You are here

ਅੰਧ-ਵਿਸ਼ਵਾਸ਼ੀ ਸਿੱਖਿਆ ✍️ ਸਲੇਮਪੁਰੀ ਦੀ ਚੂੰਢੀ

 ਭਾਰਤੀ ਸਿੱਖਿਆ ਪ੍ਰਣਾਲੀ ਸਾਨੂੰ 'ਬੰਦੇ ਦਾ ਪੁੱਤ' ਬਣਾਉਣ ਵਿਚ  ਸਫਲ ਨਹੀਂ ਹੋ ਰਹੀ, ਜਿਸ ਦਾ ਮੁੱਖ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਉਪਰ 'ਮਨੂੰਵਾਦੀ ਵਿਚਾਰਧਾਰਾ' ਦਾ ਹਾਵੀ ਹੋਣਾ ਹੈ। ਮਨੂੰਵਾਦੀ ਵਿਚਾਰਧਾਰਾ ਜਿਥੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਦੀ ਬਜਾਏ ਇਕ ਦੂਜੇ ਤੋਂ ਤੋੜ ਕੇ ਰੱਖਣ ਉਪਰ ਜੋਰ ਦਿੰਦੀ ਹੈ, ਉਥੇ ਅੰਧ-ਵਿਸ਼ਵਾਸ਼ੀ ਬਣਾ ਕੇ ਵਿਗਿਆਨਿਕ ਵਿਚਾਰਧਾਰਾ ਤੋਂ ਵੀ ਦੂਰ ਲਿਜਾਣ ਲਈ ਕੰਮ ਕਰ ਰਹੀ ਹੈ। ਅੰਧ-ਵਿਸ਼ਵਾਸੀ ਸਿੱਖਿਆ ਮਨੁੱਖ ਦੀ ਸੋਚ ਨੂੰ ਖੁੰਡੀ ਬਣਾ ਕੇ ਮਾਨਸਿਕ ਗੁਲਾਮੀ ਵੱਲ ਧੱਕਦੀ ਹੈ। 
ਮਹਾਤਮਾ ਬੁੱਧ ਦਾ ਕਥਨ ਹੈ ਕਿ, 'ਜਦੋਂ  ਸਿੱਖਿਆ ਉਪਰ ਅੰਧ-ਵਿਸ਼ਵਾਸ ਭਾਰੂ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ, ਤੁਸੀਂ ਮਾਨਸਿਕ ਗੁਲਾਮ ਬਣ ਚੁੱਕੇ ਹੋ।' 
ਭਾਰਤ ਵਿਚ ਸਮੇਂ ਸਮੇਂ 'ਤੇ ਜਿਨ੍ਹੀਆਂ ਵੀ ਕੇਂਦਰ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਹਨ, ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਨੂੰ ਵਿਗਿਆਨਕ ਲੀਹਾਂ  'ਤੇ ਲਿਜਾਣ ਦੀ ਬਜਾਏ ਅੰਧ-ਵਿਸ਼ਵਾਸੀ ਬਣਾਉਣ ਲਈ ਹੀ ਪਾਠ-ਕ੍ਰਮ ਤਿਆਰ ਕਰਵਾਏ ਹਨ, ਕਿਉਂਕਿ ਵਿਗਿਆਨਿਕ ਸਿੱਖਿਆ ਬੰਦੇ ਦਾ ਮਾਨਸਿਕ ਵਿਕਾਸ ਕਰਦੀ ਹੋਈ ਠੀਕ - ਗਲਤ, ਸੱਚ-ਝੂਠ, ਚੰਗਾ-ਮਾੜਾ ਦੀ ਪਰਖ ਕਰਨ ਦੇ ਯੋਗ ਬਣਾਉਂਦੀ ਹੈ ਜਦਕਿ ਅੰਧ-ਵਿਸ਼ਵਾਸਾਂ ਦੇ ਅਧਾਰਿਤ ਤਿਆਰ ਕੀਤਾ ਪਾਠ-ਕ੍ਰਮ ਸਾਡੀ ਸੋਚ ਨੂੰ ਵਿਗਿਆਨਕ ਬਣਾਉਣ ਦੀ ਬਜਾਏ ਜੰਮਣ-ਮਰਨ ਅਤੇ ਪੁੰਨ-ਪਾਪ ਦੇ ਚੱਕਰ ਵਿਚ ਫਸਾਕੇ ਦਿਮਾਗ ਨੂੰ ਸੁੰਨ ਕਰਨ ਲਈ ਕੰਮ ਕਰਦਾ। 
ਮੈਨੂੰ ਉਸ ਵੇਲੇ ਬਹੁਤ ਹੈਰਾਨੀ ਹੁੰਦੀ ਹੈ, ਜਦੋਂ ਅਨਪੜ੍ਹ ਲੋਕਾਂ ਦੇ ਨਾਲ - ਨਾਲ ਪੜ੍ਹੇ-ਲਿਖੇ ਵੱਡੀਆਂ ਵੱਡੀਆਂ ਕਾਰਾਂ ਵਾਲੇ ਲੋਕਾਂ ਵਲੋਂ ਆਪਣੇ ਪਾਪ ਉਤਾਰਨ ਲਈ, ਨੌਕਰੀਆਂ ਲੈਣ ਲਈ, ਵਪਾਰ ਵਧਾਉਣ ਲਈ, ਅਦਾਲਤਾਂ ਵਿੱਚ ਚੱਲਦੇ ਮਾਮਲਿਆਂ ਵਿੱਚੋਂ ਬਰੀ ਹੋਣ ਲਈ, ਪੜ੍ਹਾਈ ਵਿਚ ਅੱਗੇ ਆਉਣ ਲਈ, ਤਰੱਕੀਆਂ ਲੈਣ ਲਈ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ, ਔਲਾਦ ਖਾਸ ਕਰਕੇ ਮੁੰਡੇ ਦੀ ਪ੍ਰਾਪਤੀ ਸਮੇਤ ਆਦਿ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਦਰਿਆਵਾਂ, ਨਹਿਰਾਂ ਦੇ ਅੰਮ੍ਰਿਤ ਵਰਗੇ ਪਾਣੀ ਵਿਚ ਪਤਾ ਨਹੀਂ ਕੀ-ਕੀ ਖੇਹ-ਸੁਆਹ ਸੁੱਟ ਕੇ, ਨੂੰ ਗੰਦ ਘੋਲਦਿਆਂ ਵੇਖਦਾ ਹਾਂ । ਕਿੱਕਰਾਂ ਦੇ ਰੁੱਖਾਂ ਵਿਚ ਮੇਖਾਂ ਗੱਡ- ਗੱਡ ਕੇ ਉਨ੍ਹਾਂ ਦੀ ਜੂਨ ਤਬਾਹ ਕੀਤੀ ਜਾ ਰਹੀ ਹੈ, ਚੁਰਸਤਿਆਂ ਵਿਚ ਟੂਣੇ ਕੀਤੇ ਜਾ ਰਹੇ ਹਨ, ਦੁਕਾਨਾਂ /ਫੈਕਟਰੀਆਂ / ਨਿੱਜੀ ਤੇ ਸਰਕਾਰੀ ਦਫਤਰਾਂ ਦੇ ਬੂਹਿਆਂ ਅੱਗੇ ਨਿੰਬੂ - ਮਿਰਚਾਂ, ਟੁੱਟੇ ਛਿੱਤਰ ਅਤੇ ਨਜ਼ਰ - ਵੱਟੂ ਬੰਨ੍ਹੇ ਜਾਂਦੇ ਹਨ, ਗਿੱਟਿਆਂ ਤੇ ਡੌਲਿਆਂ ਨੂੰ ਕਾਲੇ ਧਾਗੇ ਬੰਨ੍ਹੇ ਜਾਂਦੇ ਹਨ । 
ਗੁਰੂ ਗ੍ਰੰਥ ਸਾਹਿਬ ਜੀ ਅੰਧ - ਵਿਸ਼ਵਾਸਾਂ ਤੋਂ ਮੁਕਤ ਹੋਣ ਦਾ ਸੰਦੇਸ਼ ਦਿੰਦਾ ਹੈ, ਪਰ ਸਿੱਖ  ਅੰਧ-ਵਿਸ਼ਵਾਸੀ ਬਣ ਕੇ ਵਹਿਮਾਂ - ਭਰਮਾਂ ਵਿਚ ਫਸੇ ਪਏ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਗਿਆਨ ਪੜ੍ਹਾਉਣ ਵਾਲੇ ਬਹੁਤ ਸਾਰੇ ਅਧਿਆਪਕਾਂ , ਡਾਕਟਰਾਂ ਸਮੇਤ ਆਈ. ਏ. ਐਸ. / ਆਈ. ਪੀ. ਐੱਸ. ਅਧਿਕਾਰੀ ਵੀ ਅੰਧ-ਵਿਸ਼ਵਾਸਾਂ ਦੀ ਕੁੜਿੱਕੀ ਵਿਚ ਫਸੇ ਹੋਣ ਕਰਕੇ ਟੂਣਿਆਂ-ਮਟਾਣਿਆਂ ਅਤੇ ਵਹਿਮਾਂ - ਭਰਮਾਂ ਤੋਂ ਮੁਕਤ ਨਹੀਂ ਹਨ।
ਸੱਚ ਤਾਂ ਇਹ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਅੰਧ-ਵਿਸ਼ਵਾਸੀ ਹੋਣ ਕਰਕੇ ਅਸੀਂ ਮਾਨਸਿਕ ਤੌਰ 'ਤੇ ਗੁਲਾਮ ਅਤੇ ਬਿਮਾਰ ਹਾਂ, ਇਸੇ ਕਰਕੇ ਅਸੀਂ ਸਾਡੇ ਦੇਸ਼ ਤੋਂ ਇੱਕ ਸਾਲ ਬਾਅਦ ਅਜਾਦ ਹੋਏ ਚੀਨ ਤੋਂ ਵਿਕਾਸ ਦੇ ਹਰ ਖੇਤਰ ਵਿਚ ਬਹੁਤ ਪੱਛੜ ਕੇ ਚੱਲ ਰਹੇ ਹਾਂ।ਅਸੀਂ ਤਾਂ ਦੇਸ਼ ਦੀ ਸਰਹੱਦ ਦੇ ਨਾਲ ਬੰਨ੍ਹੀ ਹੋਈ ਸੁਰੱਖਿਆ ਕੰਡਿਆਲੀ ਤਾਰ ਨਾਲ ਵੀ ਨਿੰਬੂ ਅਤੇ ਮਿਰਚਾਂ ਬੰਨ੍ਹੀਆਂ ਹੋਈਆਂ ਹਨ ਤਾਂ ਜੋ  ਗੁਆਂਢੀ ਦੇਸ਼  ਸਾਡੇ ਦੇਸ਼ ਉਪਰ ਹਮਲਾ ਨਾ ਕਰ ਸਕਣ, ਜਾਣੀ ਕਿ  ਨਿੰਬੂ-ਮਿਰਚ ਸਾਡੇ ਦੇਸ਼ ਲਈ ਰੱਖਿਅਕ ਹਨ। ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ਼ਾਂ ਵਿਚ ਫਸੇ ਭਾਰਤ ਨੇ ਜਦੋਂ ਵਿਦੇਸ਼ੀ ਸ਼ਕਤੀਸ਼ਾਲੀ ਲੜਾਕੂ ਰੈਫੇਲ ਜਹਾਜ਼ ਖ੍ਰੀਦੇ ਸਨ, ਉਸ ਵੇਲੇ ਵੀ ਜਹਾਜ਼ਾਂ ਨਾਲ ਨਿੰਬੂ-ਮਿਰਚਾਂ ਬੰਨ੍ਹੇ ਸਨ ਨਾਲ ਹੀ  ਨਾਰੀਅਲ  ਵੀ ਛੁਹਾਏ ਸਨ। ਭਾਰਤੀ ਸਿੱਖਿਆ ਪ੍ਰਣਾਲੀ ਗੈਰ-ਵਿਗਿਆਨਿਕ, ਅਸਮਾਜਿਕ ਅਤੇ ਅੰਧ-ਵਿਸ਼ਵਾਸ਼ੀ ਹੈ, ਜਿਸ ਕਰਕੇ ਇਹ ਸਿੱਖਿਆ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗਰੀਬ ਵਿੱਚ ਦਿਨ-ਬ-ਦਿਨ ਪਾੜਾ ਅਤੇ ਵਿਤਕਰਾ ਵਧਾਉਣ ਲਈ ਕੰਮ ਕਰ ਰਹੀ ਹੈ। 
ਸੰਸਾਰ ਵਿੱਚ ਬਹੁਤ ਸਾਰੇ ਛੋਟੇ - ਛੋਟੇ ਦੇਸ਼ ਹਨ, ਜਿਹੜੇ ਹਰ ਖੇਤਰ ਵਿਚ ਭਾਰਤ ਤੋਂ ਬਹੁਤ ਅੱਗੇ ਹਨ, ਕਿਉਂਕਿ ਉਨ੍ਹਾਂ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਅੰਧ-ਵਿਸ਼ਵਾਸ਼ਾਂ ਤੋਂ ਮੁਕਤ ਹੋ ਕੇ ਵਿਗਿਆਨਿਕ ਵਿਚਾਰਧਾਰਾ ਦੇ ਅਧਾਰਿਤ ਹੈ। 
-ਸੁਖਦੇਵ ਸਲੇਮਪੁਰੀ
09780620233
25 ਸਤੰਬਰ, 2021.