You are here

ਮਹਿਫ਼ਲ ਏ ਅਦੀਬ ਸੰਸਥਾਂ ’ਚ ਅਦੀਬਾਂ ਨੇ ਆਪਣੀ ਕਲਮਾਂ ਦੇ ਰੰਗ ਵਖੇਰੇ

ਜਗਰਾਉਂ 9 ਜੂਨ 2019 (ਮਨਜਿੰਦਰ ਗਿੱਲ)- ਮਹਿਫ਼ਲ ਏ ਅਦੀਬ ਸੰਸਥਾਂ ਜਗਰਾਉਂ ਦੀ ਹਰ ਮਹੀਨੇ ਹੁੰਦੀ ਸਾਹਿਤਕ ਮੀਟਿੰਗ ਸੰਸਥਾ ਦੇ ਪ੍ਰਧਾਨ ਰਜਿੰਦਰ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਮਲਕ ਰੋਡ ਜਗਰਾਉਂ ਵਿਖੇ ਖਹਿਰਾ ਨਿਵਾਸ ਵਿਚ ਹੋਈ। ਮੀਟੰਗ ਵਿਚ ਮਾ: ਮਹਿੰਦਰ ਸਿੰਘ ਸਿੱਧੂ, ਪ੍ਰਿੰ: ਨਛੱਤਰ ਸਿੰਘ, ਮੇਜਰ ਸਿੰਘ ਛੀਨਾ, ਕੈਪਟਨ ਪੂਰਨ ਸਿੰਘ ਗਗੜਾ, ਡਾ: ਬਲਦੇਵ ਸਿੰਘ ਡੀ. ਈ. ਓ., ਅਮਨਜੀਤ ਸਿੰਘ ਖਹਿਰਾ, ਗੁਰਦੀਪ ਸਿੰਘ ਮਣਕੂ, ਨਗਿੰਦਰ ਸਿੰਘ ਮੰਡਿਆਣੀ, ਜਗਰਾਜ ਸਿੰਘ ਰਾਜਾ ਮਾਣੂੰਕੇ, ਮਾ: ਅਵਤਾਰ ਸਿੰਘ ਭੁੱਲਰ, ਸਤਪਾਲ ਸਿੰਘ ਗਿੱਲ, ਹਰਨਰਾਇਣ ਸਿੰਘ ਢਿੱਲੋਂ, ਕਾਂਤਾ ਰਾਣੀ, ਗੀਤਕਾਰ ਰਾਜ ਜਗਰਾਉਂ, ਬਚਿੱਤਰ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਸ਼ਾਮਲ ਹੋਏ। ਸਾਹਿਤਕ ਮਾਹੌਲ ਸਿਰਜਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਸ੍ਰੀਮਤੀ ਕਾਂਤਾ ਰਾਣੀ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ‘ਖੁਸ਼ੀਆਂ ਤੇ ਖੇੜੇ ਹੋਣ, ਹਰੇ ਭਰੇ ਵਿਹੜੇ ਹੋਣ’ ਗੀਤ ਰਾਹੀਂ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ। ਜਗਰਾਜ ਸਿੰਘ ਰਾਜਾ ਮਾਣੂੰਕੇ ਨੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਲੇਖਕਾਂ ਨੂੰ ਪੰਜਾਬ ਦੇ ਬੇਸ਼ੁਮਾਰ ਕੀਮਤੀ ਇਤਿਹਾਸ ’ਤੇ ਵੱਡੀ ਖੋਜ਼ ਕਰਨ ਦੀ ਲੋੜ ਦਾ ਜ਼ਿਕਰ ਕਰਦਿਆਂ ਕਿਹਾ ਕੇ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਦਾ ਦਸਤਾਵੇਜ਼ ਮਿਲ ਸਕੇ। ਕੈਪਟਨ ਪੂਰਨ ਸਿੰਘ ਗਗੜਾ ਨੇ ਗੀਤ ‘ਪੰਜਾਬੀਓ ਪੰਜਾਬ ਬਚਾਉ ਬਹੁਤ ਜਰੂਰੀ ਹੈ’ ਰਾਹੀਂ ਪੰਜਾਬ ਵਿਚ ਨਸ਼ਿਆਂ ਦੇ ਚੱਲ ਰਹੇ ਗੋਰਖ ਧੰਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਸੁਚੇਤ ਹੋਣ ਲਈ ਅਪੀਲ ਕੀਤੀ। ਮਾ: ਅਵਤਾਰ ਸਿੰਘ ਭੁੱਲਰ ਨੇ ਆਪਣੀ ਰਚਨਾ ‘ਮਾਡਲ ਦੁਕਾਨਾਂ’ ਰਾਹੀ ਅਜੌਕੀ ਸਿੱਖਿਆ ਪ੍ਰਣਾਲੀ ਦੇ ਨਾਂਅ ਹੇਠ ਥਾਂ ਥਾਂ ਖੁੱਲੇ ਪਬਲਿਕ ਸਕੂਲਾਂ ਵਾਲਿਆਂ ਵਲੋਂ ਮਾਪਿਆਂ ਦੀ ਕੀਤੀ ਜਾਂਦੀ ਅੰਨ੍ਹੀ ਲੁੱਟ ਦਾ ਖੁਲਾਸਾ ਕੀਤਾ। ਮੇਜਰ ਸਿੰਘ ਛੀਨਾ ਨੇ ਸ਼ਰਾਬ ਪੀਣ ਦੇ ਨੁਕਸਾਨ ਨੂੰ ਦਰਸਾਉਂਦਾ ਗੀਤ ‘ਸ਼ਰਾਬੀ ਚੂਹੇ ਦੀ ਬਿੱਲੀ ਨੂੰ ਵੰਗਾਰ’ ਸੁਣਾ ਕੇ ਹਾਜ਼ਰੀ ਲਵਾਈ। ਉਰਦੂ ਦੇ ਸ਼ਾਇਰ ਮਾ: ਮਹਿੰਦਰ ਸਿੰਘ ਸਿੱਧੂ ਨੇ ਆਪਣੀ ਗ਼ਜ਼ਲ ‘ਪਿਆਰ ਨੂੰ ਮੰਨ ਕੇ ਖ਼ੁਦਾ ਪੂਜ਼ਾ ਕਰਦਾ ਰਿਹਾ’ ਸੁਣਾਈ। ਡਾ: ਬਲਦੇਵ ਸਿੰਘ ਨੇ ‘ਕੰਪਿਊਟਰ ਅਪਰਾਧੀਆਂ ਦੇ ਦੇਸ਼ ਵਿਚ ਕੰਪਿਊਟਰ ਸਾਖਰਤਾ’ ਵਿਸ਼ੇ ’ਤੇ ਬੋਲਦਿਆਂ ਅੰਕੜਿਆਂ ਦੇ ਅਧਾਰ ’ਤੇ ਦੱਸਿਆ ਕੇ ਦੁਨੀਆਂ ਵਿਚ ਭਾਰਤ ਅੰਦਰ ਕੰਪਿਊਟਰ ਅਪਰਾਧੀਆਂ ਦਾ ਦੂਜਾ ਦੇਸ਼ ਬਣ ਗਿਆ ਹੈ, ਜਿੱਥੇ ਫਾਇਦੇ ਲਈ ਘੱਟ ਗਲਤ ਕੰਮਾਂ ਲਈ ਜਿਆਦਾ ਵਰਤੋਂ ਹੋ ਰਹੀ ਹੈ। ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ ਨੇ ਆਪਣੀ ਡਿਊਟੀ ਦੌਰਾਨ ਹੱਡਬੀਤੀ ਜੋ ਅਭੁੱਲ ਯਾਦ ਬਣ ਗਈ ਸੁਣਾਈ। ਹਰਨਰਾਇਣ ਸਿੰਘ ਢਿੱਲੋਂ ਨੇ ਮੌਜੂਦਾ ਸਮੇਂ ਵਿਚ ਵਾਤਾਵਰਨ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਗੁਰੂਆਂ ਪੀਰਾਂ ਵਲੋਂ ਇਸ ਦੀ ਸੰਭਾਲਣ ਦੇ ਕੀਤੇ ਯਤਨਾ ਦਾ ਵੇਰਵਾ ਦੇ ਕੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲੀ ਕੀਤੀ। ਗੁਰਦੀਪ ਸਿੰਘ ਮਣਕੂ ਨੇ ਮਿੰਨੀ ਕਹਾਣੀ ‘ਅਬੌਰਸ਼ਨ’ ਰਾਹੀਂ ਸਮਾਜ ਅੰਦਰ ਹੋ ਰਹੀਆਂ ਭਰੂਣ ਹੱਤਿਆਵਾਂ ਪ੍ਰਤੀ ਸੁਚੇਤ ਕੀਤਾ। ਬਚਿੱਤਰ ਸਿੰਘ ਕਲਿਆਣ ਨੇ ਗੀਤ ‘ਕਿਉਂਕਿ ਚੰਗੇ ਦਿਨ ਆਏ ਹੋਏ ਨੇ’ ਰਾਹੀਂ ਸਮੇਂ ਦੀਆਂ ਸਰਕਾਰਾਂ ’ਤੇ ਤਨਜ਼ ਕਸਿਆ। ਪ੍ਰਿੰ: ਨਛੱਤਰ ਸਿੰਘ ਨੇ ਆਪਣੀ ਗ਼ਜ਼ਲ ‘ਮਨ ਦੀ ਪਹੀ ’ਚੋਂ ਰੋਜ ਹੁਣ ਲੰਘਦੇ ਨੇ ਦਿਨ ਢਲੇ’ ਸੁਣਾਈ। ਆਖਿਰ ਵਿਚ ਪ੍ਰਧਾਨ ਰਜਿੰਦਰ ਪਾਲ ਸ਼ਰਮਾ ਨੇ ਵਿਅੰਗ ‘ਅਗਾਂਹ ਤੋਂ’ ਸੁਣਾ ਕੇ ਬੁਢਾਪੇ ਵਿਚ ਜ਼ਿੰਦਗੀ ਤੇ ਮੌਤ ਦਰਮਿਆਨ ਬਚੇ ਫਾਸਲੇ ਦੇ ਬੀਤ ਰਹੇ ਦਿਨਾਂ ਦਾ ਬਾਖੂਬੀ ਜ਼ਿਕਰ ਕੀਤਾ ਅਤੇ ਸਮੂਹ ਅਦੀਬਾਂ ਦੀਆਂ ਰਚਨਾਵਾਂ ਤੇ ਉਸਾਰੂ ਸੁਝਾਅ ਦਿੱਤੇ। ਉਨਾਂ੍ਹ ਨੇ 6 ਜੂਨ ਤੋਂ ਇਕ ਖੁੱਲੇ ਬੋਰ ਵਿਚ ਡਿੱਗੇ 2 ਸਾਲਾ ਨੰਨ੍ਹੇ ਬੱਚੇ ਫਤਹਿਵੀਰ ਸਿੰਘ ਦੀ ਸਥਿਤੀ ’ਤੇ ਹਰਦਰਦੀ ਜ਼ਾਹਿਰ ਕਰਦਿਆਂ ਸਮੇਂ ਦੀਆਂ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਲਈ ਉਪਰਾਲੇ ਕਰਨ ਲਈ ਯਤਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਤਪਾਲ ਸਿੰਘ ਗਿੱਲ, ਗੀਤਕਾਰ ਰਾਜ ਜਗਰਾਉਂ ਤੇ ਜਸਵਿੰਦਰ ਸਿੰਘ ਛਿੰਦਾ ਨੇ ਵੀ ਆਪਣੀ ਹਾਜ਼ਰੀ ਲਵਾਈ।