ਲੁਧਿਆਣਾ, ਜੂਨ 2019-(ਮਨਜਿੰਦਰ ਗਿੱਲ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਅਤੇ ਸੂਬਾ ਵਾਸੀਆਂ ਨੂੰ ਸ਼ੁੱਧ ਵਾਤਾਵਰਣਯੁਕਤ ਆਲਾ ਦੁਆਲਾ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਜੰਗਲਾਤ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਅੱਜ ਮੱਤੇਵਾੜਾ ਖੇਤਰ ਵਿੱਚ 55 ਏਕੜ ਹੋਰ ਜ਼ਮੀਨ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਇਸ ਨੂੰ ਜੰਗਲਾਤ ਖੇਤਰ ਵਜੋਂ ਵਿਕਸਤ ਕਰਨ ਲਈ ਰਾਹ ਪੱਧਰਾ ਕਰਵਾ ਲਿਆ। ਦੱਸਣਯੋਗ ਹੈ ਕਿ ਲੁਧਿਆਣਾ ਮੰਡਲ ਅਧੀਨ ਹੁਣ ਤੱਕ 627 ਏਕੜ ਰਕਬੇ ਨੂੰ ਨਜ਼ਾਇਜ਼ ਕਬਜਿਆਂ ਤੋਂ ਮੁਕਤ ਕਰਵਾ ਕੇ ਇਸ ਨੂੰ ਜੰਗਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ, ਪੀ.ਐਫ.ਐਸ. ਵਣ ਮੰਡਲ ਅਫਸਰ ਲੁਧਿਆਣਾ ਨੇ ਦੱਸਿਆ ਕਿ ਵਿਭਾਗ ਵੱਲੋਂ ਅੱਜ ਪਿੰਡ ਮੰਡ-ਉਦੋਵਾਲ ਨੇੜੇ ਮੱਤੇਵਾੜਾ-ਰਾਹੋਂ ਸਤਲੁੱਜ ਪੁੱਲ ਨਾਲ ਲੱਗਦੀ 55 ਏਕੜ ਜ਼ਮੀਨ ਨੂੰ ਨਜਾਇਜ਼ ਕਬਜਿਆਂ ਤੋਂ ਮੁਕਤ ਕਰਵਾ ਲਿਆ ਹੈ। ਇਸ ਜ਼ਮੀਨ 'ਤੇ ਲੰਮੇ ਸਮੇਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜੋ ਕਿ ਵਿਭਾਗੀ ਚਾਰਾਜੋਈ ਤੋਂ ਬਾਅਦ ਅੱਜ ਖ਼ਤਮ ਕਰਵਾਇਆ ਗਿਆ ਹੈ। ਜਿਸ ਲਈ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸੁਯੋਗ ਰਹਿਨੁਮਾਈ, ਵਣ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਯੋਗ ਅਗਵਾਈ ਵਿੱਚ ਕੰਮ ਕੀਤਾ ਗਿਆ। ਉਨਾਂ ਕਿਹਾ ਅੱਜ ਛੁਡਵਾਈ ਜ਼ਮੀਨ 'ਤੇ ਵੀ ਅੱਜ ਤੋਂ ਹੀ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨਾਂ ਹੋਰ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਣ ਮੰਡਲ ਵਿੱਚ ਕਾਫੀ ਲੰਬੇ ਸਮੇਂ ਤੋਂ ਭੂਮੀ ਮਾਫੀਆ ਵੱਲੋਂ ਵਣ ਵਿਭਾਗ ਦੀਆਂ ਬਹੁਤ ਸਾਰੀਆਂ ਵਡਮੁੱਲੀ ਕੀਮਤੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ਾ ਚੱਲਿਆ ਆ ਰਿਹਾ ਸੀ। ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਵਣ ਰਕਬੇ ਨੂੰ ਨਾਜ਼ਾਇਜ ਕਬਜ਼ੇ ਤੋਂ ਮੁਕਤ ਕਰਾਉਣ ਲਈ ਕਾਫੀ ਯਤਨ ਕੀਤੇ ਗਏ ਅਤੇ 627 ਏਕੜ ਜ਼ਮੀਨ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਹੁਣ ਇਸ ਰਕਬੇ 'ਤੇ ਪੌਦੇ ਲਗਾਉਣ ਲਈ ਯੋਜਨਾਬੱਧ ਤਰੀਕੇ ਨਾਲ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਛੁਡਾਏ ਗਏ ਨਜਾਇਜ਼ ਕਬਜ਼ਿਆਂ ਤਹਿਤ ਮੱਤੇਵਾੜਾ ਰੇਂਜ ਵਿੱਚ ਪੈਂਦੇ ਹੈਦਰ ਨਗਰ ਜੰਗਲ ਵਿੱਚ 175 ਏਕੜ, ਹਾਦੀਵਾਲ ਜੰਗਲ ਵਿੱਚ 79 ਏਕੜ, ਗੌਪਾਲਪੁਰ ਬੁਲੰਦੇਵਾਲ ਜੰਗਲ ਵਿੱਚ 19 ਏਕੜ ਅਤੇ ਸਲੇਮੁਪਰ ਜੰਗਲ ਵਿੱਚ 2 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ। ਇਸੇ ਤਰਾਂ ਜਗਰਾਓਂ ਰੇਂਜ ਵਿੱਚ ਪੈਂਦੇ ਕੋਟ ਉਮਰਾ ਜੰਗਲ ਵਿੱਚ 147 ਏਕੜ, ਗੋਰਸੀਆਂ ਖਾਨ ਮੁਹੰਮਦ ਜੰਗਲ ਵਿੱਚ 80 ਏਕੜ ਅਤੇ ਸਮਰਾਲਾ ਰੇਂਜ ਵਿੱਚ ਪੈਂਦੇ ਰੋੜ ਮਾਜਰੀ ਜੰਗਲ ਵਿੱਚ 70 ਏਕੜ ਵਿੱਚੋਂ ਨਜਾਇਜ਼ ਕਬਜ਼ੇ ਉਠਾਏ ਗਏ ਹਨ। ਉਨਾਂ ਦੱਸਿਆ ਕਿ ਕਰੀਬ 220 ਕਰੋੜ ਰੁਪਏ ਦੀ ਕੀਮਤ ਵਾਲੇ ਇਨਾਂ ਰਕਬਿਆਂ ਨੂੰ ਮੁੜ ਨਜਾਇਜ ਕਬਜ਼ਿਆਂ ਤੋਂ ਬਚਾਉਣ ਲਈ ਠੋਸ ਉਪਰਾਲੇ ਕੀਤੇ ਗਏ ਹਨ। ਹੁਣ ਇਸ ਰਕਬੇ ਨੂੰ ਨਜਾਇਜ਼ ਕਬਜ਼ੇ ਅਧੀਨ ਨਹੀਂ ਆਉਣ ਦਿੱਤਾ ਜਾਵੇਗਾ। ਇਥੇ ਕੀਤੀ ਗਈ ਪਲਾਂਟੇਸ਼ਨ ਦੀ ਸੰਭਾਲ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਅੱਗੇ ਵਧਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਣ ਵਿਭਾਗ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮਾਨਤਾ ਦਿੰਦਿਆਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਚਰਨਜੀਤ ਸਿੰਘ, ਪੀ.ਐਫ.ਐਸ. ਵਣ ਮੰਡਲ ਅਫਸਰ ਲੁਧਿਆਣਾ, ਪ੍ਰਿਤਪਾਲ ਸਿੰਘ, ਰੇਂਜ ਅਫਸਰ, ਮੱਤੇਵਾੜਾ, ਮੋਹਣ ਸਿੰਘ ਰੇਂਜ ਅਫਸਰ, ਜਗਰਾਓਂ ਨੂੰ ਸਾਲ 2018 ਵਿੱਚ ਵਣ ਮਹਾਂਉਤਸਵ ਸਬੰਧੀ ਰਾਜ ਪੱਧਰੀ ਸਮਾਗਮ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਸੀ।