ਮਾ: ਸਿੱਧੂ ਦੀ ਉਰਦੂ ਸ਼ੇਅਰਾਂ ਦੀ ਪੰਜਾਬੀ ਅਨੁਵਾਦਿਤ ਕਿਤਾਬ ਕੀਤੀ ਰਿਲੀਜ਼
ਹਠੂਰ,17,ਜਨਵਰੀ 2021-(ਕੌਸ਼ਲ ਮੱਲ੍ਹਾ)-
ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਨਵੇਂ ਵਰ੍ਹੇ ਦੀ ਮਹੀਨਾਵਾਰ ਇਕੱਤਰਤਾ ਇਸ ਵਾਰ ਰੂਬਰੂ ਸਮਾਗਮ ਵਲੋਂ ਗਿੱਲ ਫਾਈਨਾਸ਼ ਦਫ਼ਤਰ ਜਗਰਾਉਂ ਵਿਖੇ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਉੱਘੇ ਸਾਹਿਤਕਾਰ ਪ੍ਰਿੰ: ਗੁਰਦੇਵ ਸਿੰਘ ਸੰਦੌੜ ਮੁੱਖ ਮਹਿਮਾਨ ਵਜੋਂ ਮਹਿਫ਼ਲ ਦੇ ਰੂਬਰੂ ਹੋਏ ਅਤੇ ਮਾ: ਮਹਿੰਦਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜ਼ੋਂ ਆਪਣੀ ਉਰਦੂ ਦੇ ਸ਼ੇਅਰਾਂ ਦੀ ਪੰਜਾਬੀ ਤੇ ਹਿੰਦੀ ਵਿਚ ਅਨੁਵਦਤ ਕਿਤਾਬ ਦੇ ਰਿਲੀਜ਼ ਲਈ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੈਪਟਨ ਪੂਰਨ ਸਿੰਘ ਗਗੜਾ ਨੇ ਮਹਿਮਾਨਾਂ ਅਤੇ ਅਦੀਬਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪ੍ਰਿੰਸੀਪਲ ਗੁਰਦੇਵ ਸਿੰਘ ਸੰਦੌੜ ਨੇ ਮਹਿਫ਼ਲ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਨਾਂ੍ਹ ਦਾ ਜੀਵਨ ਕਠਨਿਆਈਆਂ ਵਿਚੋਂ ਗੁਜ਼ਰਿਆ।ਇਸੇ ਦੌਰ ਨੇ ਉਨ੍ਹਾਂ ਦੇ ਹੱਥ ਕਲਮ ਫੜਾ ਦਿੱਤੀ ਜਿਸ ਸਦਕਾ ਉਸ ਨੇ 100 ਤੋਂ ਉਪਰ ਕਿਤਾਬਾਂ, ਜਿਸ ਵਿਚ ਕਹਾਣੀਆਂ, ਕਵਿਤਾਵਾਂ, ਨਾਟਕ ਸ਼ਾਮਲ ਹਨ ਪ੍ਰਕਾਸ਼ਿਤ ਕਰਵਾਈਆਂ। ਉਨਾਂ੍ਹ ਕਿਹਾ ਕਿ ਪ੍ਰਾਪਤੀਆਂ ਦੀ ਮੰਜ਼ਿਲ ਸੰਕਟਾਂ ਵਿਚੋਂ ਨਿਕਲ ਕੇ ਹੀ ਹੁੰਦੀ ਹੈ। ਸਮਾਜ ਦੇ ਚੰਗੇ ਮਾੜੇ ਵਿਵਹਾਰ ਨੇ ਉਸ ਨੂੰ ਬਹੁਤ ਕੁਝ ਸਿਖਾਇਆ। ਪ੍ਰਿੰ: ਸੰਦੌੜ ਨੇ ਕਿਹਾ ਲੇਖਕ ਤੋਂ ਪਹਿਲਾਂ ਪਾਠਕ ਹੈ ਅਤੇ ਹਮੇਸ਼ਾ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਹਾਂ। ਉਨਾਂ੍ਹ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਉਨਾਂ੍ਹ ਦੀ ਮਾਂ ਦੇ ਜੀਵਨ ਦਾ ਵੱਡਾ ਪ੍ਰਭਾਵ ਹੈ ਅਤੇ ਇਕ ਮਾਂ ਸਮਾਜ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਇਸ ਮੌਕੇ ਉਨਾਂ੍ਹ ਨੇ ਆਪਣੀ ਇਕ ਰਚਨਾ ‘ਨੀਂਦ ਮੇਰੀ ਦੁਸ਼ਮਣ ਹੈ ਤੇ ਮੌਤ ਮੇਰੀ ਭੈਣ ਹੈ’ ਸੁਣਾ ਕੇ ਹਾਜ਼ਰੀ ਲਵਾਈ।ਇਸ ਉਪਰੰਤ ਮਾ: ਮਹਿੰਦਰ ਸਿੰਘ ਸਿੱਧੂ ਦੀ ਦੂਜੀ ਸਾਹਿਤਕ ਪੁਸਤਕ ‘ਉਪ ਮਹਾਂਦੀਪ ਦੇ ਮਸ਼ਹੂਰ ਸ਼ਾਇਰਾਂ ਦੇ ਪ੍ਰਸਿੱਧ 120 ਉਰਦੂ ਸ਼ੇਅਰ’ ਨੂੰ ਰਿਲੀਜ਼ ਕੀਤਾ ਗਿਆ।ਇਸ ਮੌਕੇ ਮਾ: ਮਹਿੰਦਰ ਸਿੰਘ ਸਿੱਧੂ ਜਿੱਥੇ ਆਪਣੀ ਇਸ ਕਿਤਾਬ ਦੇ ਸਬੰਧ ਵਿਚ ਬੋਲਦਿਆਂ ਦੱਸਿਆ ਕੇ ਉਰਦੂ ਜ਼ੁਬਾਨ ਤਕਰੀਬਨ ਪੰਜਾਬ ਵਿਚੋਂ ਖਤਮ ਹੋਣ ਕਿਨਾਰੇ ਹੈ। ਉਰਦੂ ਜ਼ੁਬਾਨ ਦੇ ਸ਼ੇਅਰ ਦਿਲ ਅੰਦਰ ਧੂ ਪਾਉਂਦੇ ਹਨ ਇਸੇ ਲਈ ਉਨ੍ਹਾਂ ਨੇ ਯਤਨ ਕੀਤਾ ਕਿ ਪੰਜਾਬੀ ਵਿਚ ਪਾਠਕ ਇਸ ਦਾ ਅਨੰਦ ਲੈ ਸਕਣ।ਇਸੇ ਕਿਤਾਬ ਦੇ ਸੰਪਾਦਕ ਜਸਵੰਤ ਭਾਰਤੀ ਨੇ ਕਿਹਾ ਕਿ ਮਾ: ਮਹਿੰਦਰ ਸਿੰਘ ਸਿੱਧੂ ਨੇ ਇਹ ਮਹਾਨ ਉਪਰਾਲਾ ਕੀਤਾ ਹੈ, ਜਿਸ ਵਿਚ ਬੇਸ਼ੁਮਾਰ ਕੀਮਤੀ ਸ਼ੇਅਰ ਨੂੰ ਇਕੱਤਰ ਕਰਕੇ ਇਕ ਕਿਤਾਬ ਪਾਠਕਾਂ ਦੇ ਸਨਮੁੱਖ ਕੀਤੀ ਹੈ। ਸੰਸਥਾ ਵਲੋਂ ਪ੍ਰਿੰ: ਸੰਦੌੜ ਤੇ ਮਾ: ਸਿੱਧੂ ਨੂੰ ਸਨਮਾਨ ਨਿਸ਼ਾਨੀ, ਸਨਮਾਨ ਪੱਤਰ ਤੇ ਲੋਈ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।ਇਸ ਉਪਰੰਤ ਰਚਨਾਵਾਂ ਦੇ ਦੌਰ ਦੌਰਾਨ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਲੋਕ ਗਾਇਕ ਮਨੀ ਹਠੂਰ ਨੂੰ ਸੱਦਾ ਦਿੱਤਾ ਜਿਸ ਨੇ ਅਰਦਾਸ ਰੂਪੀ ਗੁਰਬਾਣੀ ਸ਼ਬਦ ਨੂੰ ਆਪਣੀ ਬੁਲੰਦ ਅਵਾਜ਼ ਵਿਚ ਪੇਸ਼ ਕਰਕੇ ਬਾਹਵਾ ਖੱਟੀ।ਲੇਖਕ ਸਰਦੂਲ ਸਿੰਘ ਲੱਖਾ ਨੇ ‘ਤੱਕੜੀ ਦੇ ਦੋ ਪੱਲੜਿਆਂ ਦੀ ਤਸਵੀਰ ਦੇ ਥੱਲੇ’ ਕਵਿਤਾ ਰਾਹੀਂ ਨਿਆਂ ਪਾਲਕਾ ਦੀ ਮੌਜੂਦਾ ਤਸਵੀਰ ਨੂੰ ਬਾਖ਼ੂਬ ਬਿਆਨ ਕੀਤਾ।ਸ਼ਾਇਰਾ ਦੀਪ ਲੁਧਿਆਣਵੀ ਨੇ ‘ਧਰ ਮੋਢੇ ਉੱਤੇ ਕਹੀ ਨੂੰ ਚੱਲ ਰਿਹਾ ਕਿਰਸਾਨ’ ਗੀਤ ਰਾਹੀਂ ਅੰਨਦਾਤਾ ਦੀ ਲੋਕਾਂ ਨੂੰ ਦੇਣ ਦਾ ਸੱਚ ਪੇਸ਼ ਕੀਤਾ। ਕੈਪਟਨ ਪੂਰਨ ਸਿੰਘ ਗਗੜਾ ਨੇ ਵੀ ਕਿਸਾਨੀ ਸੰਘਰਸ਼ ਨੂੰ ਬਿਆਨ ਕਰਦੀ ਆਪਣੀ ਕਵਿਤਾ ‘ ਅਜੇ ’ਨੀ ਮੰਨੀ ਦਿੱਲੀ, ਸੰਘਰਸ਼ਾਂ ਨਾਲ ਮਨਾਵਾਂਗੇ’ ਸੁਣਾ ਕੇ ਹਾਜ਼ਰੀ ਲਵਾਈ। ਜਸਵਿੰਦਰ ਸਿੰਘ ਛਿੰਦਾ ਨੇ ਆਪਣਾ ਗੀਤ ‘ਚਿੱਕੜ ਵਿਚ ਵੀ ਚਮਕੇ ਉਹ ਤਾਂ, ਕਮਲ ਫੁੱਲ ਜਿਹਾ ਬਣਕੇ’ ਰਾਹੀਂ ਪ੍ਰਿੰ: ਸੰਦੌੜ ਦਾ ਕਾਵਿ ਚਿਤਰਨ ਕੀਤਾ। ਮੁਨੀਸ਼ ਸਰਗਮ ਨੇ ‘ਚੱਲ ਅਸਮਾਨੀ, ਸੂਰਜ ਲੈ ਕੇ ਆਈਏ’ ਰਚਨਾ ਸੁਣਾ ਕੇ ਹਾਜ਼ਰੀ ਲਵਾਈ। ਜਗਦੀਸ਼ਪਾਲ ਮਹਿਤਾ ਨੇ ‘ਅਸੀਂ ਇੱਟ ਨਾਲ ਇੱਟ ਖੜਕਾ ਦਿਆਂਗੇ’ ਸੁਣਾ ਕੇ ਪੰਜਾਬੀਆਂ ਦੀ ਬਾਹਾਰੀ ਦਾ ਗੁਣਗਾਨ ਕੀਤਾ।ਕਾਨਤਾ ਦੇਵੀ ਨੇ ਨਵੇਂ ਵਰੇ੍ਹ ਦੀ ਆਮਦ ਨੂੰ ਜੀ ਆਇਆਂ ਕਹਿੰਦਿਆਂ ‘ਇਹੋ ਜਿਹਾ ਹੋਵੇ ਨਵਾਂ ਸਾਲ ਮੇਰੇ ਦਾਤਿਆ’ ਰਾਹੀਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਚਰਨਜੀਤ ਕੌਰ ਗਗੜਾ ਨੇ ਕਵਿਤਾ ‘ਖੇਤਾਂ ਦਾ ਪੁੱਤ ਪਿਆ ਲੜਦਾ ਪੈਸੇ ਦੇ ਪੁੱਤਾਂ ਨਾਲ’ ਰਾਹੀਂ ਕਿਸਾਨੀ ਸੰਘਰਸ਼ ਤੇ ਸਰਕਾਰਾਂ ਦੀ ਦਸ਼ਾ ਨੂੰ ਬਿਆਨ ਕੀਤਾ।ਮਾ: ਅਵਤਾਰ ਸਿੰਘ ਭੁੱਲਰ ਨੇ ‘ਬਣਿਆ ਯੁੱਧ ਅਖਾੜਾ ਇਹ ਪੰਜਾਬ ਮੇਰਾ’ ਰਾਹੀਂ ਪੰਜਾਬ ਦੇ ਭਵਿੱਖ ਦੀ ਚਿੰਤਾ ਦਾ ਵਰਨਣ ਕੀਤਾ। ਜਤਿੰਦਰ ਸਿੰਘ ਗਿੱਲ, ਮਨਦੀਪ ਸਿੰਘ, ਮਨਜਿੰਦਰ ਸਿੰਘ, ਗੁਰਦੀਪ ਸਹੇਰਨਾ, ਸੁਰਿੰਦਰ ਕੌਰ, ਬਲਜਿੰਦਰ ਕੌਰ ਨੇ ਵੀ ਆਪਣੀ ਆਪਣੀ ਹਾਜ਼ਰੀ ਲਵਾਈ। ਪ੍ਰਿੰ: ਗੁਰਦੇਵ ਸਿੰਘ ਦੀ ਧੀ ਬਲਜਿੰਦਰ ਕੌਰ ਨੇ ਆਪਣੇ ਪਰਿਵਾਰ ਵਲੋਂ ਮਹਿਫ਼ਲ ਦਾ ਧੰਨਵਾਦ ਕੀਤਾ ਅਤੇ ਅੰਤ ਵਿਚ ਬਾਈ ਰਛਪਾਲ ਸਿੰਘ ਚਕਰ ਨੇ ਸਮੂਹ ਅਦੀਬਾਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਅੱਜ ਦਾ ਇਹ ਰੂਬਰੂ ਪ੍ਰੋਗਰਾਮ ਤੇ ਪੁਸਤਕ ਰਿਲੀਜ਼ ਸਮਾਗਮ ਯਾਦਗਾਰੀ ਹੋ ਨਿਬੜਿਆ। ਉਨਾਂ੍ਹ ਨੇ ਪ੍ਰਿੰ: ਸੰਦੌੜ ਤੇ ਮਾ: ਸਿੱਧੂ ਨੂੰ ਵਧਾਈਆਂ ਵੀ ਦਿੱਤੀਆਂ।
ਫੋਟੋ ਕੈਪਸਨ:- ਪ੍ਰਿੰ: ਗੁਰਦੇਵ ਸਿੰਘ ਸੰਦੌੜ ਤੇ ਮਾ:ਮਹਿੰਦਰ ਸਿੰਘ ਸਿੱਧੂ ਦਾ ਸਨਮਾਨ ਕਰਨ ਅਤੇ ਉਰਦੂ ਸ਼ੇਅਰਾਂ ਦੀ ਕਿਤਾਬ ਜਾਰੀ ਕਰਨ ਸਮੇਂ ਸੰਸਥਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ।