ਲੁਧਿਆਣੇ 'ਚ ਛੇ ਸਾਲ ਦੇ ਬੱਚੇ ਦੀ ਮੌਤ ਚੰਡੀਗੜ , ਮਈ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)
ਪੰਜਾਬ ਵਿਚ ਐਤਵਾਰ ਨੂੰ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ। ਲੁਧਿਆਣੇ ਦੇ ਹੈਬੋਵਾਲ ਦੇ ਰਹਿਣ ਵਾਲੇ ਛੇ ਸਾਲ ਦੇ ਬੱਚੇ ਨੇ ਪੀਜੀਆਈ ਵਿਚ ਦਮ ਤੋੜ ਦਿੱਤਾ। ਉਸ ਨੂੰ 15 ਮਈ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ 23 ਅਪ੍ਰਰੈਲ ਨੂੰ ਵੀ ਇੱਥੇ ਕਪੂਰਥਲਾ ਦੀ ਛੇ ਮਹੀਨੇ ਦੀ ਬੱਚੀ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 36 ਹੋ ਗਿਆ ਹੈ। ਉਧਰ ਐਤਵਾਰ ਨੂੰ ਸੂਬੇ ਵਿਚ 28 ਨਵੇਂ ਮਾਮਲੇ ਆਉਣ ਨਾਲ ਕੁਲ ਇਨਫੈਕਟਿਡਾਂ ਦੀ ਗਿਣਤੀ 2043 ਹੋ ਗਈ। ਇਨ੍ਹਾਂ ਵਿਚੋਂ 1180 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਸਭ ਤੋਂ ਜ਼ਿਆਦਾ 11 ਕੇਸ ਲੁਧਿਆਣੇ ਵਿਚ ਆਏ। ਇਸ ਤੋਂ ਇਲਾਵਾ ਨਵਾਂਸ਼ਹਿਰ ਤੇ ਜਲੰਧਰ ਵਿਚ ਪੰਜ-ਪੰਜ, ਅੰਮਿ੍ਤਸਰ ਤੇ ਫ਼ਰੀਦਕੋਟ ਵਿਚ ਤਿੰਨ-ਤਿੰਨ ਤੇ ਗੁਰਦਾਸਪੁਰ ਵਿਚ ਇਕ ਕੇਸ ਰਿਪੋਰਟ ਹੋਇਆ। ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ 'ਚੋਂ 109 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਰਾਹਤ ਵਾਲੀ ਗੱਲ ਇਹ ਹੈ ਕਿ ਪੰਜਾਬ ਦਾ ਇਕ ਹੋਰ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ। ਤਰਨਤਾਰਨ ਦੇ 20 ਹੋਰ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਹੁਣ ਤਰਨਤਾਰਨ ਵਿਚ ਕੋਈ ਵੀ ਪਾਜ਼ੇਟਿਵ ਕੇਸ ਨਹੀਂ ਰਹਿ ਗਿਆ। ਸ਼ਨਿਚਰਵਾਰ ਨੂੰ ਫਿਰੋਜ਼ਪੁਰ ਜ਼ਿਲ੍ਹਾ ਕੋਰੋਨਾ ਮੁਕਤ ਹੋਇਆ ਸੀ। ਹੁਣ ਤਕ ਦੋ-ਦੋ ਜ਼ਿਲ੍ਹੇ ਕੋਰੋਨਾ ਮੁਕਤ ਹੋਏ ਹਨ।