ਮਾਨਚੈਸਟਰ,ਨਵੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ,ਗਿਆਨੀ ਰਵਿਦਾਰਪਾਲ ਸਿੰਘ)-
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਮੌਕੇ ਕਰਤਾਰਪੁਰ ਲਾਂਘਾ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ | ਉਨ੍ਹਾਂ ਇਹ ਗੱਲ ਟਵਿੱਟਰ 'ਤੇ ਕਰਤਾਰਪੁਰ ਲਾਂਘੇ ਤੇ ਗੁਰਦੁਆਰਾ ਸਾਹਿਬ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਕਹੀ | ਇਮਰਾਨ ਖ਼ਾਨ ਨੇ ਇਕ ਹੋਰ ਟਵੀਟ 'ਚ ਆਪਣੀ ਸਰਕਾਰ ਨੂੰ ਨਿਰਮਾਣ ਕਾਰਜ ਸਮੇਂ ਸਿਰ ਪੂਰਾ ਕਰਨ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਰਿਕਾਰਡ ਸਮੇਂ 'ਚ ਸ੍ਰੀ ਕਰਤਾਰਪੁਰ ਸਾਹਿਬ ਨੂੰ ਤਿਆਰ ਕਰਨ ਲਈ ਆਪਣੀ ਸਰਕਾਰ ਨੂੰ ਵਧਾਈ ਦੇਣਾ ਚਾਹੁੰਦਾ ਹਾਂ | ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਇਮਰਾਨ ਖ਼ਾਨ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਮਾਰਫ਼ਤ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਨੂੰ ਹਟਾਏ ਜਾਣ ਦਾ ਐਲਾਨ ਕੀਤਾ ਸੀ | ਜਿਸ ਦੇ ਚਲਦਿਆਂ ਜਿਨ੍ਹਾਂ ਭਾਰਤੀ ਨਾਗਰਿਕਾਂ ਕੋਲ ਪਾਸਪੋਰਟ ਨਹੀਂ ਹੈ, ਹੁਣ ਉਹ ਵੀ ਕੋਈ ਯੋਗ ਸ਼ਨਾਖ਼ਤੀ ਕਾਰਡ ਵਿਖਾ ਕੇ ਲਾਂਘੇ ਰਾਹੀਂ ਦਰਸ਼ਨਾਂ ਲਈ ਜਾ ਸਕਣਗੇ | ਇਮਰਾਨ ਖ਼ਾਨ ਵਲੋਂ ਉਕਤ ਦੇ ਇਲਾਵਾ ਇਕ ਹੋਰ ਮਹੱਤਵਪੂਰਨ ਐਲਾਨ ਕਰਦਿਆਂ ਲਾਂਘੇ ਦੇ ਉਦਘਾਟਨ ਮੌਕੇ ਅਤੇ 550ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਮੌਕੇ ਪਾਕਿ ਸਰਕਾਰ ਵਲੋਂ ਕਿਸੇ ਕਿਸਮ ਦੀ ਫ਼ੀਸ ਨਾ ਲਏ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ | ਨਾਲ ਹੀ ਉਨ੍ਹਾਂ ਇਹ ਵੀ ਕਿਹਾਕਿ ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਸਤੇ 10 ਦਿਨ ਪਹਿਲਾਂ ਨਾਂਅ ਰਜਿਸਟਰ ਕਰਵਾਉਣ ਦੀ ਵੀ ਲੋੜ ਨਹੀਂ | ਇਥੇ ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ 12 ਨਵੰਬਰ ਨੂੰ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ | ਇਸ ਤੋਂ ਬਾਅਦ ਲਾਂਘੇ ਰਾਹੀਂ ਜਾਣ ਵਾਲੇ ਹਰੇਕ ਯਾਤਰੀ ਪਾਸੋਂ 20 ਡਾਲਰ (1400 ਰੁਪਏ ਦੇ ਕਰੀਬ) ਯਾਤਰਾ ਫ਼ੀਸ ਲਈ ਜਾਵੇਗੀ | ਓਧਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ. ਐਨ.) ਦੇ ਨੇਤਾ ਅਤੇ ਮੌਲਾਨਾ ਫ਼ਜਲੁਰ ਰਹਿਮਾਨ ਦੇ ਸਹਿਯੋਗੀ ਅਹਿਸਾਨ ਇਕਬਾਲ ਨੇ ਕਿਹਾ ਕਿ ਕਰਤਾਪੁਰ ਨੂੰ ਖੋਲ੍ਹਣਾ ਚੰਗਾ ਫ਼ੈਸਲਾ ਹੈ ਪਰ ਭਾਰਤੀਆਂ ਵਰਗੇ ਵਿਦੇਸ਼ੀਆਂ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨਾ ਪਾਕਿ ਸਰਕਾਰ ਦੀ ਵੱਡੀ ਭੁੱਲ ਹੈ |
ਕਰਤਾਰਪੁਰ ਲਾਂਘੇ ਤੇ ਗੁਰਦੁਆਰਾ ਸਾਹਿਬ ਦੀਆਂ ਕੁਝ ਤਸਵੀਰਾਂ