ ਦੇ ਗ੍ਰਹਿ ਚਾਰ ਲੜਕੇ ਤੇ ਇੱਕ ਲੜਕੀ ਨੇ ਜਨਮ ਲਿਆ। ਉਹਨਾਂ ਦਾ ਵੱਡਾ ਬੇਟਾ ਡਾ: ਹਰਭਜਨ ਸਿੰਘ ਸੋਚ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ ਮੁਕਤ ਹੋਇਆ। ਛੋਟਾ ਬੇਟਾ ਪਰਮਿੰਦਰ ਸਿੰਘ ਅਤੇ ਬੇਟੀ ਡਾ: ਇੰਦੁੂ ਅਮਰੀਕਾ ਵਿੱਚ ਹਨ। 1935 ਵਿੱਚ ਉਹਨਾਂ ਗਿਆਨੀ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ। 1936 ਵਿੱਚ ਲਖਨਉੂ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗ੍ਰੰਥੀ ਦੀ ਸੇਵਾ ਨਿਭਾਈ। ਇੱਥੇ ਹੀ ਸੇਵਾ ਦੌਰਾਨ ਆਪ ਨੇ 200 ਭੱਠਾ ਮਜ਼ਦੂਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਤਿੰਨ ਸਾਲ ਸੇਵਾ ਕਰਨ ਤੋਂ ਬਾਅਦ ਵਾਪਸ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਤੋਂ ਛਪ ਰਹੇ ਪੰਜਾਬੀ ਅਖ਼ਬਾਰ ‘ਪੰਚਕ’ ਦੇ ਐਡੀਟਰ ਲੱਗੇ । ਫਿਰ ਖ਼ਾਲਸਾ ਹਾਈ ਸਕੂਲ ਕੋਟਾ ਵਿਖੇ ਪੰਜਾਬੀ ਟੀਚਰ ਦੇ ਤੌਰ ’ਤੇ ਚਾਰ ਸਾਲ ਪੜ੍ਹਾਉਣ ਦੀ ਸੇਵਾ ਕੀਤੀ। ਇੱਥੇ ਹੀ ਸੋਚ ਜੀ ਸਵੇਰ ਸਮੇਂ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਰਹੇ। ਇੱਥੇ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਗਿਆਨੀ ਕਾਲਜ ਖੋਲ੍ਹਿਆ। ਕੁਝ ਸਮਾਂ ਖ਼ਾਲਸਾ ਹਾਈ ਸਕੂਲ ਅੰਬਾਲਾ ਵਿਖੇ ਸੇਵਾ ਕਰਨ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਸਕੂਲ ਅੰਮ੍ਰਿਤਸਰ ਵਿਖੇ ਆ ਕੇ 1945 ਈ: ਤੱਕ ਧਾਰਮਿਕ ਅਧਿਆਪਕ ਦੀ ਸੇਵਾ ਨਿਭਾਉਂਦੇ ਰਹੇ। ਇਸ ਸਮੇਂ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਲਈ ਧਾਰਮਿਕ ਪੁਸਤਕਾਂ ਲਿਖੀਆਂ।
1945 ਵਿੱਚ ਉਹਨਾਂ ਕਹਾਣੀ ਸੰਗ੍ਰਹਿ ‘ਰਾਹ ਜਾਂਦਿਆਂ’ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਇਸ ਤੋਂ ਬਾਅਦ ਸੋਚ ਜੀ ਲਾਹੌਰ ਚਲੇ ਗਏ ਤੇ ਗਿਆਨੀ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ।
1947 ਦੀ ਵੰਡ ਤੋਂ ਬਾਅਦ ਉਹਨਾਂ ਅੰਮ੍ਰਿਤਸਰ ਆ ਕੇ ਪੰਜਾਬੀ ਦਾ ਰੋਜ਼ਾਨਾ ਅਖ਼ਬਾਰ ‘ਵਰਤਮਾਨ’ ਕੱਢਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ ਮਨਾਉਣ ਸਮੇਂ ਉਹਨਾਂ ਨੂੰ ਸ਼ਤਾਬਦੀ ਸਮਾਰੋਹ ਦਾ ਇੰਚਾਰਜ ਥਾਪਿਆ ਗਿਆ। 9 ਸੂਬਿਆਂ ਵਿੱਚ ਪੰਜਵੀਂ ਸ਼ਤਾਬਦੀ ਨੂੰ ਸਫਲਤਾ ਸਹਿਤ ਮਨਾਉਣ ਲਈ ਕਮੇਟੀਆਂ ਦਾ ਗਠਨ ਕੀਤਾ। ਛੇ ਸੂਬਿਆਂ ਵਿੱਚ ਪ੍ਰਦਰਸ਼ਨੀਆਂ ਲਗਵਾਈਆਂ। ਇਸ ਸਮੇਂ ਸੋਚ ਜੀ ‘ਗੁਰਮਤਿ ਪ੍ਰਕਾਸ਼’ ਮੈਗਜ਼ੀਨ ਦੇ ਸੰਪਾਦਕ ਦੀ ਸੇਵਾ ਨਿਭਾ ਰਹੇ ਸਨ। ਪੰਜਵੀਂ ਸ਼ਤਾਬਦੀ ਸਮੇਂ ‘ਗੁਰੂ ਨਾਨਕ ਬਾਣੀ ਦਰਸ਼ਨ’ ਵਿਸ਼ੇਸ਼ ਅੰਕ ਕੱਢਿਆ। ਗੁਰਦਿਆਲ ਸਿੰਘ ਫੋਟੋਗ੍ਰਾਫਰ ਨੂੰ ਨਾਲ ਲੈ ਕੇ ਉਹਨਾਂ ਪੰਜਾਬ ਅਤੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਫੋਟੋਆਂ ਖਿੱਚੀਆਂ ਤੇ ਇਤਿਹਾਸ ਲਿਖਿਆ। ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਵਿਖੇ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੀ ਸਰਪ੍ਰਸਤੀ  ਹੇਠ ਛਪ ਰਹੇ ਮੈਗਜ਼ੀਨ ‘ਗੁਰ ਸੰਦੇਸ਼’ ਦੀ ਉਹਨਾਂ ਚਾਰ ਸਾਲ ਤੱਕ ਸੇਵਾ ਕੀਤੀ।
ਪ੍ਰਿੰ : ਸੋਚ ਨੇ ਵਿਸ਼ਵ ਪ੍ਰਸਿੱਧ ਪੁਸਤਕਾਂ---ਚਾਰਲਸ ਡਿੰਕਨਜ਼ ਦਾ ਨਾਵਲ ‘ਟੇਲ ਆਫ ਟੂ ਸਿਟੀਜ਼’ ,ਵਿਕਟਰ ਹਿਉੂਗੋ ਦਾ ਨਾਵਲ ‘ਨਾਇਨਟੀ ਥਰੀ’ ਅਤੇ ਰਵਿੰਦਰ ਨਾਥ ਠਾਕੁਰ ਦੀ ਨੋਬਲ ਇਨਾਮ ਜੇਤੂ ਪੁਸਤਕ ‘ਗੀਤਾਂਜਲੀ’ ਦੇ ਪੰਜਾਬੀ ਅਨੁਵਾਦ ਕ੍ਰਮਵਾਰ ਕੈਦੀ, ਮਾਂ ਅਤੇ ਗੀਤਾਂਜਲੀ ਸਿਰਲੇਖ ਅਧੀਨ ਕੀਤੇ। 1942-43 ਵਿੱਚ ਗੋਰਕੀ ਦੇ ਪ੍ਰਸਿੱਧ ਨਾਵਲ ‘ਦਾ ਮਦਰ’ (ਮਾਂ) ਨੂੰ ਪੰਜਾਬੀ ਵਿੱਚ ਪਹਿਲੀ ਵਾਰ ਅਨੁਵਾਦ ਕੀਤਾ। ਖਲੀਲ ਜ਼ਿਬਰਾਨ ਦੀ ਪ੍ਰਸਿੱਧ ਪੁਸਤਕ ‘ਪ੍ਰਾਫੇਟ’ ਦਾ ਅਨੁਵਾਦ ‘ਜ਼ਿੰਦਗੀ’, ਗੋਰਕੀ ਦਾ ਨਾਵਲ ‘ਥ੍ਰੀ’ ਦਾ ਅਨੁਵਾਦ ‘ਚਮਕਦੇ ਤਾਰੇ’, ਸਪੈਨਿਸ਼ ਇਨਕਲਾਬ ਨਾਲ ਸੰਬੰਧਿਤ ਪ੍ਰਸਿੱਧ ਪੁਸਤਕ ‘ਸੈਵਨ ਰੈੱਡ ਸੰਡੇ’ ਦਾ ਅਨੁਵਾਦ ‘ਸੱਤ ਖ਼ੂਨੀ ਐਤਵਾਰ’ ਦੇ ਨਾਂ ਹੇਠ ਕੀਤਾ। 1949 ਵਿੱਚ ਉਹਨਾਂ ਨੇ ‘ਨੋਬਲ ਪ੍ਰਾਈਜ਼ ਜੇਤੂ’ ਕਿਤਾਬ ਲਿਖੀ ਜਿਸ ਵਿੱਚ ਸੰਸਾਰ ਦੇ 35 ਨੋਬਲ ਇਨਾਮ ਜੇਤੂ ਲੇਖਕਾਂ ਤੇ ਉਹਨਾਂ ਦੀਆਂ ਰਚਨਾਵਾਂ ਦਾ ਹਵਾਲਾ ਪੇਸ਼ ਕੀਤਾ। ਸ਼ੈਕਸਪੀਅਰ ਦੀਆਂ ਕਹਾਣੀਆਂ ਦਾ ਅਨੁਵਾਦ ‘ਸ਼ਾਮਾਂ ਪੈ ਗਈਆਂ’ ਅਤੇ ‘ਤਾਰੇ ਗਿਣਦਿਆਂ’ ਪ੍ਰਕਾਸ਼ਿਤ ਕੀਤਾ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੇ ਗੁਰੂ ਨਾਨਕ ਦਰਸ਼ਨ, ਬਾਣੀ ਤੇ ਸ਼ਬਦਾਰਥ, ਬ੍ਰਹਮ-ਗਿਆਨੀ ਬਾਬਾ ਬੁੱਢਾ ਜੀ, ਜੀਵਨ ਦਰਸ਼ਨ ਬਾਬਾ ਖੜਕ ਸਿੰਘ ਜੀ, ਸੁਧਾਸਰ ਦੇ ਹੰਸ, ਪੰਜਾਬ ਦਾ ਖ਼ੂਨੀ ਇਤਿਹਾਸ, ਜੀਵਨ ਤੇ ਜੀਵਨ ਦਰਸ਼ਨ ਬ੍ਰਹਮ-ਗਿਆਨੀ ਬਾਬਾ ਜਗਤਾ ਜੀ, ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੁੂ, ਜੀਵਨ ਗਿਆਨੀ ਕਿ੍ਰਪਾਲ ਸਿੰਘ ਜੀ, ਅਮੀਰ ਸਿਧਾਂਤ ਸੰਤ ਗਿਆਨੀ ਅਮੀਰ ਸਿੰਘ ਜੀ, ਪਰਮਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਮਾਜ ਦਾ ਨਰਕ (ਨਾਵਲ), ਟੁੱਟਦੇ ਤਾਰੇ (ਨਾਵਲ), ਰਾਤ ਹਨੇਰੀ (ਨਾਵਲ), ਫਾਂਸੀ (ਨਾਵਲ), ਜ਼ਿੰਦਗੀ, ਦੁਨੀਆਂ ਵਿੱਚ ਪਹਿਲੀ ਮੌਤ, ਪਿੰਡ ਫਾਟਾ ਮਾਰਾ (ਨਾਵਲ), ਬੱਚਿਆਂ ਲਈ ਸਿੱਖ ਇਤਿਹਾਸ, ਸੰਤ ਮਰਾਲ ਜੀਵਨ ਤੇ ਜੀਵਨ ਦਰਸ਼ਨ, ਨਹਿਰੂ ਪਰਿਵਾਰ, ਚਿੜੀਆ ਘਰ, ਬਾਬਾ ਲਖਮੀ ਚੰਦ, ਬਾਬਾ ਸ੍ਰੀ ਚੰਦ ਦਰਸ਼ਨ, ਅਣਕੰਡਿਆਲਾ ਗੁਲਾਬ ਬੀਬੀ ਕਰਤਾਰ ਕੌਰ, ਅਣਮੋਲ ਹੀਰੇ, ਭਗਤ ਪੂਰਨ ਸਿੰਘ ਜੀਵਨ (ਦੋ ਭਾਗਾਂ ਵਿੱਚ), ਮਰਯਾਦਾ ਪੁਰਸ਼ੋਤਮ ਸੰਤ ਬਾਬਾ ਸੁੱਚਾ ਸਿੰਘ ਜੀ, ਹਮ ਰੁਲਤੇ ਫਿਰਤੇ ਸਵੈ-ਜੀਵਨੀ ਸਮੇਤ 70 ਤੋਂ ਵੱਧ ਪੁਸਤਕਾਂ ਅਨੁਵਾਦ, ਸੰਪਾਦਨਾ ਤੇ ਕਲਮ ਰਾਹੀਂ ਲਿਖ ਕੇ ਸਿੱਖ ਜਗਤ ਨੂੰ ਭੇਟ ਕੀਤੀਆਂ।
ਪ੍ਰਿੰ: ਨਰਿੰਦਰ ਸਿੰਘ ਸੋਚ ਆਪਣੇ ਆਪ ਵਿੱਚ ਇੱਕ ਮੁਕੰਮਲ ਕੋਸ਼ ਸਨ। ਉਹਨਾਂ ਜ਼ਲ੍ਹਿਆਂਵਾਲਾ ਬਾਗ਼ ਦਾ ਸਾਕਾ, ਦੁਨੀਆਂ ਦੀਆਂ ਦੋਵੇਂ ਜੰਗਾਂ, 1947 ਦੀ ਵੰਡ ਦਾ ਦੁਖਾਂਤ, ਅਕਾਲੀ ਲਹਿਰ ਦੇ ਉਤਰਾਅ-ਚੜ੍ਹਾਅ, ਅਕਾਲੀਆਂ ਦੇ ਮੋਰਚੇ, ਪੰਜਾਬੀ ਸੂਬੇ ਲਈ ਜੱਦੋ-ਜਹਿਦ, 1978 ਤੋਂ ਆਰੰਭ ਹੋਏ ਪੰਜਾਬ ਦੇ ਸੰਤਾਪ, 1984 ਵਿੱਚ ਵਾਪਰੇ ਦੁਖਾਂਤ ਪਿੱਛੋਂ ਖੁੰਬਾਂ ਵਾਂਗ ਉੱਗਦੀਆਂ ਢਹਿੰਦੀਆਂ ਸਰਕਾਰਾਂ ਦੇ ਉਹ ਚਸ਼ਮਦੀਦ ਗਵਾਹ ਸਨ।
ਪ੍ਰਿੰ: ਨਰਿੰਦਰ ਸਿੰਘ ਸੋਚ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੰਤ ਪੰਡਿਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ ਤੋਂ ਹੋਏ। ਡੇਰਾ ਸੰਤਪੁਰਾ ਯਮੁਨਾ ਨਗਰ ਵਿਖੇ ਰਹਿ ਕੇ ਉਹਨਾਂ ‘ਗੁਰ ਸੰਦੇਸ਼’ ਮੈਗਜ਼ੀਨ ਦੇ ਸੰਪਾਦਕ ਦੇ ਨਾਲ-ਨਾਲ ਗੁਰਬਾਣੀ, ਗੁਰਮਤਿ ਦੀਆਂ ਕਲਾਸਾਂ ਲੈ ਕੇ ਹਜ਼ਾਰਾਂ ਹੀ ਬੱਚੇ-ਬੱਚੀਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਿਆ। ਉਹਨਾਂ ਦਾ ਰੋਜ਼ਾਨਾ ਨੇਮ ਸੀ ਕਿ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰੀਲੇਅ (ਸਿੱਧਾ ਪ੍ਰਸਾਰਣ) ਹੋ ਰਹੇ ਕੀਰਤਨ ਨੂੰ ਰੇਡੀਓ ਤੋਂ ਸੁਣਦੇ ਸਨ। ਫਿਰ ਇਸ਼ਨਾਨ ਕਰਨ ਉਪਰੰਤ ਨਿੱਤ-ਨੇਮ ਕਰਦੇ ਸਨ। ਫਿਰ ਸੈਰ ਕਰਨ ਵਾਸਤੇ ਚਲੇ ਜਾਂਦੇ ਸਨ। ਸੈਰ ਤੋਂ ਬਾਅਦ ਆਪ ਨਾਸ਼ਤਾ ਕਰਕੇ ਲਿਖਣਾ ਆਰੰਭ ਕਰ ਦਿੰਦੇ ਸਨ। ਪ੍ਰਿੰ: ਸੋਚ ਮਿਲਣ ਵਾਲਿਆਂ ਨੂੰ ਪੂਰਾ ਖੁੱਲ੍ਹਾ ਸਮਾਂ ਦਿੰਦੇ ਸਨ। ਉਹਨਾਂ ਦੇਸ਼ ਦੀ ਵੰਡ ਸਮੇਂ ਅੰਮ੍ਰਿਤਸਰ ਦੇ ਲੋਕਾਂ ਨੂੰ ਲੁੱਟ-ਮਾਰ ਤੋਂ ਬਚਾਇਆ ਤੇ ਫਿਰ ਜੱਜ ਨੂੰ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾ ਕੇ ਸ਼ਰਨਾਰਥੀਆਂ ਨੂੰ ਅਲਾਟਮੈਂਟ ਕਰਵਾਈ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਬਹੁਤ ਹੀ ਮਿੱਠਬੋਲੜੇ ਤੇ ਮਿਲਣਸਾਰ ਸਨ। ਉਹਨਾਂ ਦੇ ਮਿੱਠੇ ਬੋਲ ਹੀ ਵਿਅਕਤੀ ਨੂੰ ਆਪਣੇ ਵੱਲ ਖਿੱਚ ਲੈਂਦੇ ਸਨ। ਉਹ ਪੰਜਾਬੀ, ਹਿੰਦੀ, ਸੰਸਕ੍ਰਿਤ, ਬ੍ਰਜ, ਉਰਦੂ, ਫ਼ਾਰਸੀ, ਅਰਬੀ ਤੇ ਅੰਗਰੇਜ਼ੀ ਭਾਸ਼ਾਵਾਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਸਨ। ਉਹਨਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਸੀ। ਪ੍ਰਿੰ: ‘ਸੋਚ’ ਨੇ ‘ਜੀਵਨ ਤੇ ਜੀਵਨ ਦਰਸ਼ਨ ਬਾਬਾ ਤੀਰਥ ਸਿੰਘ ਸੇਵਾਪੰਥੀ’ ਲਿਖਣਾ ਸ਼ੁਰੂ ਕੀਤਾ। ਇਹਨਾਂ ਸਤਰਾਂ ਦਾ ਲੇਖਕ ਅੰਮ੍ਰਿਤਸਰ ਜਾ ਕੇ ‘ਭਾਈ ਕਨੱਈਆ ਸੇਵਾ ਜੋਤੀ’ ਪੰਜਾਬੀ ਮਾਸਿਕ ਮੈਗਜ਼ੀਨ ਵਿੱਚ ਛਾਪਣ ਲਈ ਮਹੰਤ ਤੀਰਥ ਸਿੰਘ ਜੀ ਦੇ ਜੀਵਨ-ਗਾਥਾ ਦੀਆਂ ਕਿਸ਼ਤਾਂ ਸੋਚ ਜੀ ਪਾਸੋਂ ਲਿਖਵਾ ਕੇ ਲਿਆਉਂਦਾ ਰਿਹਾ ਜੋ ਮੈਗਜ਼ੀਨ ਵਿੱਚ ਛਪਦੀਆਂ ਰਹੀਆਂ।
ਨਰਿੰਦਰ ਸਿੰਘ ਸੋਚ ਜਿਨ੍ਹਾਂ ਨੇ ਸੇਵਾਪੰਥੀ ਮਹਾਂਪੁਰਸ਼ ਬਾਬਾ ਜਗਤਾ ਜੀ ਦਾ ਜੀਵਨ ਮਾਖਿਓਂ ਮਿੱਠੀ ਤੇ ਬਹੁਤ ਹੀ ਸੁਖੈਨ ਬੋਲੀ ਵਿੱਚ ਲਿਖਿਆ, ਜਿਸ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ। ਇਸ ਪੁਸਤਕ ਦੇ ਸੱਤ ਐਡੀਸਨ  ਛਪ ਚੁੱਕੇ ਹਨ। ਮੈਨੂੰ ਯਾਦ ਹੈ,ਦਸੰਬਰ 1996 ਵਿੱਚ  ਦਾਸ ਨਾਲ ਬਚਨ ਬਿਲਾਸ ਕਰਦਿਆਂ  ਮਹੰਤ ਤੀਰਥ ਸਿੰਘ ਜੀ 'ਸੇਵਾਪੰਥੀ' ਨੇ ਕਿਹਾ ਕਿ ਬਾਬਾ ਜਗਤਾ ਜੀ ਦੇ ਸਾਲਾਨਾ ਯੱਗ- ਸਮਾਗਮ ਤੇ ਪ੍ਰਿੰ: ਨਰਿੰਦਰ ਸਿੰਘ 'ਸੋਚ' ਨੂੰ ਸਨਮਾਨਿਤ ਕਰਨਾ ਹੈ। ਜਦੋਂ ਮੈਂ (ਲੇਖਕ) ਸੋਚ  ਜੀ ਕੋਲ ਗਿਆ ਤਾਂ ਉਹਨਾਂ ਕਿਹਾ ਕਿ  ਬਿਰਧ ਅਵਸਥਾ ਹੋਣ ਕਰਕੇ ਹੁਣ ਚੱਲ ਨਹੀਂ ਸਕਦਾ। ਮੈਂ ਜਦ ਅੰਮ੍ਰਿਤਸਰ ਤੋਂ ਵਾਪਸ ਆ ਕੇ ਮਹੰਤ ਤੀਰਥ ਸਿੰਘ ਜੀ ਨੂੰ ਦੱਸਿਆ ਤਾਂ ਮਹੰਤ ਤੀਰਥ ਸਿੰਘ ਜੀ ਨੇ ਸ੍ਰ: ਜੋਗਿੰਦਰ ਸਿੰਘ ਘੜੀਆਂ ਵਾਲੇ ਜੋ ਹਾਲ ਬਜ਼ਾਰ ਅੰਮ੍ਰਿਤਸਰ ਰਹਿੰਦੇ ਸਨ, ਉਹਨਾਂ ਦੀ ਡਿਊਟੀ ਲਗਾ ਦਿੱਤੀ ਤੇ ਕਿਹਾ ਕਿ ਜਦੋਂ ਆਪ ਯੱਗ -ਸਮਾਗਮ ਤੇ ਆਉ  ਤਾਂ ਪ੍ਰਿੰ :  ਨਰਿੰਦਰ ਸਿੰਘ 'ਸੋਚ' ਨੂੰ ਗੱਡੀ (ਕਾਰ) ਵਿੱਚ ਨਾਲ ਲੈਂਦੇ ਆਉਣਾ। ਮਹੰਤ ਪਰਮਜੀਤ ਸਿੰਘ ਜੀ 'ਸੇਵਾਪੰਥੀ ' ਰੋਹਤਕ ਵਾਲੇ 14 ਜਨਵਰੀ ਨੂੰ ਸਵੇਰੇ ਅੰਮ੍ਰਿਤਸਰ ਕਿਸੇ ਪ੍ਰੋਗਰਾਮ ਤੇ ਗਏ ਹੋਏ ਸਨ। ਮਹੰਤ ਤੀਰਥ ਸਿੰਘ ਜੀ ਨੇ ਫੋਨ ਕਰਕੇ ਮਹੰਤ ਪਰਮਜੀਤ ਸਿੰਘ ਜੀ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ -ਚਾਂਸਲਰ ਡਾਕਟਰ ਹਰਭਜਨ ਸਿੰਘ 'ਸੋਚ' ਦੇ ਪਿਤਾ ਪ੍ਰਿੰ: ਨਰਿੰਦਰ ਸਿੰਘ 'ਸੋਚ' ਨੂੰ ਅੱਜ ਰਾਤ ਨੂੰ ਸਨਮਾਨਿਤ ਕਰਨਾ ਹੈ , ਉਹਨਾਂ ਨੂੰ ਨਾਲ ਲੈਂਦੇ ਆਉਣਾ। ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੂੰ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਨੇ 14 ਜਨਵਰੀ 1997 ਈ: ਰਾਤ ਨੂੰ ਭਰੇ ਹੋਏ ਦੀਵਾਨ ਹਾਲ ਵਿੱਚ ਸੰਗਤਾਂ ਦੇ ਜੈਕਾਰਿਆਂ ਦੀ ਗੂੰਜਾਰ ਵਿੱਚ 11000 ਰੁਪਏ ਨਕਦ, ਸ਼ਾਲ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ। ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ’ਤੇ 16 ਸਤੰਬਰ 1993 ਈ: ਨੂੰ ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੂੰ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਨਾਲ ਸੋਚ ਜੀ ਨੂੰ ਸਨਮਾਨਿਤ ਕੀਤਾ ਗਿਆ। ਹੋਰ ਵੀ ਬਹੁਤ ਮਾਣ-ਸਨਮਾਨ ਪ੍ਰਾਪਤ ਹੋਏ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਅਲਾਮਾ ਇਕਬਾਲ, ਪੋ੍: ਪੂਰਨ ਸਿੰਘ, ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਸਿਰਦਾਰ ਕਪੂਰ ਸਿੰਘ, ਪ੍ਰਿੰ: ਤੇਜਾ ਸਿੰਘ, ਡਾ: ਗੰਡਾ ਸਿੰਘ, ਸ੍ਰ: ਸਾਧੂ ਸਿੰਘ ਹਮਦਰਦ, ਸ੍ਰ: ਨਾਨਕ ਸਿੰਘ ਦੇ ਬਹੁਤ ਨਿਕਟਵਰਤੀ ਰਹੇ। ਪ੍ਰਿੰ: ਨਰਿੰਦਰ ਸਿੰਘ ਸੋਚ 98 ਸਾਲ ਦੀ ਉਮਰ ਬਤੀਤ ਕਰਕੇ 16 ਮਈ 2006 ਈ: ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
Email- karnailSinghma@gmail.com

ਸੋਨਾ ਸਮੱਗਲਿੰਗ ਕਰਨ ਵਾਲੇ 2 ਦੋਸ਼ੀ ਨਜਾਇਜ ਅਸਲਾ ਸਮੇਤ ਗ੍ਰਿਫਤਾਰ

  1 ਕਿਲੋ 230 ਗ੍ਰਾਮ ਸੋਨਾ ਪੇਸਟ ਬ੍ਰਾਮਦ 
ਲੁਧਿਆਣਾ, 10 ਸਤੰਬਰ (ਟੀ. ਕੇ.)
ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਐਕਸ਼ਨ ਲੈਂਦੇ ਹੋਏ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ .ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ, ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ-2, ਲੁਧਿਆਣਾ ਦੀ ਅਗਵਾਈ ਹੇਠ ੀਂਸ਼ਫ ਬੇਅੰਤ ਜੁਨੇਜਾ, ਇੰਚਾਰਜ ਕਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਚੈਕਿੰਗ ਦੌੋਰਾਨ ਇਤਲਾਹ ਮਿਲੀ ਸੀ ਕਿ ਆਜਾਦ ਸਿੰਘ, ਆਸ਼ੂ ਕੁਮਾਰ ਉਰਫ ਆਸ਼ੂ, ਪੁਨੀਤ ਸਿੰਘ ਉਰਫ ਗੁਰੁੂ ਉਰਫ ਪੰਕਜ ਜੋ ਅਜਾਦ ਕੁਮਾਰ ਦਾ ਜੀਜਾ ਹੈ ਅਤੇ ਪਰਵਿੰਦਰ ਸਿੰਘ ਜੋ ਪੁਨੀਤ ਸਿੰਘ ਉਰਫ ਗੁਰੁੂ ਉਰਫ ਪੰਕਜ ਦਾ ਜਾਣਕਾਰ ਹੈ ਨਾਲ ਮਿਲਕੇ ਨਜਾਇਜ ਤੌਰ  'ਤੇ ਸੋਨੇ ਦੀ ਸਮੱਗਲਿੰਗ ਕਰਨ ਦਾ ਧੰਦਾ ਕਰਦੇ ਹਨ।ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਅੱਜ ਵੀ ਦੋਵੇਂ ਜਣੇ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਅਤੇ ਪਰਵਿੰਦਰ ਸਿੰਘ ਵੱਲੋਂ ਭੇਜੀ ਸੋਨੇ ਦੀ ਖੇਪ ਅੰਮ੍ਰਿਤਸਰ ਤੋਂ ਲੈ ਕੇ ਆਏ ਹਨ ਅਤੇ ਗਰੀਨ ਲੈਂਡ ਸਕੂਲ ਜਲੰਧਰ ਬਾਈਪਾਸ ਲੁਧਿਆਣਾ ਨੇੜੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਜੀ.ਟੀ.ਰੋਡ ਪਰ ਖੜ੍ਹੇ ਕਿਸੇ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ਕੋਲ ਨਜਾਇਜ ਅਸਲਾ ਵੀ ਹੈ ਦੇ ਖਿਲਾਫ ਮੁਕੱਦਮਾ ਨੰਬਰ 163 ਮਿਤੀ 09.09.2023 ਅੰਡਰ ਸੈਕਸ਼ਨ 25/54/59 ਆਰਮਜ ਐਕਟ ਅਧੀਨ ਥਾਣਾ ਸਲੇਮ ਟਾਬਰੀ ਲੁਧਿਆਣਾ ਵਿਚ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ  ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਨੂੰ ਗ੍ਰਿਫਤਾਰ ਕਰਕੇ ਉਹਨਾ ਕੋਲੋਂ 01 ਕਿਲੋ ਗ੍ਰਾਮ ਸੋਨਾ ਪੇਸਟ ਅਤੇ 01 ਪਿਸਟਲ, 32 ਬੋਰ ਦੇਸੀ ਅਤੇ 05 ਰੌੰਦ 32 ਬੋਰ ਜਿੰਦਾ ਬ੍ਰਾਮਦ ਕੀਤਾ ਹੈ।ਦੋਸ਼ੀ ਆਸ਼ੂ ਕੁਮਾਰ ਦੀ ਨਿਸ਼ਾਨਦੇਹੀ  'ਤੇ ਉਸ ਦੇ ਕਿਰਾਏ ਵਾਲੇ ਕਮਰੇ ਅੰਮ੍ਰਿਤਸਰ ਵਿੱਚੋ 230 ਗ੍ਰਾਮ ਸੋਨਾ ਪੇਸਟ ਬ੍ਰਾਮਦ ਕਰਵਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਸਬੰਧੀ ਕਸਟਮ ਵਿਭਾਗ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਪੁਲਿਸ ਮੁਤਾਬਿਕ ਦੋਸ਼ੀਆਂ ਕੋਲੋਂ ਕੀਤੀ ਗਈ ਪੁੱਛ-ਗਿੱਛ ਦੌੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਨੀਤ ਸਿੰਘ ਉਰਫ ਗੁਰੂ ਆਜਾਦ ਸਿੰਘ ਨੂੰ ਦੁਬਈ ਤੋਂ ਆਉਣ ਵਾਲੇ ਯਾਤਰੀ ਦੀ ਫੋਟੋ ਵੱਟਸਐਪ ਕਰਦਾ ਹੈ।ਆਜਾਦ ਸਿੰਘ ਅਤੇ ਆਸ਼ੂ ਏਅਰ ਪੋਰਟ  'ਤੇ ਪਹੁੰਚ ਕੇ ਉਸ ਵਿਅਕਤੀ ਨੂੰ ਪਹਿਚਾਣ ਕੇ ਉਸ ਕੋਲੋਂ ਸੋਨੇ ਦੀ ਖੇਪ ਹਾਸਲ ਕਰ ਲੈਂਦੇ ਹਨ ਅਤੇ ਉਸ ਨੂੰ ਪੁੱਛਦੇ ਹਨ ਕਿ ਰਸਤੇ ਵਿੱਚ ਥੋਨੂੰ ਕੋਈ ਪ੍ਰੇਸ਼ਾਨੀ ਤਾਂ ਨਹੀ ਆਈ ਅਤੇ ਉਸ ਨੂੰ ਸੋਨਾ ਲਿਆਉਣ ਬਦਲੇ 20,000 ਰੁਪਏ ਨਗਦ ਦੇ ਦਿੰਦੇ ਹਨ।ਇਹ ਦੋਸ਼ੀ ਅਜਾਦ ਸਿੰਘ ਆਪਣੇ ਸਾਥੀ ਆਸ਼ੂ ਕੁਮਾਰ ਉਰਫ ਆਸ਼ੂ ਨਾਲ ਮਿਲ ਕੇ ਪਿਛਲੇ 2 ਮਹੀਨਿਆਂ ਤੋਂ ਅੰਮ੍ਰਿਤਸਰ ਦੇ ਵੱਖ ਵੱਖ ਹੋਟਲਾਂ ਵਿੱਚ ਠਹਿਰ ਕੇ ਆਪਣੇ ਜੀਜੇ ਪੁਨੀਤ ਸਿੰਘ ਉਰਫ ਗੁਰੁ ਵੱਲੋਂ ਕਰੀਬ 50 ਵਾਰ ਭੇਜੀ ਸੋਨੇ ਦੀ ਖੇਪ ਵੱਖ-ਵੱਖ ਟਿਕਾਣਿਆਂ 'ਤੇ ਦਿੱਲੀ ਦੇ ਰਹਿਣ ਵਾਲੇ ਵਿਅਕਤੀਆਂ ਨੂੰ ਪਹੁੰਚਾ ਚੁਕੇ ਹਨ।
ਪੁਲਿਸ ਪਾਰਟੀ ਵਲੋਂ 

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦਾ ਵੇਰਵਾ

-01
ਆਜਾਦ ਸਿੰਘ ਪੁੱਤਰ ਤੇਲੂ ਰਾਮ ਵਾਸੀ ਪਿੰਡ ਗੜੋਲਾ ਥਾਣਾ ਗਾਗਾੜੇੜੀ ਜਿਲਾ ਸਹਾਰਨਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 03 ਮੁਹੱਲਾ ਸੁਦਰਸ਼ਨ ਨਗਰ 100 ਫੁੱਟੀ ਸੜਕ ਨੇੜੇ ਹਨੂੰਮਾਨ ਮੰਦਿਰ ਸੁਲਤਾਨਵਿੰਡ ਰੋਡ ਥਾਣਾ ਬੀ ਡਵੀਜਨ ਅੰਮ੍ਰਿਤਸਰ।

ਉਮਰ :-30 ਸਾਲ
ਪੜ੍ਹਾਈ-ਬਾਰਵੀਂ ਪਾਸ
ਕੰਮਕਾਰ-ਪਿੰਡ ਤੇਜੂਪੁਰ ਜਿਲਾ ਹਰਿਦੁਆਰ ਉਤਰਾਖੰਡ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਦਾ ਹੈ ।

ਦੋਸ਼ੀ ਗ੍ਰਿਫਤਾਰ (09.09.2023)
01 ਕਿਲੋ ਗ੍ਰਾਮ ਸੋਨਾ ਪੇਸਟ 

02 ਰੌਂਦ 32 ਬੋਰ ਜਿੰਦਾ
   ਕੋਈ ਨਹੀਂ 

-02
ਆਸ਼ੂ ਕੁਮਾਰ ਉਰਫ ਆਸ਼ੂ ਪੁੱਤਰ ਪਹਿਲ ਸਿੰਘ ਵਾਸੀ ਪਿੰਡ ਸਰਥਲ ਥਾਣਾ ਸਰਸਾਵਣ ਜਿਲਾ ਸਹਾਰਨਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 03 ਮੁਹੱਲਾ ਸੁਦਰਸ਼ਨ ਨਗਰ 100 ਫੁੱਟੀ ਸੜਕ ਨੇੜੇ ਹਨੂੰਮਾਨ ਮੰਦਿਰ ਸੁਲਤਾਨਵਿੰਡ ਰੋਡ ਥਾਣਾ ਬੀ ਡਵੀਜਨ ਅੰਮ੍ਰਿਤਸਰ।

ਉਮਰ :-22 ਸਾਲ
ਪੜ੍ਹਾਈ ਬਾਰਵੀਂ ਪਾਸ
ਕੰਮਕਾਰ-ਪਹਿਲਾ ਆਟੋ ਰਿਕਸ਼ਾ ਚਲਾਉਂਦਾ ਸੀ ਤੇ ਹੁਣ ਅਜਾਦ ਸਿੰਘ ਨਾਲ 20 ਹਜਾਰ ਰੁਪਏ ਮਹੀਨੇ 'ਤੇ ਕੰਮ ਕਰਦਾ ਹੈ। 

ਦੋਸ਼ੀ ਗ੍ਰਿਫਤਾਰ (09.09.2023)
230 ਗ੍ਰਾਮ ਸੋਨਾ ਪੇਸਟ 

01 ਪਿਸਟਲ 32 ਬੋਰ ਦੇਸੀ ਸਮੇਤ ਮੈਗਜੀਨ ਅਤੇ 03 ਰੌਂਦ ਜਿੰਦਾ 32 ਬੋਰ
ਲੜਾਈ ਝਗੜੇ ਦਾ ਇੱਕ ਮੁਕੱਦਮਾ ਥਾਣਾ ਸਰਸਾਵਣ ਜਿਲਾ ਸਹਾਰਨਪੁਰ ਯੂ.ਪੀ ਵਿਖੇ ਦਰਜ ਹੈ। ਪੁਲਿਸ ਮੁਤਾਬਿਕ ਅਜੇ ਦੋ ਦੋਸ਼ੀ ਪੁਲਿਸ ਦੇ ਪਕੜ ਤੋਂ ਬਾਹਰ ਹਨ ਅਤੇ ਉਨ੍ਹਾਂ ਦੋਸ਼ੀਆਂ ਵਿਚ 

ਪੁਨੀਤ ਸਿੰਘ ਉਰਫ ਗੁਰੁੂ ਉਰਫ ਪੰਕਜ ਪੁੱਤਰ ਪਹਿਲ ਸਿੰਘ ਵਾਸੀ ਪਿੰਡ ਚੂੜੀਆਲਾ ਜਿਲਾ ਹਰਿਦੁਆਰ ਉਤਰਾਖੰਡ ਹਾਲ ਵਾਸੀ ਦੁਬਈ
(ਦੋਸ਼ੀ ਅਜਾਦ ਕੁਮਾਰ ਦਾ ਜੀਜਾ) ਅਤੇ 
ਪਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੀਓਵਾਲ ਥਾਣਾ ਮੇਹਰਬਾਨ ਲੁਧਿਆਣਾ ਹਾਲ ਵਾਸੀ ਦੁਬਈ ਸ਼ਾਮਲ ਹਨ। ਪੁਲਿਸ ਮੁਤਾਬਿਕ  ੳਪਰੋਕਤ ਕਥਿਤ ਦੋਸ਼ੀਆਂ ਵੱਲੋਂ 15 ਜੁਲਾਈ 2023 ਤੋਂ ਲੈ ਕੇ ਅੱਜ ਤੱਕ ਦੁਬਈ ਤੋਂ ਆਏ 50 ਯਾਤਰੀਆਂ ਰਾਹੀਂ ਲਗਭਗ 50 ਕਿਲੋ ਸੋਨੇ ਦੀ ਸਮਗਲਿੰਗ ਕੀਤੀ ਹੈ, ਜਿਸਦੀ ਬਾਜਾਰ ਵਿੱਚ ਕੀਮਤ 30 ਕਰੋੜ ਰੁਪਏ ਬਣਦੀ ਹੈ।

ਅੱਖ ਦਾਨ ਦੀ ਮਹੱਤਤਾ ਸਬੰਧੀ ਸਮਾਗਮ ਕਰਵਾਇਆ 

ਲੁਧਿਆਣਾ, 8 ਸਤੰਬਰ (ਟੀ. ਕੇ.) ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਅੱਖ ਵਿਗਿਆਨ ਵਿਭਾਗ ਵਲੋਂ ਡਾਕਟਰਾਂ, ਨਰਸਾਂ ਅਤੇ ਮੈਡੀਕਲ ਵਿਦਿਆਰਥੀਆਂ ਲਈ ਅੱਖ ਦਾਨ ਦੀ ਮਹੱਤਤਾ ਅਤੇ ਜਾਗਰੂਕਤਾ ਸਬੰਧੀ 18ਵਾਂ  ਸਲਾਨਾ  ਕੁਇਜ ਅਤੇ ਜਾਗਰੂਕਤਾ ਭਾਸ਼ਣ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾ. ਵਿਲੀਅਮ ਭੱਟੀ, ਡਾਇਰੈਕਟਰ, ਸੀ. ਐਮ. ਸੀ. ਐਂਡ ਐਚ. ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਦੀਆਂ ਆਮ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਅਜਿਹੇ ਪ੍ਰੋਗਰਾਮ ਸਾਰਿਆਂ ਲਈ ਲਾਹੇਵੰਦ ਸਾਬਤ ਹੁੰਦੇ ਹਨ। ਇਸ ਮੌਕੇ ਡਾ. ਜੈਰਾਜ ਡੀ ਪਾਂਡੀਅਨ ਪ੍ਰਿੰਸੀਪਲ ਸੀ ਐਮ ਸੀ  ਨੇ ਸਾਰੇ ਵਿਦਿਆਰਥੀਆਂ ਲਈ ਨਿਯਮਤ ਅਕਾਦਮਿਕ ਸੈਸ਼ਨ ਕਰਵਾਉਣ ਦੀ ਮਹੱਤਤਾ ਨੂੰ ਦੁਹਰਾਇਆ।ਇਸ ਮੌਕੇ 
ਪ੍ਰੋਗਰਾਮ ਦੇ ਮੁੱਖ ਮਹਿਮਾਨ  ਕਰਤਾਰ ਸਿੰਘ, ਡਾਇਰੈਕਟਰ, ਅਤੇ ਸ੍ਰੀਮਤੀ ਜਗਬੀਰ ਗਰੇਵਾਲ ਪ੍ਰਬੰਧਕ ਆਨੰਦ ਈਸ਼ਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਲੁਧਿਆਣਾ ਨੇ ਸੰਬੋਧਨ ਕਿਹਾ ਕਿ ਅੱਖ ਦਾਨ ਇੱਕ ਬਹੁਤ ਵੱਡਾ ਦਾਨ ਹੈ, ਇਸ ਲਈ ਇਸ ਦਾਨ ਪ੍ਰਤੀ ਸਮਾਜ ਵਿਚ ਜਾਗਰੂਕਤਾ ਲਿਆਉਣਾ ਬਹੁਤ ਚੰਗਾ ਕਦਮ ਹੋਵੇਗਾ। ਇਸ ਮੌਕੇ 
43 ਅੰਡਰਗਰੈਜੂਏਟ ਐਮ ਬੀ ਬੀ ਐਸ ਦੇ ਵਿਦਿਆਰਥੀਆਂ ਵਿਚੋਂ ਬਣਾਈਆਂ ਗਈਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਡਾ: ਨਿਤਿਨ ਬੱਤਰਾ ਅਤੇ ਡਾ: ਸੈਮਸਨ ਰਾਜਪਾਲ ਵਲੋਂ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ ਗਏ।

ਚੈਕਿੰਗ ਦੌਰਾਨ 10 ਵੱਖ ਵੱਖ ਗੱਡੀਆਂ ਦੇ ਚਲਾਨ ਕੱਟੇ 

ਲੁਧਿਆਣਾ, 8 ਸਤੰਬਰ (ਟੀ. ਕੇ.) ਆਰ.ਟੀ.ਏ ,ਲੁਧਿਆਣਾ  ਡਾ. ਪੂਨਮਪ੍ਰੀਤ ਕੌਰ ਵੱਲੋਂ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੀ ਹਦੂਦ ਦੇ ਅੰਦਰ ਅਚਾਨਕ ਚੈਕਿੰਗ ਕੀਤੀ ਗਈ, ਜਿਸ ਚੱਲਦਿਆਂ ਚੈਕਿੰਗ ਦੌਰਾਨ 10 ਵੱਖ—ਵੱਖ ਗੱਡੀਆਂ ਦੇ  ਚਲਾਨ ਕੀਤੇ ਗਏ ਅਤੇ ਗੱਡੀਆਂ ਇੰਮਪਾਉਂਡ ਕੀਤੀਆਂ ਗਈਆਂ। 
ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ  ਪ੍ਰਤਾਪ ਚੌਕ ਤੋਂ ਗਿੱਲ ਰੋਡ ਚੌਕੀ ਮਰਾਡੋ  ਦੀਆਂ ਸੜਕਾਂ ਤੇ ਅਚਾਨਕ ਚੈਕਿੰਗ ਦੌਰਾਨ 05 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ 05 ਗੱਡੀਆਂ ਦੇ ਕੀਤੇ ਚਲਾਨ ਜਿਨਾਂ ਵਿਚੋਂ  04 ਕੈਂਟਰ , 01 ਪਿੱਕ ਅਪ ਬਿਨਾਂ ਦਸਤਾਵੇਜ਼ਾਂ ਅਤੇ ਓਵਰਹਾਈਟ ਧਾਰਾ 207 ਅੰਦਰ ਬੰਦ ਕੀਤੇ, 01 ਪਿੱਕ ਅੱਪ, 02 ਟਰੱਕ, 02 ਕੈਂਟਰ ,  ਬਿਨਾਂ ਦਸਤਾਵੇਜ਼ਾਂ ,ਬਿਨਾਂ ਐਚ.ਐਸ.ਆਰ.ਪੀ. ਪਲੇਟਾਂ , ਓਪਨ ਡਾਲਾ, ਓਵਰਹਾਈਟ ਕਰਕੇ ਚਲਾਨ ਕੀੇਤੇ ਗਏ।
ਆਰ.ਟੀ.ਏ. ਸਕੱਤਰ  ਵੱਲੋਂ ਪਹਿਲਾਂ ਵੀ ਸਮੇਂ—ਸਮੇਂ ਤੇ ਦਿਸ਼ਾ ਨਿਰਦੇਸ਼  ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਕੋਈ ਵੀ ਮੋਟਰ ਵਹੀਕਲ ਐਕਟ 1988 ਮੁਤਾਬਿਕ ਜਾਰੀ ਕੀਤੇ ਨੀਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਆਏ ਦਿਨ ਓਵਰਲੋਡਿਂਗ ਜਾਂ ਟ੍ਰੈਫਿਕ ਨੀਯਮਾਂ ਦੀ ਉਲੰਘਣਾ ਕਾਰਨ ਸੜਕ ਹਾਦਸਿਆਂ ਦੀ ਤਦਾਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ ।ਜੋ ਕਿ ਚਿੰਤਾ ਦਾ ਵਿਸ਼ੇ ਹੈ। ਇਸਲਈ ਸਕੱਤਰ ਆਰ.ਟੀ.ਏ ਵੱਲੋਂ ਫੇਰ ਇਹ  ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ,ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ, ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ । ਬਿਨਾਂ ਦਸਤਾਵੇਜ਼ਾਂ ਅਤੇ ਬਿਨਾਂ ਐਚ.ਐਸ.ਆਰ.ਪੀ ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਏਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

ਵਿਧਾਇਕ ਛੀਨਾ ਵਲੋਂ  ਆਰ. ਐਮ. ਸੀ. ਰੋਡ ਦਾ ਉਦਘਾਟਨ

41.59 ਲੱਖ  ਰੁਪਏ ਦੀ ਲਾਗਤ ਨਾਲ ਸੜਕਾਂ ਦਾ ਕੀਤਾ ਜਾਵੇਗਾ ਨਿਰਮਾਣ

ਲੁਧਿਆਣਾ, 5 ਸਤੰਬਰ (ਟੀ. ਕੇ. ) -  ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਵਾਰਡ ਨੰਬਰ 27 ਚ ਆਰ ਐਮ ਸੀ ਰੋਡ ਦਾ ਉਦਘਾਟਨ ਕੀਤਾ ਗਿਆ। 
ਵਿਧਾਇਕ ਛੀਨਾ ਨੇ ਦੱਸਿਆ ਕਿ 41.59 ਲੱਖ ਰੁਪਏ ਦੀ ਲਾਗਤ ਨਾਲ ਦਸ਼ਮੇਸ਼ ਮਾਰਕੀਟ, ਸ਼ੇਰਪੁਰ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਤੋਂ ਕੋਹੀਨੂਰ ਟੇਲਰ ਤੱਕ  ਸੜਕ ਦਾ ਨਿਰਮਾਣ ਕੀਤਾ ਜਾਵੇਗਾ।  ਇਸ ਸੜਕ ਦੀ ਹਾਲਤ ਬੀਤੇ ਕਾਫ਼ੀ ਸਮੇਂ ਤੋਂ ਤਰਸਯੋਗ ਬਣੀ ਹੋਈ ਸੀ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਇਲਾਕੇ ਦੀ ਸਾਰ ਨਹੀਂ ਲਈ ਗਈ ਪਰ ਹੁਣ ਸੜਕ ਦੇ ਨਿਰਮਾਣ ਤੋਂ ਬਾਅਦ ਆਵਾਜਾਈ  ਸੁਚਾਰੂ ਢੰਗ ਨਾਲ ਚੱਲੇਗੀ।
ਇਸ ਮੌਕੇ ਵਿਧਾਇਕ ਪਤੀ ਹਰਪ੍ਰੀਤ ਸਿੰਘ, ਕੁਲਵੰਤ ਸਿੰਘ, ਅਮਨਜੋਤ ਕੌਰ, ਖੁਸ਼ ਗਿੱਲ, ਫਿਰੋਜ਼ ਖਾਨ, ਅੰਸਾਰੀ, ਦਵਿੰਦਰ ਬੈਕ, ਡਾਕਟਰ ਸੰਜੇ ਅਤੇ ਅਜੇ ਮਿੱਤਲ ਦੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਮੌਜੂਦ ਸੀ।
ਹਲਕਾ ਲੁਧਿਆਣਾ ਦੱਖਣੀ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਦੇ ਲਈ ਵਚਨਬੱਧਤਾ ਦੋਹਰਾਉਂਦੇ ਹੋਏ ਵਿਧਾਇਕ ਛੀਨਾ ਅਤੇ ਉਨ੍ਹਾ ਦੀ ਟੀਮ ਨੇ ਕਿਹਾ ਕਿ ਨਵੀਂ ਸੜਕ ਦਾ ਨਿਰਮਾਣ ਜੰਗੀ ਪੱਧਰ ਤੇ ਚਲਾਇਆ ਗਿਆ। ਉਨ੍ਹਾ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਲਕੇ ਚ ਕੋਈ ਸੜਕ ਮੁਰੰਮਤ ਤੋਂ ਵਾਂਝੀ ਨਾ ਰਹੇ। ਉਨ੍ਹਾ ਕਿਹਾ ਕਿ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਵੀ ਸੜਕ ਕੁਨੇਕਟੀਵਿਟੀ ਨੂੰ ਚੰਗਾ ਬਣਾਉਣ ਦੇ ਲਈ ਲਗਾਤਾਰ ਸਾਡੀ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ।

ਆਰ.ਟੀ.ਏ. ਲੁਧਿਆਣਾ ਵਲੋਂ ਵਾਹਨਾਂ ਦੀ ਚੈਕਿੰਗ ਦੌਰਾਨ  ਵੱਖ-ਵੱਖ  20 ਗੱਡੀਆਂ ਦੇ ਚਲਾਨ

 ਧਾਰਾ 207 ਅਧੀਨ 11 ਗੱਡੀਆਂ ਕੀਤੀਆਂ ਬੰਦ
ਲੁਧਿਆਣਾ, 05 ਸਤੰਬਰ (ਟੀ. ਕੇ. )
- ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ ਮਿਤੀ 05-09-2023 ਨੂੰ ਲੁਧਿਆਣਾ ਦੀ ਹਦੂਦ ਅੰਦਰ ਆਉਂਦੇ ਸਮਰਾਲਾ ਚੌਂਕ ਦੀਆਂ ਸੜਕਾਂ ਤੇ ਅਚਾਨਕ ਚੈਕਿੰਗ ਦੌਰਾਨ 11 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ 09 ਗੱਡੀਆਂ ਦੇ ਚਲਾਨ ਕੀਤੇ, ਜ਼ਿਨਾਂ ਵਿੱਚੋਂ 03 ਟਰੱਕ , 01 ਟਰੱਕ ਟਰਾਲਾ, 04 ਕੈਂਟਰ, 01 ਸਕੂਲ ਵੈਨ, 01 ਟਾਟਾ 407, 01 ਪਿੱਕ ਅੱਪ ਬਿਨਾਂ ਦਸਤਾਵੇਜ਼ਾਂ, ਓਵਰਲੋਡ ,ਓਵਰਹਾਈਟ, ਪ੍ਰੈਸ਼ਰ ਹਾਰਨ, ਬਿਨਾਂ ਟੈਕਸ ਅਤੇ ਹੋਰ ਕਈ ਕਾਨੂੰਨੀ ਨੀਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਜ਼ਿਨਾਂ ਨੂੰ ਧਾਰਾ 207 ਅੰਦਰ ਬੰਦ ਕੀਤੇ ਗਏ।
ਇਹਨਾਂ ਤੋਂ ਇਲਾਵਾ 01 ਟਰੱਕ ਟਰਾਲਾ, 04 ਕੈਂਟਰ, 01 ਸਕੂਲ ਵੈਨ, 01 ਟਾਟਾ 407, 01 ਪਿੱਕ ਅਪ ਵੈਨ 01 ਟਰੱਕ - ਓਵਰਹਾਈਟ, ਓਵਰਲੋਡ, ਕਾਗਜ਼ ਪੂਰੇ ਨਾ ਹੋਣ ਕਾਰਨ ਅਤੇ ਐਚ.ਐਸ.ਆਰ.ਪੀ ਪਲੇਟਾਂ ਕਾਰਨ ਚਲਾਨ ਕੀਤਾ ਗਿਆ।
ਸਕੱਤਰ ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਨ੍ਹਾਂ ਪਹਿਲਾਂ ਵੀ ਸਮੇਂ-ਸਮੇਂ 'ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਕੋਈ ਵੀ ਮੋਟਰ ਵਹੀਕਲ ਐਕਟ 1988 ਮੁਤਾਬਿਕ ਜਾਰੀ ਕੀਤੇ ਨੀਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਆਏ ਦਿਨ ਓਵਰਲੋਡਿਂਗ ਜਾਂ ਟ੍ਰੈਫਿਕ ਨੀਯਮਾਂ ਦੀ ਉਲੰਘਣਾ ਕਾਰਨ ਸੜਕ ਹਾਦਸਿਆਂ ਦੀ ਤਦਾਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਮੁੜ ਦੁਹਰਾਇਆ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ਾਂ ਅਤੇ ਬਿਨਾਂ ਐਚ.ਐਸ.ਆਰ.ਪੀ ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

ਰਾਏਕੋਟ 'ਚ ਅਧਿਆਪਕ ਦਿਵਸ ਮਨਾਇਆ ਗਿਆ

ਅਧਿਆਪਕਾਂ ਨੂੰ ਸਮਾਜ ਦੇ ਸਿਰਜਣਹਾਰ ਦੱਸਦਿਆਂ ਕੀਤਾ ਵਿਸ਼ੇਸ਼ ਸਨਮਾਨ
ਅਧਿਆਪਕ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ 'ਚ ਵੱਡੀ ਭੂਮਿਕਾ ਨਿਭਾਉਂਦੇ ਹਨ – ਐਸ.ਡੀ.ਐਮ. 
ਰਾਏਕੋਟ/ਲੁਧਿਆਣਾ, 5 ਸਤੰਬਰ (ਟੀ. ਕੇ. ) :
 ਅਧਿਆਪਕ ਦਿਵਸ ਤੇ ਅੱਜ ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ  ਜੇਸੀਆਈ ਦੇ ਸਾਬਕਾ ਜੋਨ ਮੀਤ ਪ੍ਰਧਾਨ ਮੁਹੰਮਦ ਅਖਤਰ ਜੁਬੇਰੀ ਦੀ ਅਗਵਾਈ ਹੇਠ ਸਕੂਲ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਸ਼ਿਰਕਤ ਕੀਤੀ। 

ਇਸ ਮੌਕੇ  ਐਸਡੀਐਮ ਗੁਰਬੀਰ ਸਿੰਘ ਕੋਹਲੀ ਵੱਲੋਂ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ 'ਚ ਸਭ ਤੋਂ ਵੱਡਾ ਯੋਗਦਾਨ ਅਧਿਆਪਕਾਂ ਦਾ ਹੁੰਦਾ ਹੈ, ਜੋ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ 'ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਗੁਰੂ ਤੋਂ ਬਿਨਾਂ ਅਸੀਂ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਹੁੰਦਾ ਹੈ। 

ਉਨ੍ਹਾਂ ਤੋਂ ਇਲਾਵਾ ਮੁਹੰਮਦ ਅਖਤਰ ਜੁਬੇਰੀ ਅਤੇ ਡਾਕਟਰ ਪ੍ਰਵੀਨ ਅੱਗਰਵਾਲ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ, ਜਿਨ੍ਹਾਂ ਨੇ ਪੜ੍ਹਾਈ ਨੂੰ ਬਹੁਤ ਤਵੱਜੋ ਦਿੱਤੀ ਅਤੇ ਪਰਿਵਾਰ ਵਿਰੁੱਧ ਜਾ ਕੇ ਪੜ੍ਹਾਈ ਕੀਤੀ। ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਤੋਂ ਚੰਗਾ, ਉੱਤਮ ਅਤੇ ਸਤਿਕਾਰ ਵਾਲਾ ਹੈ। ਇੱਕ ਅਧਿਆਪਕ ਹੀ ਹੈ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦਾ ਹੈ। 

ਸਮਾਗਮ ਦੇ ਅਖੀਰ ਵਿਚ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੈਸ ਕਲੱਬ ਰਾਏਕੋਟ ਦੇ ਪ੍ਰਧਾਨ ਨਵਦੀਪ ਸਿੰਘ, ਵਿਨੋਦ ਜੈਨ, ਰਾਜਿੰਦਰ ਸਿੰਘ ਕਾਕਾ ਪ੍ਰਧਾਨ, ਕੌਂਸਲਰ ਮੁਹੰਮਦ ਇਮਰਾਨ, ਸੰਦੀਪ ਸਿੰਘ ਸੋਨੀ ਬਾਬਾ, ਰਘਵੀਰ ਸਿੰਘ ਜੱਗਾ, ਸੁਸ਼ੀਲ ਵਰਮਾ, ਸੰਜੀਵ ਭੱਲਾ, ਅਮਰੀਕ ਸਿੰਘ, ਲਖਵਿੰਦਰ ਸਿੰਘ ਲੱਖਾ ਮੱਲ੍ਹੀ ਤੋਂ ਇਲਾਵਾ ਅਧਿਆਪਕ ਲੈਕਚਰਾਰ ਰਮਨਦੀਪ ਸਿੰਘ, ਸੰਜੀਵ ਕੁਮਾਰ, ਅਰਸ਼ਦੀਪ ਸਿੰਘ, ਵਨੀਤਾ ਸ਼ਰਮਾਂ, ਰਾਜਵਿੰਦਰ ਸਿੰਘ, ਸੁਸ਼ਮਾ ਜੈਨ, ਸੁਮਿਤ ਕਾਲੜਾ, ਜਸਵੀਰ ਕੌਰ, ਸੁਮਨਦੀਪ ਕੌਰ, ਜਗਨਦੀਪ ਸਿੰਘ, ਸਨੇਹ ਲਤਾ, ਗੁਰਜਿੰਦਰ ਸਿੰਘ ਆਦਿ ਸਮੇਤ ਵਿਦਿਆਰਥੀ ਹਾਜ਼ਰ ਸਨ।

ਤਰਕਸ਼ੀਲ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੁਚਾਰੂ ਢੰਗ ਨਾਲ ਸੰਪੰਨ ਹੋਈ

ਲੁਧਿਆਣਾ , 3 ਸਤੰਬਰ (  ਟੀ. ਕੇ. ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 2,3 ਸਤੰਬਰ ਨੂੰ ਲਈ ਗਈ ਸੂਬਾ ਪੱਧਰੀ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅੱਜ ਜ਼ੋਨ ਲੁਧਿਆਣਾ ਦੇ ਚੋਣਵੇਂ ਸਕੂਲਾਂ ਵਿੱਚ ਸੁਚਾਰੂ ਢੰਗ ਨਾਲ ਸੰਪੰਨ ਹੋਈ। ਸਮੁੱਚੇ ਜ਼ੋਨ ਦੀ ਰਿਪੋਰਟ ਪ੍ਰੈਸ ਨੂੰ ਜਾਰੀ ਕਰਦਿਆਂ ਜ਼ੋਨ ਦੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ, ਵਿੱਤ ਮੁੱਖੀ ਆਤਮਾ ਸਿੰਘ, ਅਤੇ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਇਸ ਜ਼ੋਨ ਵਿੱਚ ਪੈਂਦੀਆਂ ਇਕਾਈਆਂ ਜਗਰਾਓਂ , ਲੁਧਿਆਣਾ , ਕੋਹਾੜਾ, ਮਲੇਰਕੋਟਲਾ,  ਅਤੇ ਸੁਧਾਰ ਦੇ ਆਗੂਆਂ ਕ੍ਰਮਵਾਰ ਕਰਤਾਰ ਸਿੰਘ ਵੀਰਾਨ, ਬਲਵਿੰਦਰ ਸਿੰਘ,ਮਾ ਰਾਜਿੰਦਰ ਜੰਡਿਆਲੀ, ਮੋਹਨ ਸਿੰਘ ਬਡਲਾ, ਧਰਮ ਸਿੰਘ ਸੂਜਾਪੁਰ/ ਮਾ ਕਰਨੈਲ ਸਿੰਘ  ਦੇ ਪ੍ਰਬੰਧਾਂ ਹੇਠ ਇਹ ਪ੍ਰੀਖਿਆ ਨੇਪਰੇ ਚਾੜ੍ਹੀ ਗਈ। ਜ਼ੋਨ ਵਿੱਚ ਕੁੱਲ 29 ਸਕੂਲਾਂ ਵਿੱਚ ਪ੍ਰੀਖਿਆ ਸੈਂਟਰ ਬਣਾਏ ਗਏ ਜਿਹਨਾਂ ਵਿੱਚ ਤਕਰੀਬਨ 1846 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ।
  ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਮੰਤਵ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਸਮਾਜ ਵਿੱਚ ਪ੍ਰਚੱਲਤ ਬੇਲੋੜੇ ਰਸਮਾਂ ਰਿਵਾਜਾਂ ‘ਚੋਂ ਮੁਕਤ ਕਰਕੇ ਵਿਗਿਆਨਿਕ ਵਿਚਾਰਧਾਰਾ ਦਾ ਪਸਾਰਾ ਕਰਨਾ ਹੈ। ਇਸੇ ਤਰ੍ਹਾਂ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਅਤੇ ਵਿਗਿਆਨੀਆਂ ਵੱਲੋ ਸਖ਼ਤ ਮਿਹਨਤਾਂ ਨਾਲ ਕੀਤੀਆਂ ਉਪਲੱਭਦੀਆਂ ਬਾਰੇ ਜਾਣਕਾਰੀ ਮਹੱਈਆ ਕਰਵਾਕੇ ਉਹਨਾਂ ਨੂੰ ਆਪਣਾ ਰੋਲ ਮਾਡਲ ਬਣਾਉਣ ਲਈ ਪ੍ਰੇਰਤ ਕਰਨਾ ਹੈ।ਇਸ ਪ੍ਰੀਖਿਆ ਲਈ ਸੁਸਾਇਟੀ ਦੀ ਸਮੁੱਚੀ ਮੈਂਬਰਸ਼ਿਪ ਅਤੇ ਹਮਦਰਦਾਂ ਨੇ ਬਹੁਤ ਹੀ ਉਸਾਰੂ ਰੋਲ ਨਿਭਾਉਣ ਸਮੇਤ ਸਕੂਲਾਂ ਦੇ ਅਧਿਆਪਕ ਸਟਾਫ਼ ਨੇ ਵੀ ਸਲਾਘਾਯੋਗ ਸਾਥ ਦਿੱਤਾ।
ਇਕ ਸਕੂਲ ਵਿੱਚ ਵਿਦਿਆਰਥੀ ਪ੍ਰੀਖਿਆ ਦਿੰਦੇ ਹੋਏ

ਪੀ. ਏ. ਯੂ. ਦੇ ਭੂਮੀ ਵਿਗਿਆਨ ਵਿਭਾਗ ਨੇ ਖੋਜ ਪੇਸ਼ਕਾਰੀ ਮੁਕਾਬਲੇ ਕਰਵਾਏ

ਲੁਧਿਆਣਾ 31 ਅਗਸਤ(ਟੀ. ਕੇ.)  ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ ਦੀ ਲੁਧਿਆਣਾ ਸ਼ਾਖਾ ਨੇ ਬੀਤੇ ਦਿਨੀਂ ਪੀ ਏ ਯੂ ਦੇ ਭੂਮੀ ਵਿਗਿਆਨ ਵਿਭਾਗ ਵਿਖੇ 'ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ ਜ਼ੋਨਲ ਅਵਾਰਡ' ਅਤੇ ਉੱਤਰੀ ਜ਼ੋਨ ਲਈ ਬੈਸਟ ਡਾਕਟੋਰਲ ਖੋਜ ਪੇਸ਼ਕਾਰੀ ਮੁਕਾਬਲਿਆਂ ਦਾ ਆਯੋਜਨ ਕੀਤਾ। ਯਾਦ ਰਹੇ ਕਿ ਉਕਤ ਸੋਸਾਇਟੀ ਦੇ ਜ਼ੋਨਲ ਅਵਾਰਡ (ਉੱਤਰੀ, ਪੂਰਬ, ਦੱਖਣ ਅਤੇ ਪੱਛਮੀ ਜ਼ੋਨ ਵਿੱਚੋਂ ਹਰੇਕ ਲਈ ਇੱਕ) ਵਿਸ਼ੇਸ਼ ਤੌਰ 'ਤੇ ਭੂਮੀ ਵਿਗਿਆਨ ਵਿੱਚ ਮਾਸਟਰ ਡਿਗਰੀ ਕਰਨ ਵਾਲਿਆਂ ਲਈ ਹਨ। ਮੁਕਾਬਲਿਆਂ  ਦੌਰਾਨ ਉਨ੍ਹਾਂ ਦੁਆਰਾ ਕੀਤੇ ਗਏ ਖੋਜ ਕਾਰਜਾਂ ਦੀ ਵਧੀਆ ਪੇਸ਼ਕਾਰੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਅਧਾਰ ਤੇ ਇਹ ਐਵਾਰਡ ਭਾਰਤ ਵਿੱਚ ਭੂਮੀ ਵਿਗਿਆਨ ਦੇ ਖੇਤਰ ਵਿੱਚ ਕੀਤੇ ਗਏ ਡਾਕਟੋਰਲ ਖੋਜ ਕਾਰਜ ਲਈ ਇੱਕ ਵਿਅਕਤੀ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਨ੍ਹਾਂ ਮੁਕਾਬਲਿਆਂ ਦੀ ਜ਼ਿੰਮੇਵਾਰੀ ਇਸ ਵਾਰ ਸੁਸਾਇਟੀ ਦੇ ਹੈੱਡਕੁਆਰਟਰ ਨਵੀਂ ਦਿੱਲੀ ਵੱਲੋਂ ਲੁਧਿਆਣਾ ਸ਼ਾਖਾ ਨੂੰ ਸੌਂਪੀ ਗਈ ਸੀ।ਸਮਾਰੋਹ ਦੇ ਆਰੰਭ ਵਿਚ ਡਾ: ਰਾਜੀਵ ਸਿੱਕਾ, ਪ੍ਰਿੰਸੀਪਲ ਸੋਇਲ ਕੈਮਿਸਟ ਨੇ ਜੱਜਾਂ ਅਤੇ ਪ੍ਰਤੀਯੋਗੀਆਂ ਦੀ ਜਾਣ-ਪਛਾਣ ਕਰਵਾਈ। ਨਿਰਣਾਇਕ ਕਮੇਟੀ ਵਿੱਚ ਲੁਧਿਆਣਾ ਚੈਪਟਰ ਦੇ ਪ੍ਰਧਾਨ ਡਾ: ਧਨਵਿੰਦਰ ਸਿੰਘ, ਡਾ: ਪ੍ਰਗਤੀ ਪ੍ਰਮਾਨਿਕ, ਡਾ: ਵਾਈਵੀ ਸਿੰਘ ਵਾਰਾਣਸੀ ਯੂਨੀਵਰਸਿਟੀ ਤੋਂ ਡਾ: ਕਿਰਨ ਖੋਖਰ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਅਤੇ ਡਾ: ਰਾਜੀਵ ਸਿੱਕਾ ਸ਼ਾਮਲ ਸਨ।  

ਜ਼ੋਨਲ ਅਵਾਰਡ ਅਤੇ ਸਰਵੋਤਮ ਡਾਕਟੋਰਲ ਖੋਜ ਪੇਸ਼ਕਾਰੀ ਲਈ ਚਾਰ-ਚਾਰ ਉਮੀਦਵਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਦੋਵਾਂ ਐਵਾਰਡਾਂ ਲਈ ਚਾਰ ਪੇਸ਼ਕਾਰੀਆਂ ਵਿੱਚੋਂ, 3 ਵਿਅਕਤੀਗਤ ਤੌਰ 'ਤੇ ਕੀਤੀਆਂ ਗਈਆਂ ਸਨ ਅਤੇ 1 ਆਨਲਾਈਨ ਕੀਤੀ ਗਈ ਸੀ। ਸ਼੍ਰੀਮਤੀ ਸਲੋਨੀ ਤ੍ਰਿਪਾਠੀ ਨੂੰ ਉੱਤਰੀ ਜ਼ੋਨ ਲਈ ਜ਼ੋਨਲ ਐਵਾਰਡ 2023 ਦਾ ਜੇਤੂ ਚੁਣਿਆ ਗਿਆ। ਡਾ: ਅਬਿਨਾਸ਼ ਦਾਸ ਅਤੇ ਅਵਿਜੀਤ ਸਿੰਘ ਨੂੰ ਸ਼ੁਰੂਆਤੀ ਦੌਰ ਵਿੱਚ ਉੱਤਰੀ ਜ਼ੋਨ ਪੱਧਰ 'ਤੇ ਚੁਣੇ ਗਏ ਸਰਵੋਤਮ ਡਾਕਟੋਰਲ ਖੋਜ ਪੇਸ਼ਕਾਰੀ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਫਿਰ ਉਹਨਾਂ ਨੂੰ ਭਾਰਤ ਦੇ ਚਾਰ ਜ਼ੋਨਾਂ ਵਿੱਚੋਂ ਹਰੇਕ ਦੇ ਚੁਣੇ ਗਏ ਉਮੀਦਵਾਰਾਂ ਵਿੱਚੋਂ ਫਾਈਨਲ ਗੇੜ ਵਿੱਚ ਮੁਕਾਬਲਾ ਕਰਨ ਲਈ ਸੱਦਾ ਦਿੱਤਾ ਜਾਵੇਗਾ, ਜਿਸਦਾ ਆਯੋਜਨ ਆਉਂਦੇ ਦਿਨੀਂ ਭਾਰਤੀ ਭੂਮੀ ਵਿਗਿਆਨ ਸੰਸਥਾਨ, ਭੋਪਾਲ ਵਿਖੇ ਕੀਤਾ ਜਾਵੇਗਾ। ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਜਾਵੇਗਾ ਜਦਕਿ ਫਾਈਨਲ ਗੇੜ ਵਿੱਚ ਬਾਕੀ ਸਾਰੇ ਪ੍ਰਤੀਯੋਗੀਆਂ ਨੂੰ ਸਾਲਾਨਾ ਸੰਮੇਲਨ ਦੇ ਸਮਾਪਤੀ ਸੈਸ਼ਨ 'ਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਹਠੂਰ, 27 ਅਗਸਤ (ਕੌਸ਼ਲ ਮੱਲ੍ਹਾ)- ਸਥਾਨਕ ਪੁਲਿਸ ਥਾਣਾ ਹਠੂਰ ਦੇ ਐੱਸ.ਐੱਚ.ਓ. ਮੈਡਮ ਰੁਪਿੰਦਰ ਕੌਰ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਆਈ. ਜਗਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਪੁਲਿਸ ਗਸ਼ਤ ਦੌਰਾਨ ਦਾਣਾ ਮੰਡੀ ਹਠੂਰ ਦੇ ਗੇਟ ਪਾਸ ਪੁੱਜੇ ਤਾਂ ਮੰਡੀ ਦੇ ਗੇਟ ਪਰ ਇੱਕ ਮੋਨਾ ਨੌਜਵਾਨ, ਜਿਸਦੇ ਸੱਜੇ ਹੱਥ ਵਿੱਚ ਇੱਕ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ, ਉਥੇ ਖੜ੍ਹਾ ਦਿਖਾਈ ਦਿੱਤਾ ਅਤੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਇੱਕਦਮ ਘਬਰਾ ਕੇ ਮੌਕੇ ਤੋਂ ਭੱਜ ਕੇ ਖਿਸਕਣ ਲੱਗਾ ਤਾਂ ਸ਼ੱਕ ਦੇ ਤੌਰ 'ਤੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਗਗਨਦੀਪ ਸਿੰਘ ਸਿੰਘ ਉਰਫ ਗੱਗੂ ਵਾਸੀ ਹਠੂਰ ਦੱਸਿਆ। ਗਗਨਦੀਪ ਸਿੰਘ ਦੇ ਹੱਥ ਵਿੱਚ ਫੜੇ ਹੋਏ ਪਾਰਦਰਸ਼ੀ ਪਲਾਸਟਿਕ ਦੇ ਲਿਫਾਫੇ ਵਿੱਚੋੰ ਚਿੱਟੇ ਰੰਗ ਦੀਆਂ ਖੁੱਲ੍ਹੀਆਂ ਗੋਲੀਆਂ ਸਾਫ ਦਿਖਾਈ ਦਿੱਤੀਆਂ। ਜੋ ਲਿਫਾਫੇ ਵਿੱਚੋਂ ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਰੰਗ ਚਿੱਟਾ ਬਰਾਮਦ ਹੋਈਆਂ। ਜਿਸ 'ਤੇ ਥਾਣਾ ਹਠੂਰ ਵਿਖੇ ਮੁਕੱਦਮਾ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। 
ਫੋਟੋ ਕੈਪਸ਼ਨ: ਕਾਬੂ ਕੀਤੇ ਨੌਜਵਾਨ ਸਬੰਧੀ ਜਾਣਕਾਰੀ ਦਿੰਦੇ ਐੱਸ.ਐੱਚ.ਓ. ਮੈਡਮ ਰੁਪਿੰਦਰ ਕੌਰ ਢਿੱਲੋਂ।