You are here

ਪੰਜਾਬ ਚ VIP ਵਿੰਟੇਜ ਨੰਬਰ ਵਾਹਨਾਂ ਦੇ ਕੱਟੇ ਜਾਣਗੇ ਚਲਾਨ  

ਪੰਜਾਬ 'ਚ VIP ਕਲਚਰ ਖ਼ਤਮ ! 

ਜੇ ਤੁਹਾਡੇ ਕੋਲ ਹੈ VIP ਨੰਬਰ ਤੇ ਫਿਰ ਕਿਹੜੀ ਸੀਰੀਜ਼ ਦੇ ਹਨ ਇਹ ਨੰਬਰ ਜਿਨ੍ਹਾਂ ਦੇ ਹੋਣਗੇ ਚਲਾਨ  

ਚੰਡੀਗੜ੍ਹ, 1 ਸਤੰਬਰ ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ  )1989 ਤੋਂ ਪੁਰਾਣੇ ਵਿੰਟੇਜ ਨੰਬਰ ਸੰਰਡਰ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਲਾਗੂ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਸ ਕਾਰਨ ਹੁਣ ਵਿੰਟੇਜ ਨੰਬਰ ਸਰੰਡਰ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸ ਦੇ ਲਈ ਆਰਟੀਏ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹੇ ਵਿਚ ਜਿਹੜੇ ਵਾਹਨਾਂ 'ਤੇ ਵਿੰਟੇਜ ਨੰਬਰ ਦੀ ਪਲੇਟ ਲੱਗੀ ਹੋਵੇਗੀ, ਉਨ੍ਹਾਂ ਦੀਆਂ ਗੱਡੀਆਂ ਤੋਂ ਇਹ ਹਟਵਾ ਦਿੱਤੀ ਜਾਵੇਗੀ। ਜਦਕਿ ਡੀਜੀਪੀ ਪੰਜਾਬ ਨੇ ਵਿੰਟੇਜ ਨੰਬਰ ਵਾਲੇ ਵਾਹਨਾਂ ਦੇ ਚਲਾਨ ਤੇ ਇੰਪਾਊਂਡ ਕਰਨ ਦੇ ਹੁਕਮ ਦਿੱਤੇ ਹਨ। ਉੱਥੇ ਹੀ ਮਹੀਨਾ ਪਹਿਲਾਂ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਨੇ ਸੂਬੇ ਦੇ ਸਾਰੇ ਆਰਟੀਏ ਨੂੰ ਹੁਕਮ ਜਾਰੀ ਕੀਤੇ ਸਨ ਕਿ ਵਿੰਟੇਜ ਨੰਬਰਾਂ ਨੂੰ ਰੱਦ ਕਰ ਦਿੱਤਾ ਜਾਵੇ।ਪੰਜਾਬ 'ਚ ਵੀਆਈਪੀ ਕਲਚਰ ਖ਼ਤਮ ਕਰਨ ਤੇ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਮੋਟਰ ਐਕਟ-1988 ਦੇ ਲਾਗੂ ਹੋਣ ਤੋਂ ਬਾਅਦ ਪੁਰਾਣੇ ਫੈਨਸੀ ਨੰਬਰਾਂ (ਵਿੰਟੇਜ ਨੰਬਰ) ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਹੁਣ ਪੁਰਾਣੇ ਨੰਬਰਾਂ ਨੂੰ ਟਰਾਂਸਪੋਰਟ ਵਿਭਾਗ 'ਚ ਸਰੰਡਰ ਕਰ ਕੇ ਗੱਡੀ 'ਤੇ  ਨਵਾਂ ਨੰਬਰ ਲਗਵਾਉਣਾ ਪਵੇਗਾ। ਪੰਜਾਬ 'ਚ 8,000 ਤੋਂ ਜ਼ਿਆਦਾ ਅਜਿਹਾ ਨੰਬਰ ਹਨ ਜਿਹੜੇ ਗੱਡੀਆਂ 'ਤੇ ਲੱਗੇ ਹੋਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੰਬਰ ਸਿਆਸੀ ਆਗੂਆਂ ਜਾਂ ਚੰਗੀ ਪਹੁੰਚ ਵਾਲੇ ਲੋਕਾਂ ਦੀਆਂ ਗੱਡੀਆਂ 'ਤੇ ਹਨ। ਜਦਕਿ ਪੰਜਾਬ ਸਰਕਾਰ ਨੇ ਵੀਵੀਆਈਪੀ ਕਲਚਰ ਖ਼ਤਮ ਕਰਨ ਲਈ 90 ਦੇ ਦਹਾਕੇ ਤੋਂ ਪਹਿਲਾਂ ਵਾਲੇ ਵਿੰਟੇਜ ਨੰਬਰਾਂ ਨੂੰ 31 ਮਾਰਚ ਤਕ ਸਰੰਡਰ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਨਿਰਧਾਰਤ ਡੈੱਡਲਾਈਨ ਨਿਕਲਣ ਦੇ ਬਾਵਜੂਦ ਹੁਣ ਤਕ ਮਹਿਜ਼ 10 ਲੋਕਾਂ ਨੇ ਹੀ ਨੰਬਰ ਸਰੰਡਰ ਕੀਤੇ ਹਨਦੂਸਰੇ ਪਾਸੇ ਵਿੰਟੇਜ ਨੰਬਰ ਨੂੰ ਸਰੰਡਰ ਕਰਨ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਐੱਮਵੀ ਐਕਟ 1989 ਤੋਂ ਪਹਿਲੇ ਅਲਾਟ ਹੋਣ ਵਾਲੇ ਇਨ੍ਹਾਂ ਨੰਬਰਾਂ 'ਚ ਜ਼ਿਲ੍ਹੇ ਦਾ ਕੋਡ ਨਹੀਂ ਹੈ ਜਦਕਿ ਐਕਟ ਤੋਂ ਬਾਅਦ ਬਠਿੰਡਾ ਲਈ ਪੀਬੀ-03 ਸਮੇਤ ਹੋਰ ਸ਼ਹਿਰਾਂ ਦੇ ਵੱਖ-ਵੱਖ ਕੋਡ ਬਣੇ। ਸਮੱਸਿਆ  ਇਹ ਹੈ ਕਿ ਐਮਰਜੈਂਸੀ ਜਾਂ ਜ਼ਰੂਰਤ ਵੇਲੇ ਪੁਰਾਣੇ ਨੰਬਰ ਵਾਲੀਆਂ ਗੱਡੀਆਂ ਦੇ ਮਾਲਕ ਬਾਰੇ ਪਤਾ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਕੋਡ ਨਾ ਹੋਣ 'ਤੇ ਇਹ ਪਤਾ ਨਹੀਂ ਲਗ ਪਾਉਂਦਾ ਕਿ ਪੰਜਾਬ 'ਚ ਇਹ ਨੰਬਰ ਕਿੱਥੇ ਰਜਿਸਟਰਡ ਹੈ। ਇੱਥੋਂ ਤਕ ਕਿ ਇਨ੍ਹਾਂ ਨੰਬਰਾਂ ਦਾ ਰਿਕਾਰਡ ਵੀ ਕੰਪਿਊਟਰਾਈਜ਼ਡ ਨਹੀਂ ਕੀਤਾ ਗਿਆ।

VIP ਨੰਬਰਾਂ ਦੀ ਸੀਰੀਜ਼ ਜਿਨ੍ਹਾਂ ਦੇ ਹੋਣਗੇ ਚਲਾਨ

ਫੈਨਸੀ ਨੰਬਰਾਂ ਦੀ ਸੀਰੀਜ਼ 'ਚ ਪੀਏਬੀ, ਪੀਏਸੀ, ਪੀਬੀਡੀ, ਪੀਸੀਐੱਫ, ਪੀਏਆਈ, ਪੀਜੇਆਈ, ਪੀਯੂਆਈ, ਪੀਸੀਕੇ, ਪੀਜੇਕੇ, ਪੀਏਐੱਲ, ਪੀਬੀਐੱਲ, ਪੀਸੀਐੱਲ, ਪੀਜੇਐੱਲ, ਪੀਐੱਨਐੱਲ, ਪੀਯੂਐੱਲ, ਪੀਆਈਐੱਲ, ਪੀਏਐੱਮ, ਪੀਜੇਐੱਮ, ਪੀਯੂਐੱਮ, ਪੀਐੱਨ, ਪੀਸੀਐੱਨ, ਪੀਜੇਐੱਨ, ਪੀਐੱਨਐੱਨ, ਪੀਯੂਐੱਨ, ਪੀਆਈਐੱਨ, ਪੀਆਈਆਰ, ਪੀਏਐੱਸ, ਪੀਸੀਐੱਸ, ਪੀਜੇਐੱਸ, ਪੀਏਟੀ, ਪੀਬੀਟੀ, ਪੀਬੀਯੂ, ਪੀਏਵੀ, ਪੀਆਈਐੱਮ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਵਿਚੋਂ ਕਈ ਨੰਬਰ ਖ਼ਤਮ ਵੀ ਹੋ ਚੁੱਕੇ ਹਨ।

ਕਿਸ ਤਰ੍ਹਾਂ ਤੁਸੀਂ ਬਦਲਵਾ ਸਕਦੇ ਹੋ ਨੰਬਰ  

ਪੁਰਾਣੇ ਫੈਨਸੀ ਨੰਬਰ ਨੂੰ ਸਰੰਡਰ ਕਰਨ ਲਈ ਆਰਟੀਏ ਦਫ਼ਤਰ ਤੋਂ ਵਿੰਟੇਜ ਨੰਬਰ ਨੂੰ ਸਰੰਡਰ ਕਰਨ ਦਾ ਫਾਰਮ ਲੈਣਾ ਪਵੇਗਾ। ਇਸ ਤੋਂ ਬਾਅਦ ਵਾਹਨ ਦੇ ਕਾਗ਼ਜ਼ਾਤ ਪੂਰੇ ਕਰ ਕੇ ਇਸ ਦਾ ਫਿਟਨੈੱਸ ਟੈਸਟ ਕਰਵਾਉਣਾ ਪਵੇਗਾ। ਇਸ ਤੋਂ ਬਾਅਦ ਫਾਈਲ ਨੂੰ ਆਰਟੀਏ ਦਫ਼ਤਰ 'ਚ ਜਮ੍ਹਾਂ ਕਰਵਾਉਣਾ ਪਵੇਗਾ। ਜਿੱਥੋਂ ਨਵਾਂ ਨੰਬਰ ਜਾਰੀ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਨਵੇਂ ਨੰਬਰ ਲਈ ਸਿਰਫ ਜਾਰੀ ਹੋਣ ਵਾਲੇ ਸਮਾਰਟ ਕਾਰਡ ਦੀ ਫੀਸ ਜ਼ਰੂਰ ਅਦਾ ਕਰਨੀ ਪਵੇਗੀ। ਉੱਥੇ ਹੀ ਨਵੇਂ ਨੰਬਰ ਦੀ ਆਰਸੀ ਲੈਣ ਤੋਂ ਪਹਿਲਾਂ ਵਾਹਨ 'ਤੇ ਹਾਈ ਸਕਿਓਰਟੀ ਨੰਬਰ ਪਲੇਟ ਲਗਾਉਣੀ ਵੀ ਲਾਜ਼ਮੀ ਹੋਵੇਗੀ। VIP ਨੰਬਰ ਸਰੰਡਰ ਨਾ ਕਰਨ ਵਾਲੇ ਲੋਕਾਂ 'ਤੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ ਜਦਕਿ VIP ਨੰਬਰ ਵਾਲੇ ਮਾਲਕਾਂ ਨੂੰ ਨੋਟਿਸ ਵੀ ਭੇਜੇ ਜਾਣਗੇ। ਉੱਥੇ ਹੀ ਹੁਣ ਉਨ੍ਹਾਂ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਸਖ਼ਤੀ ਵੀ ਵਧਾਈ ਜਾਵੇਗੀ।