ਨਰਮੇ ਝੋਨੇ ਦੀ ਤਬਾਹੀ ਦੇ ਮੁਆਵਜ਼ੇ ਬਾਰੇ ਧਾਰੀ ਚੰਨੀ ਸਰਕਾਰ ਦੀ ਇਸ ਚੁੱਪ ਨੂੰ ਤੋੜਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਿਆ ਗਿਆ ਫ਼ੈਸਲਾ
ਬਠਿੰਡਾ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਘਿਰਾਓ ਦੇ ਪੰਜਵੇਂ ਦਿਨ ਨਰਮੇ ਝੋਨੇ ਦੀ ਤਬਾਹੀ ਦੇ ਮੁਆਵਜ਼ੇ ਬਾਰੇ ਧਾਰੀ ਚੰਨੀ ਸਰਕਾਰ ਦੀ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਇਹ ਘਿਰਾਓ ਸਮਾਪਤ ਕਰਕੇ ਕੱਲ੍ਹ ਤੋਂ ਕਾਂਗਰਸੀ ਮੰਤਰੀਆਂ ਵਿਧਾਇਕਾਂ ਦਾ ਪਿੰਡਾਂ ਸ਼ਹਿਰਾਂ ਵਿੱਚ ਆਉਣ'ਤੇ ਘਿਰਾਓ ਕਰਨ ਅਤੇ ਝੂਠ ਦੇ ਪੁਲੰਦਿਆਂ 'ਤੇ ਕਾਟੇ ਮਾਰਨ ਦਾ ਐਲਾਨ
ਬਠਿੰਡਾ ( ਗੁਰਸੇਵਕ ਸਿੰਘ ਸੋਹੀ ) ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਅਤੇ ਗੜੇਮਾਰੀ ਝੱਖੜ ਮੀਂਹ ਨਾਲ ਝੋਨੇ ਤੇ ਹੋਰ ਫ਼ਸਲਾਂ ਦੀ ਹੋਈ ਤਬਾਹੀ ਦਾ ਕਿਸਾਨਾਂ ਮਜ਼ਦੂਰਾਂ ਵਾਸਤੇ ਪੂਰਾ ਮੁਆਵਜ਼ਾ ਲੈਣ ਖਾਤਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਥਾਨਕ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਕੀਤੇ ਗਏ ਘਿਰਾਓ ਵਿੱਚ ਅੱਜ ਪੰਜਵੇਂ ਦਿਨ ਵੀ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਅੱਜ ਵੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਗੁਰੂ ਨਾਨਕ ਸਕੂਲ ਧੋਬੀਆਣਾ ਬਸਤੀ ਬਠਿੰਡਾ ਵਿਖੇ ਆਉਣ ਦੀ ਮੌਕੇ 'ਤੇ ਭਿਣਕ ਪੈਣ ਸਾਰ ਰੋਹ 'ਚ ਆਏ ਕਿਸਾਨਾਂ ਮਜ਼ਦੂਰਾਂ ਔਰਤਾਂ ਦਾ ਵੱਡਾ ਕਾਫ਼ਲਾ ਜ਼ੋਸ਼ੀਲੇ ਨਾਹਰੇ ਲਾਉਂਦਾ ਉੱਥੇ ਪੁੱਜ ਗਿਆ। ਅਸਲ ਵਿੱਚ ਉੱਥੇ ਪਹੁੰਚਿਆ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਵੀ ਕਿਸਾਨਾਂ ਦਾ ਕਾਫ਼ਲਾ ਦੇਖਣਸਾਰ ਉੱਥੋਂ ਦੌੜ ਗਿਆ ਤੇ ਮੰਤਰੀ ਨੂੰ ਵੀ ਆਪਣਾ ਦੌਰਾ ਰੱਦ ਕਰਨਾ ਪਿਆ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਪਿੱਥੋ, ਮਨਜੀਤ ਕੌਰ ਤੋਲਾਵਾਲ, ਸਰਬਜੀਤ ਕੌਰ ਘੋਲੀਆ, ਕਮਲਜੀਤ ਕੌਰ ਬਰਨਾਲਾ ਅਤੇ ਸ਼ਾਮਲ ਜ਼ਿਲ੍ਹਿਆਂ ਬਲਾਕਾਂ ਦੇ ਮੁੱਖ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਟਿਕਰੀ ਬਾਰਡਰ ਵਿਖੇ ਸ਼ੱਕੀ ਹਾਦਸੇ ਵਿੱਚ ਸ਼ਹੀਦ ਹੋਈਆਂ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਜੁਝਾਰੂ ਔਰਤਾਂ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਤੋਂ ਇਲਾਵਾ ਰਾਤੀਂ ਸ਼ਹੀਦ ਹੋਏ ਜੇਠੂਕੇ ਦੇ ਕਿਸਾਨਾਂ ਧਰਮ ਸਿੰਘ ਤੇ ਰਿਪਨ ਸਿੰਘ ਦੀਆਂ ਮਿਰਤਕ ਦੇਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਪਿੰਡ ਖੀਵਾ ਦਿਆਲੂਵਾਲਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਹਾਦਸੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਦੇ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਪੰਜਾਂ ਸ਼ਹੀਦਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਮੁਕੰਮਲ ਕਰਜ਼ਾ ਮੁਕਤੀ ਅਤੇ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਕਾਂਗਰਸ ਦੀ ਚੰਨੀ ਸਰਕਾਰ 'ਤੇ ਦੋਸ਼ ਲਾਇਆ ਕਿ ਉਸਨੇ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁੱਕਵਾਂ ਮੁਆਵਜ਼ਾ ਲੈਣ ਲਈ ਕਿਸਾਨਾਂ ਵੱਲੋਂ ਖਜ਼ਾਨਾ ਮੰਤਰੀ ਦੇ ਬੰਗਲੇ ਦੇ ਘਿਰਾਓ ਨੂੰ ਵੀ 15 ਦਿਨ ਨਜ਼ਰਅੰਦਾਜ਼ ਕਰੀ ਰੱਖਿਆ ਅਤੇ ਹੁਣ ਸਕੱਤਰੇਤ ਘਿਰਾਓ ਦੇ ਪੰਜਵੇਂ ਦਿਨ ਵੀ ਮੁਜਰਮਾਨਾ ਚੁੱਪ ਧਾਰੀ ਹੋਈ ਹੈ। ਉਲਟਾ ਕਾਂਗਰਸ ਦੀ ਚੰਨੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਅਤੇ ਸ਼ਹਿਰਾਂ/ਪਿੰਡਾਂ ਦੇ ਚੌਕਾਂ 'ਚ ਵੱਡੇ ਬੈਨਰ ਲਗਵਾ ਕੇ ਪੀੜਤ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਦੇਣ ਬਾਰੇ ਨੰਗਾ ਚਿੱਟਾ ਝੂਠ ਬੋਲਿਆ ਗਿਆ ਹੈ ਅਤੇ ਪੰਜਾਬ ਦੇ ਖੇਤੀ ਮੰਤਰੀ ਵੱਲੋਂ ਤਬਾਹ ਹੋਏ ਨਰਮੇ ਦਾ ਰਕਬਾ 7 ਲੱਖ ਏਕੜ ਦੀ ਥਾਂ ਸਿਰਫ਼ 2 ਲੱਖ ਏਕੜ ਬਣਾ ਕੇ ਪੇਸ਼ ਕਰਨ ਲਈ ਕੋਰਾ ਝੂਠ ਬੋਲਿਆ ਗਿਆ ਹੈ। ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਨ੍ਹਾਂ ਝੂਠੇ ਸਿਆਸਤਦਾਨਾਂ ਦੀ ਕਿਸਾਨ ਆਗੂਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਨਰਮੇ ਅਤੇ ਝੋਨੇ ਦੀ ਮੁਕੰਮਲ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਦੇ ਹਿਸਾਬ ਅਤੇ ਖੇਤ ਮਜ਼ਦੂਰਾਂ ਨੂੰ ਨਰਮਾ-ਚੁਗਾਈ ਦੇ ਰੁਜ਼ਗਾਰ ਉਜਾੜੇ ਬਦਲੇ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜ਼ਾ ਦਿੱਤਾ ਜਾਵੇ। ਤਬਾਹੀ ਦੀਆਂ ਦੋਸ਼ੀ ਨਕਲੀ ਬੀਜ/ਦਵਾਈਆਂ ਬਣਾਉਣ ਵੇਚਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਨਾਲ ਮਿਲੀਭੁਗਤ ਦੇ ਸਰਕਾਰੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਇਸ ਤਬਾਹੀ ਤੋਂ ਪੀੜਤ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਮੁਕੰਮਲ ਕਰਜ਼ਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੁਦਰਤੀ ਕਰੋਪੀ ਨਾਲ ਹੋਈ ਫ਼ਸਲੀ ਤਬਾਹੀ ਦਾ ਭਾਰ ਵੀ ਇਕੱਲੇ ਅੰਨਦਾਤੇ ਕਿਸਾਨਾਂ ਉੱਤੇ ਨਾ ਪਾਇਆ ਜਾਵੇ ਸਗੋਂ ਜਨਤਕ ਖਜ਼ਾਨੇ ਵਿਚੋਂ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਜਥੇਬੰਦੀ ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਸ੍ਰੀ ਜੇਠੂਕੇ ਨੇ ਐਲਾਨ ਕੀਤਾ ਕਿ ਚੰਨੀ ਸਰਕਾਰ ਵੱਲੋਂ ਮੁਆਵਜ਼ੇ ਦੀਆਂ ਹੱਕੀ ਮੰਗਾਂ ਬਾਰੇ ਧਾਰੀ ਹੋਈ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਹੁਣ ਸਕੱਤਰੇਤ ਦੇ ਘਿਰਾਓ ਦੀ ਥਾਂ ਕੱਲ੍ਹ ਤੋਂ ਪੰਜਾਬ ਭਰ ਵਿੱਚ ਕਾਂਗਰਸੀ ਮੰਤਰੀਆਂ,ਵਿਧਾਇਕਾਂ ਤੇ ਉੱਚ ਰਾਜਸੀ ਆਗੂਆਂ ਵੱਲੋਂ ਪਿੰਡਾਂ ਸ਼ਹਿਰਾਂ ਵਿੱਚ ਆਉਣ 'ਤੇ ਉਨ੍ਹਾਂ ਦੇ ਘਿਰਾਓ ਵੀ ਉਕਤ ਮੰਗਾਂ ਮੰਨੇ ਜਾਣ ਤੱਕ ਭਾਜਪਾ ਆਗੂਆਂ ਵਾਂਗ ਹੀ ਕੀਤੇ ਜਾਣਗੇ। ਨਾਲ ਹੀ "ਨਰਮੇ ਦਾ ਢੁੱਕਵਾਂ ਮੁਆਵਜ਼ਾ" ਵਾਲੇ ਸਰਕਾਰੀ ਬੈਨਰਾਂ ਉੱਤੇ ਵੀ ਪੰਜਾਬ ਭਰ ਵਿੱਚ ਕਾਲੇ ਰੰਗ ਦੇ ਕਾਟੇ ਮਾਰੇ ਜਾਣਗੇ। ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ 40 ਥਾਂਵਾਂ'ਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਮੋਰਚਿਆਂ ਤੋਂ ਇਲਾਵਾ ਜਥੇਬੰਦੀ ਵੱਲੋਂ ਅੱਜ ਮੋਰਿੰਡਾ ਵਿਖੇ ਚੰਨੀ ਸਰਕਾਰ ਵਿਰੁੱਧ ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਮੰਗਾਂ ਲਈ ਲਾਏ ਗਏ ਵਿਸ਼ਾਲ ਧਰਨੇ ਵਿੱਚ ਵੀ ਹਮਾਇਤੀ ਸ਼ਮੂਲੀਅਤ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਬਠਿੰਡਾ ਸਟੇਜ 'ਤੇ ਅਗਾਂਹਵਧੂ ਨਾਟਕ "ਹੱਕ ਕਿਸਾਨਾਂ ਦੇ" ਦਾ ਮੰਚਨ ਜੈ-ਹੋ ਰੰਗ ਮੰਚ ਨਿਹਾਲਸਿੰਵਾਲਾ ਦੇ ਨਿਰਦੇਸ਼ਕ ਸੁਖਦੇਵ ਸਿੰਘ ਲੱਧੜ ਦੁਆਰਾ ਅਤੇ "ਰਾਜਨੀਤਕ ਕਤਲ" ਕਲਾ ਮੰਚ ਇਪਟਾ ਮੋਗਾ ਦੇ ਨਿਰਦੇਸ਼ਕ ਜਸ ਰਿਆਜ਼ ਦੁਆਰਾ ਪੇਸ਼ ਕੀਤੇ ਗਏ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਅੱਜ ਵੀ ਕਿਸਾਨਾਂ ਦੀ ਹਮਾਇਤ ਵਿੱਚ ਚੇਅਰਮੈਨ ਮੇਘ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲੇ ਰਾਹੀਂ ਸ਼ਮੂਲੀਅਤ ਕੀਤੀ ਗਈ ਅਤੇ ਸੰਘਰਸ਼ ਫੰਡ ਵੀ ਦਿੱਤਾ ਗਿਆ।। ਬੁਲਾਰਿਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਮੁਲਕ ਪੱਧਰੇ ਕਿਸਾਨ ਘੋਲ਼ ਨੂੰ ਅੱਗੇ ਵਧਾਉਂਦਿਆਂ ਦਿੱਲੀ ਟਿਕਰੀ ਬਾਰਡਰ ਸਮੇਤ ਪੰਜਾਬ ਵਿਚਲੇ ਸਾਰੇ ਪੱਕੇ ਮੋਰਚਿਆਂ ਵਿੱਚ ਅਤੇ ਨਵੇਂ ਐਲਾਨ ਲਾਗੂ ਕਰਨ ਲਈ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਜਾਗਰੂਕ ਤੇ ਲਾਮਬੰਦ ਕੀਤਾ ਜਾਵੇ।