ਇਨੀਂ ਦਿਨੀਂ ਵਰਲਡ ਵਾਈਡ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਪਾਣੀ 'ਚ ਮਧਾਣੀ' ਨੂੰ ਬਾਕਸ ਆਫਿਸ 'ਤੇ ਭਾਰਤ ਅਤੇ ਵਿਦੇਸ਼ਾਂ ‘ਚ ਚੰਗੀ ਪ੍ਰਤੀਕਿਿਰਆ ਮਿਲ ਰਹੀ ਹੈ ਅਤੇ ਹਰ ਪਾਸੇ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ ਹਨ।ਦਰਸ਼ਕ ਵਰਗ ਫ਼ਿਲਮ ਦੇ ਕਾਮੇਡੀ ਅਤੇ ਰੁਮਾਂਸ ਭਰੇ ਕੰਸੇਪਟ ਨਾਲ ਕਾਫੀ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਫ਼ਿਲਮ ਦਾ ਟੀਜ਼ਰ, ਪ੍ਰੋਮੋ, ਗਾਣੇ ਅਤੇ ਕਾਮੇਡੀ ਡਾਇਲਾਗਜ਼ ਦਰਸ਼ਕਾਂ ਨੂੰ ਪਹਿਲਾਂ ਹੀ ਬੇਹੱਦ ਪ੍ਰਭਾਵਿਤ ਕਰ ਚੁੱਕੇ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਪੂਰੀ ਟੀਮ ਨੇ ਫ਼ਿਲਮ ਦੇ ਪ੍ਰਚਾਰ ਲਈ ਦਿਨ-ਰਾਤ ਇੱਕ ਕੀਤਾ ਹੋਇਆ ਸੀ।ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਸੋਸ਼ਲ ਮੀਡੀਆ ਰਾਹੀਂ ਅਨੇਕਾਂ ਹੀ ਕੂਮੈਂਟਸ ਕਰਕੇ ਫ਼ਿਲਮ 'ਪਾਣੀ 'ਚ ਮਧਾਣੀ' ਦੀ ਪ੍ਰਸ਼ੰਸਾਂ ਕੀਤੀ ਹੈ।ਫ਼ਿਲਮ ਵਿੱਚ ਜਿੱਥੇ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਨੇ ਫ਼ਿਲਮ ਵਿੱਚ ਆਪਣੇ ਸੰਗੀਤਕ ਜੋੜੀ ਦੇ ਕਿਰਦਾਰ ਗੁੱਲੀ ਤੇ ਸੋਹਣੀ ਨੂੰ ਕਾਫੀ ਸੁਚੱਜੇ ਢੰਗ ਨਾਲ ਨਿਭਾਇਆ ਹੈ ਉਥੇ ਹੀ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਕੌਰ ਭੰਗੂ, ਰੂਪਿੰਦਰ ਰੂਪੀ, ਇਫਤਿਖਾਰ ਠਾਕੁਰ, ਹਾਰਬੀ ਸੰਘਾ,ਗੁਰਮੀਤ ਸਾਜਨ ਅਤੇ ਹਨੀ ਮੱਟੂ ਆਦਿ ਨੇ ਵੀ ਆਪਣੀ ਅਦਾਕਾਰੀ ਨਾਲ ਫ਼ਿਲਮ ਨੂੰ ਚਾਰ ਚੰਨ ਲਾਏ ਹਨ।ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਵਲੋਂ ਬੇਹੱਦ ਹੀ ਸ਼ਾਨਦਾਰ ਤੇ ਵਧੀਆ ਢੰਗ ਨਾਲ ਲਿਖੀ ਗਈ ਹੈ।ਫ਼ਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ (ਦਾਦੂ ਨੇ ਕੀਤਾ ਹੈ ਤੇ ਉਨਾਂ ਨੇ ਆਪਣੀ ਪੂਰੀ ਟੀਮ ਤੋਂ ਚੰਗਾ ਕੰਮ ਲਿਆ ਹੈ ਅਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਨੂੰ ਇੱਕ ਚੰਗੀ ਡਬਲਡੋਜ਼ ਕਾਮੇਡੀ ਫ਼ਿਲਮ ਬਣਾ ਕੇ ਦਿੱਤੀ ਹੈ।ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਫ਼ਿਲਮ ਦੇ ਦੋਵੇਂ ਹਿੱਸੇ ਬੇਹੱਦ ਕਮਾਲ ਦੇ ਹਨ।ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਬੈਨਰ ਹੇਠ ਬਣੀ ਨਿਰਮਾਤਾ ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂ ਐਸ ਏ) ਵਲੋਂ ਪ੍ਰੋਡਿਊਜ ਇਹ ਫ਼ਿਲਮ ਜਿੱਥੇ ਦਰਸ਼ਕਾਂ ਨੂੰ ਪੁਰਾਣੇ ਸੰਗੀਤਕ ਕਲਚਰ, ਬੋਲੀ ਪਹਿਰਾਵੇ ਬਾਰੇ ਜਾਣੂੰ ਕਰਵਾ ਰਹੀ ਹੈ ਉੱਥੇ ਨਾਲ ਹੀ ਦਰਸ਼ਕਾਂ ਨੂੰ ਸਿਹਤਮੰਦ ਕਾਮੇਡੀ ਰਾਹੀਂ ਹਸਾਉਂਦੀ ਵੀ ਨਜ਼ਰ ਆ ਰਹੀ ਹੈ।
ਹਰਜਿੰਦਰ ਸਿੰਘ 9463828000