ਕਲਮ ਅਤੇ ਝਾੜੂ !
ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਮੂਹ ਵਾਲਮੀਕੀ ਸਮਾਜ ਨੂੰ ਪ੍ਰਣ ਕਰਦੇ ਹੋਏ ਆਪਣੇ ਬੱਚਿਆਂ ਨੂੰ ਮਨੂੰਵਾਦੀ ਵਿਚਾਰਧਾਰਾ ਰੱਖਣ ਵਾਲੇ ਧਾਰਮਿਕ ਸਥਾਨਾਂ ਵਿਚ ਮੱਥੇ ਟੇਕ ਕੇ ਆਪਣੀ ਕਿਸਮਤ ਬਦਲਾਉਣ ਦੇ ਸੁਫਨੇ ਪੂਰੇ ਕਰਨ ਦੀ ਬਜਾਏ ਸਕੂਲਾਂ /ਕਾਲਜਾਂ /ਯੂਨੀਵਰਸਿਟੀਆਂ ਵੱਲ ਮੂੰਹ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਕਿਉਂਕਿ ਇਸ ਸਮਾਜ ਦੀ ਗੁਲਾਮੀ, ਗਰੀਬੀ ਅਤੇ ਅਨਪੜ੍ਹਤਾ ਦਾ ਮੁੱਖ ਕਾਰਨ ਇਸ ਸਮਾਜ ਦੇ ਲੋਕਾਂ ਦਾ ਮਨੂੰਵਾਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਕੇ ਵਿੱਦਿਅਕ ਅਦਾਰਿਆਂ ਵਲ ਮੂੰਹ ਕਰਨ ਦੀ ਬਜਾਏ ਮਨੂੰਵਾਦੀ ਵਿਚਾਰਧਾਰਾ ਵਾਲੇ ਧਾਰਮਿਕ ਸਥਾਨਾਂ ਦੀ ਸ਼ਰਨ ਵਿਚ ਜਾਣਾ ਹੈ!
ਵਾਲਮੀਕੀ ਸਮਾਜ ਦੇਸ਼ ਦਾ ਸੱਭ ਤੋਂ ਵੱਧ ਅਨਪੜ੍ਹ, ਲਿਤਾੜਿਆ ਤੇ ਪੱਛੜਿਆ ਹੋਇਆ ਸਮਾਜ ਹੈ,ਇਸ ਲਈ ਜਦੋਂ ਤੱਕ ਇਹ ਸਮਾਜ ਆਪਣੀ ਸੋਚ ਨਹੀਂ ਬਦਲਦਾ, ਉਦੋਂ ਤਕ ਦੇਸ਼ ਵਿਚ ਗੁਲਾਮੀ ਭਰਿਆ ਜੀਵਨ ਬਤੀਤ ਕਰਦਾ ਰਹੇਗਾ। ਵਾਲਮੀਕੀ ਸਮਾਜ ਨੂੰ ਚਾਹੀਦਾ ਹੈ, ਕਿ ਉਹ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਮਨੂੰਵਾਦੀ ਵਿਚਾਰਧਾਰਾ ਵਾਲੇ ਧਾਰਮਿਕ ਗ੍ਰੰਥਾਂ ਤੋਂ ਖਹਿੜਾ ਛੁਡਾਉਣ, ਤਾਂ ਹੀ ਉਨ੍ਹਾਂ ਦੇ ਹੱਥਾਂ ਵਿਚੋਂ ਝਾੜੂ ਅਤੇ ਸਿਰ 'ਤੇ ਗੰਦ ਢੋਹਣ ਦੀ ਪ੍ਰਥਾ ਦਾ ਖਾਤਮਾ ਹੋ ਸਕੇਗਾ! ਇਸ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕਿਸਮਤ ਦੇ ਸਿਤਾਰੇ ਧਾਰਮਿਕ ਸਥਾਨਾਂ ਵੱਲ ਜਾ ਕੇ ਨਹੀਂ ਬਲਕਿ ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਹੀ ਚਮਕ ਸਕਦੇ ਹਨ, ਕਿਉਂਕਿ ਵਿੱਦਿਆ ਸਾਨੂੰ 'ਬੰਦੇ ਦਾ ਪੁੱਤ' ਬਣਾ ਕੇ ਆਪਣੇ ਹੱਕਾਂ ਅਤੇ ਹਿੱਤਾਂ ਪ੍ਰਤੀ ਜਾਗਰੂਕ ਕਰਨ ਦੇ ਯੋਗ ਬਣਾਉਂਦੀ ਹੈ।
ਅੱਜ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਿਥੇ ਵੀ ਵਾਲਮੀਕਿ ਜੀ ਦੀ ਤਸਵੀਰ ਲਟਕਦੀ ਦਿਖਾਈ ਦਿੰਦੀ ਹੈ, ਤਾਂ ਹਰ ਤਸਵੀਰ ਵਿੱਚ ਉਨ੍ਹਾਂ ਦੇ ਹੱਥ ਵਿਚ ਕਲਮ ਅਤੇ ਕਿਤਾਬ ਫੜੀ ਹੁੰਦੀ ਹੈ, ਜੋ "ਗਿਆਨ ਦਾ ਪ੍ਰਕਾਸ਼ ਦਾ ਪ੍ਰਤੀਕ ਹੈ" , ਪਰ ਵਾਲਮੀਕਿ ਜੀ ਦੇ ਪੈਰੋਕਾਰਾਂ ਨੇ ਉਨ੍ਹਾਂ ਦੀ ਤਸਵੀਰ ਤੋਂ "ਕਲਮ ਫੜਨ ਅਤੇ ਕਿਤਾਬ ਪੜ੍ਹਨ" ਦੀ ਸੇਧ ਲੈਣ ਦੀ ਬਜਾਏ ਸਿਰਫ ਝਾੜੂ ਫੜਨ ਅਤੇ ਸਿਰ 'ਤੇ ਗੰਦਗੀ ਢੋਹਣ ਨੂੰ ਅਪਣਾ ਲਿਆ, ਜੋ ਵਾਲਮੀਕਿ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ। ਅੱਜ ਇਹ ਵੀ ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕੁਝ ਸਿਆਸੀ ਪਾਰਟੀਆਂ ਦੇ ਆਗੂ ਜਦੋਂ ਉਨ੍ਹਾਂ ਦੇ ਘਰਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੜ੍ਹਾਈ ਵਲ ਪ੍ਰੇਰਿਤ ਕਰਨ ਦੀ ਬਜਾਏ ਉਨ੍ਹਾਂ ਦੇ ਧੀਆਂ-ਪੁੱਤਰਾਂ ਲਈ "ਸਫਾਈ ਸੇਵਕ ਜਾਂ ਸੀਵਰਮੈਨ" ਦੀ ਨੌਕਰੀ ਦਿਵਾਉਣ ਲਈ ਵਾਅਦੇ ਕਰਦੇ ਨਹੀਂ ਥੱਕਦੇ। ਇਥੇ ਹੀ ਗੱਲ ਨਹੀਂ ਮੁੱਕਦੀ, ਕਈ ਸਿਆਸੀ ਸ਼ਰਾਰਤੀ ਲੋਕ ਜਦੋਂ ਵਾਲਮੀਕੀ ਸਮਾਜ ਦੇ ਘਰਾਂ ਵਿਚ ਜਾਂਦੇ ਹਨ ਤਾਂ ਉਹ "ਝਾੜੂ" ਨੂੰ "ਜਾਦੂਗਰ ਦੀ ਛੜੀ" ਕਹਿ ਕੇ ਉਕਸਾਉਂਦੇ ਹਨ, ਕਿ " ਤੁਹਾਡਾ ਝਾੜੂ ਗੰਦਗੀ ਦੀ ਸਫਾਈ ਕਰਦਾ ਹੈ, ਇਸ ਲਈ ਝਾੜੂ ਨੂੰ ਘੁੱਟ ਕੇ ਫੜੀ ਰੱਖਣਾ, ਇਹ ਝਾੜੂ ਤੁਹਾਡਾ ਮਾਣ-ਸਨਮਾਨ ਹੈ, ਇਸ ਨੂੰ ਉੱਚਾ ਚੁੱਕਣਾ"
ਗੱਲ ਕੀ ਦੇਸ਼ ਦੀ ਕੋਈ ਵੀ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਪਣੇ ਆਪ ਨੂੰ ਬੁੱਧੀਜੀਵੀਆਂ ਅਤੇ ਲੇਖਕਾਂ ਦਾ ਵਰਗ ਕਹਾਉਣ ਵਾਲੀ ਸੰਸਥਾਵਾਂ /ਜਥੇਬੰਦੀਆਂ ਵਾਲਮੀਕਿ ਸਮਾਜ ਦੇ ਲੋਕਾਂ ਦੇ ਹੱਥਾਂ ਵਿੱਚੋਂ ਝਾੜੂ ਛੁਡਾਕੇ "ਕਲਮ-ਕਿਤਾਬ" ਫੜਾਉਣਾ ਨਹੀਂ ਚਾਹੁੰਦੀਆਂ ਅਤੇ ਨਾ ਹੀ ਇਸ ਸਮਾਜ ਦੇ ਲੋਕ ਕਲਮ ਫੜਨ ਅਤੇ ਕਿਤਾਬ ਪੜ੍ਹਨ ਨੂੰ ਤਿਆਰ ਹਨ, ਕਿਉਂਕਿ ਮਨੂੰਵਾਦੀ ਵਿਚਾਰਧਾਰਾ ਨੇ ਉਨ੍ਹਾਂ ਦੀ ਸੋਚ ਨੂੰ ਖੁੰਡੀ ਬਣਾ ਕੇ ਰੱਖ ਦਿੱਤਾ ਹੈ। ਵਾਲਮੀਕੀ ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵਾਲਮੀਕਿ ਜੀ ਦੀ ਤਸਵੀਰ ਤੋਂ ਅਗਵਾਈ ਲੀਹਾਂ ਲੈਂਦੇ ਹੋਏ ਆਪਣੇ ਹੱਥ ਵਿੱਚ 'ਝਾੜੂ' ਫੜਨ ਦੀ ਪ੍ਰੰਪਰਾ ਨੂੰ ਤਿਆਗ ਕੇ 'ਕਲਮ ਅਤੇ ਕਿਤਾਬ' ਫੜਨ ਨੂੰ ਤਰਜੀਹ ਦੇਣ ਲਈ ਕਮਰ ਕੱਸ ਲੈਣ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਨਹਿਰਾ ਅਤੇ ਉੱਜਲ ਬਣ ਸਕੇ। ਵਾਲਮੀਕੀ ਸਮਾਜ ਦੇ ਲੋਕਾਂ ਨੇ ਜੇ ਆਪਣੇ ਹੱਥ ਵਿੱਚ ਕਲਮ ਤੇ ਕਿਤਾਬ ਨਾ ਫੜੀ ਤਾਂ ਸਿੰਘੂ ਬਾਰਡਰ 'ਤੇ ਆਪਣੇ ਹੱਥ-ਪੈਰ ਵਢਾ ਕੇ ਕਾਵਾਂ ਵਾਗੂੰ ਮਾਰ ਕੇ ਟੰਗੇ ਜਾਂਦੇ ਰਹਿਣਗੇ !
ਸੁਖਦੇਵ ਸਲੇਮਪੁਰੀ
09780620233
20 ਅਕਤੂਬਰ, 2021.