- ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਨੇ ਪੰਜਾਬੀ ਸਿਨਮੇ ਨੂੰ ਅਨੇਕਾਂ ਚੰਗੀਆਂ ਤੇ ਸਮਾਜਿਕ ਸੇਧ ਦਿੰਦੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਦਿੱਤੀਆ ਹਨ ਜੋ ਦਰਸ਼ਕਾਂ ਦੀਆਂ ਪਸੰਦ ਬਣੀਆ ਹਨ। ‘ਹੀਰੋ ਨਾਮ ਯਾਦ ਰੱਖਣਾ, ਸਰਘੀ, ਮੁੰਡਾ ਹੀ ਚਾਹੀਦਾ, ਕਿਸਮਤ’ ਤੇ ‘ਸੁਰਖੀ ਬਿੰਦੀ’ ਫ਼ਿਲਮਾਂ ਪੰਜਾਬੀ ਸਿਨੇਮੇ ਦੀ ਝੋਲੀ ਪਾ ਚੁੱਕੀ ਨੌਜਵਾਨ ਨਿਰਮਾਤਾ ਜੋੜੀ ‘ਅੰਕਿਤ ਵਿੱਜ਼ਨ-ਨਵਦੀਪ ਨਰੂਲਾ’ ਅੱਜ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੱਖਰੀ ਪਛਾਣ ਰੱਖਦੇ ਹਨ।
ਕਾਮੇਡੀ ਤੇ ਵਿਆਹ ਕਲਚਰ ਦੇ ਸਿਨੇਮਾ ਯੁੱਗ ਵਿੱਚ 2018 ਵਿਚ ਰਿਲੀਜ਼ ਹੋਈ ਪਿਆਰ ਤੇ ਭਾਵੁਕਤਾ ਨਾਲ ਦਿਲਾਂ ਨੂੰ ਛੂਹਣ ਵਾਲੀ ਫ਼ਿਲਮ ‘ਕਿਸਮਤ’ ਨੇ ਸਫ਼ਲਤਾ ਦਾ ਐਸਾ ਇਤਿਹਾਸ ਰਚਿਆ ਕਿ ਪੰਜਾਬੀ ਸਿਨਮੇ ਨੇ ਇੱਕ ਨਵਾਂ ਮੋੜ ਲਿਆ। 2018 ਦੀ ਬਲਾਕਬਾਸਟਰ ਇਸ ਫ਼ਿਲਮ ਦੇ ਨਿਰਮਾਤਾ ਸ਼੍ਰੀ ਨਰੋਤਮ ਜੀ ਫ਼ਿਲਮਜ਼ ਵਾਲੇ ਅਕਿੰਤ ਵਿਜ਼ਨ ਅਤੇ ਨਵਦੀਪ ਨਰੂਲਾ ਨੇ ਇਸ ਫ਼ਿਲਮ ਨੂੰ ਜਿੱਥੇ ਪਿਆਰ ਦੀ ਚਾਸ਼ਨੀ ‘ਚ ਭਿੱਜੀ ਕਹਾਣੀ, ਦਿਲਾਂ ਨੂੰ ਛੂਹਣ ਵਾਲਾ ਸੰਗੀਤ ਤੇ ਭਾਵੁਕਤਾ ਭਰੇ ਡਾਇਲਾਗ ਦੀ ਪੁੱਠ ਚਾੜ੍ਹੀ, ਉਥੇ ਇਸ ਨੂੰ ਸਫ਼ਲ ਬਣਾਉਣ ਲਈ ਮਹਿੰਗੀ ਤਕਨੀਕ ਤੇ ਮਾਹਿਰ ਕਲਾਕਾਰਾਂ ਦਾ ਸਹਿਯੋਗ ਲਿਆ। ਇਸ ਫ਼ਿਲਮ ਨਾਲ ਐਮੀ ਵਿਰਕ ਜਿੱਥੇ ਲੀਕ ਤੋਂ ਹਟਵੇਂ ਕਿਰਦਾਰ ‘ਚ ਨਜ਼ਰ ਆਇਆ ਉੱਥੇ ‘ਅੰਗਰੇਜ਼’ ਫ਼ਿਲਮ ਵਾਲੀ ‘ਧੰਨ ਕੁਰ’ (ਸਰਗੁਣ ਮਹਿਤਾ) ਇਸ ਫ਼ਿਲਮ ਵਿਚਲੇ ‘ਬਾਨੀ’ ਦੇ ਕਿਰਦਾਰ ਨਾਲ ਸਫ਼ਲਤਾ ਦੇ ਸਿਖਰ ‘ਤੇ ਜਾ ਬੈਠੀ। ਉਸਦੀ ਅਦਾਕਾਰੀ ਦੇ ਕਈ ਰੰਗ ਇਸ ਫ਼ਿਲਮ ਰਾਹੀਂ ਵੇਖਣ ਨੂੰ ਮਿਲੇ।
ਸਫ਼ਲਤਾ ਦਾ ਪਰਚਮ ਲਹਿਰਾਉਣ ਵਾਲੀ ਇਸ ਫ਼ਿਲਮ ਦਾ ਰਿਕਾਰਡ ਕਿਸੇ ਹੋਰ ਫ਼ਿਲਮ ਦੇ ਹਿੱਸੇ ਨਾ ਆਇਆ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਨਿਰਮਾਤਾ ਜੋੜੀ ਅੰਕਿਤ ਵਿਜ਼ਨ ਅਤੇ ਨਵਦੀਪ ਨਰੂਲਾ ਹੁਣ ਇਸ ਫ਼ਿਲਮ ਦਾ ਸੀਕੁਅਲ ‘ਕਿਸਮਤ-2’ ਨਾਲ ਮੁੜ ਹਾਜ਼ਿਰ ਹੋ ਰਹੇ ਹਨ। 23 ਸਤੰਬਰ 2021 ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਰੈਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਜਿਸ ਪ੍ਰਤੀ ਦਰਸ਼ਕਾਂ ਦਾ ਵੱਡਾ ਉਤਸ਼ਾਹ ਨਜ਼ਰ ਆਇਆ ਹੈ। ਇਸ ਜੋੜੀ ਦਾ ਇਹ ਵੱਡਾ ਉਪਰਾਲਾ ਹੈ ਕਿ ‘ਕਿਸਮਤ 2’ ਨੂੰ ਪਹਿਲੀ ਫ਼ਿਲਮ ਨਾਲੋਂ ਦੋ ਕਦਮ ਅੱਗੇ ਹੋ ਕੇ ਬਣਾਇਆ ਹੈ ਕਿ ਦਰਸ਼ਕਾਂ ਦੇ ਦਿਲਾਂ ‘ਚ ਇਹ ਦੋਵੇਂ ਫ਼ਿਲਮਾਂ ਇੰਝ ਵਸ ਜਾਣ ਕਿ ਇੱਕ ਮੁਕੰਮਲ ਕਹਾਣੀ ਮਹਿਸੂਸ ਹੋਵੇ।
ਨਿਰਮਾਤਾ ਜੋੜੀ ਅੰਕਿਤ ਵਿਜ਼ਨ ਤੇ ਨਵਦੀਪ ਨਰੂਲਾ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ‘ਚ ਵਸਦੇ ਦਰਸ਼ਕਾਂ ਨੇ ‘ਕਿਸਮਤ’ ਨੂੰ ਜਿਹੜਾ ਪਿਆਰ ਦਿੱਤਾ ਯਕੀਨਣ ਇਸ ਜਬਰਦਸ਼ਤ ਫ਼ਿਲਮ ਦਾ ਸੀਕੁਅਲ ਬਣਾਉਣਾ ਚਣੋਤੀ-ਭਰਿਆ ਤਜੱਰਬਾ ਰਿਹਾ। ਫੇਰ ਵੀ ਸਾਡੀ ਕੋਸ਼ਿਸ਼ ਰਹੀ ਕਿ ਦਰਸ਼ਕਾਂ ਦੇ ਮਨੋਰੰਜਨ ਨੂੰ ਹੋਰ ਬੇਹੱਤਰ ਬਣਾਇਆ ਜਾਵੇ। ਜਗਦੀਪ ਸਿੱਧੂ ਨੇ ਬਹੁਤ ਹੀ ਮੇਹਨਤ ਨਾਲ ਕਮਾਲ ਦੀ ਕਹਾਣੀ ਲਿਖੀ ਤੇ ਬੜੀ ਸੂਝ ਨਾਲ ਇਸ ਨੂੰ ਆਪਣੀ ਦੇਖ ਰੇਖ ‘ਚ ਫ਼ਿਲਮਾਇਆ ਜੋ ਹੁਣ 23 ਸਤੰਬਰ ਤੋਂ ਦਰਸ਼ਕ ਸਿਨੇਮਾ ਘਰਾਂ ‘ਚ ਵੇਖਣਗੇ। ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ ‘ਐਮੀ ਵਿਰਕ ਤੇ ਸਰਗੁਣ ਮਹਿਤਾ’ ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ਫ਼ਿਲਮ ਦਾ ਸੰਗੀਤ ਵੀ ਬਹੁਤ ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਉਨ੍ਹਾਂ ਨੂੰ ਸੌ ਫ਼ੀਸਦੀ ਯਕੀਨ ਹੈ ਕਿ ‘ ਕਿਸਮਤ 2 ’ ਦਰਸ਼ਕਾਂ ਦੀ ਪਸੰਦ ਬਣੇਗੀ। ਦਰਸ਼ਕਾਂ ਦੀ ਪਸੰਦ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਿਨੇਮੇ ਦਾ ਨਿਰਮਾਣ ਕਰਨਾ ਉਨਾਂ ਨੂੰ ਚੰਗਾ ਲੱਗਦਾ ਹੈ।
ਨਵਦੀਪ ਨਰੂਲਾ ਦੇ ਮੁਤਾਬਕ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇੱਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ। ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾ ਕਿਹਾ ਕਿ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਆਪਣੀਆਂ ਫ਼ਿਲਮੀ ਸਰਗਰਮੀਆਂ ਨੂੰ ਕੁਝ ਸਮੇਂ ਲਈ ਰੋਕਿਆ ਹੋਇਆ ਸੀ ਜਿਸ ਕਰਕੇ ਇਹ ਫ਼ਿਲਮ ਲੇਟ ਹੁੰਦੀ ਗਈ ਹੁਣ ਇਹ 23 ਸਤੰਬਰ ਨੂੰ ਵੱਡੀ ਪੱਧਰ ‘ਤੇ ਰਿਲੀਜ਼ ਹੋਵੇਗੀ।
ਹਰਿਜੰਦਰ ਸਿੰਘ 9463828000