ਲੰਡਨ, 17 ਨਵੰਬਰ ( ਖਹਿਰਾ )-ਯੂ. ਕੇ. ਵਸਦੇ ਸਿੱਖਾਂ ਨੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ | ਵਰਲਡ ਕੈਂਸਰ ਕੇਅਰ ਦੇ ਬਾਨੀ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਅੱਜ ਪ੍ਰੈੱਸ ਨਾਲ ਗੱਲਬਾਤ ਕਰਦੇ ਦੱਸਿਆ ਦੁਨੀਆਂ ਉੱਪਰ ਕਰੋਨਾ ਮਹਾਂਮਾਰੀ ਦਾ ਜੋ ਕ੍ਰੋਪ ਪਿਛਲੇ ਸਮੇਂ ਵਿੱਚ ਆਇਆ ਉਸ ਵਿੱਚ ਸਿੱਖ ਕੌਮ ਨੂੰ ਵੀ ਬਹੁਤ ਵੱਡਾ ਸੰਤਾਪ ਇਸ ਵਿੱਚ ਝੱਲਣਾ ਪਿਆ । ਜਿਸ ਵਿੱਚ ਇੱਕ ਬਹੁਤ ਅਹਿਮ ਗੱਲ ਸੀ ਕਿ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਸਦੀਆਂ ਬਾਅਦ ਖੁੱਲ੍ਹਿਆ ਸੀ ਉਸ ਨੂੰ ਇਸ ਕਰੋਪੀ ਦੌਰਾਨ ਫਿਰ ਤੋਂ ਬੰਦ ਕਰ ਦਿੱਤਾ ਗਿਆ ਸੀ । ਪਰ ਕੱਲ੍ਹ ਭਾਰਤ ਸਰਕਾਰ ਨੇ ਇਸ ਨੂੰ ਦੁਬਾਰਾ ਖੋਲ੍ਹਣ ਦੇ ਹੁਕਮ ਦੇ ਕੇ ਇਕ ਬਹੁਤ ਹੀ ਵਧੀਆ ਸ਼ਲਾਘਾਯੋਗ ਕਾਰਜ ਕੀਤਾ ਹੈ। ਦੁਨੀਆਂ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ ਜਿਸ ਲਈ ਮੈਂ ਆਪਣੇ ਦਿਲ ਤੋਂ ਸਰਕਾਰ ਦਾ ਧੰਨਵਾਦ ਵੀ ਕਰਦਾ ਹਾਂ । ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਅਤੇ ਗਿਆਨੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਕਾਰਨ ਬੰਦ ਕੀਤੇ ਲਾਂਘੇ ਨੂੰ ਗੁਰਪੁਰਬ ਮੌਕੇ ਖੋਲ੍ਹਣ ਦਾ ਚੰਗਾ ਫੈਸਲਾ ਹੈ | ਸਿੱਖ ਸੰਗਤ ਹੁਣ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵੀ ਰੱਦ ਕਰਕੇ ਸਾਲ ਭਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀ ਵੀ ਗੱਲ ਮੰਨੇ ਜੋ ਕੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉਸ ਤੋਂ ਬਚਾਅ ਹੋ ਸਕੇ ।