ਮਹਿਲ ਕਲਾਂ/ਬਰਨਾਲਾ- 30 ਅਗਸਤ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ 2017 ਦੇ ਚੋਣ ਮੈਨੀਫੈਸਟੋ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿਚ ਆਉਂਦਿਆਂ ਹੀ ਤੁਹਾਡਾ ਮਸਲਾ ਹੱਲ ਕਰਨਗੇ।
ਪਰ ਹੁਣ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਇਹ ਮਸਲਾ ਹੱਲ ਨਹੀਂ ਹੋਇਆ। ਇਸ ਮਸਲੇ ਦੇ ਸਬੰਧ ਵਿੱਚ ਪੂਰੇ ਪੰਜਾਬ ਦੇ ਐਮ.ਐਲ.ਏ ਅਤੇ ਐਮ.ਪੀਜ. ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਾਂ । ਫਿਰ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ।
ਡਾ ਬਾਲੀ ਨੇ ਕਿਹਾ ਕਿ 1963 ਤੋਂ ਬੰਦ ਪਈ ਰਜਿਸਟ੍ਰੇਸ਼ਨ 55 ਸਾਲ ਬੀਤਣ ਤੇ ਵੀ ਸਰਕਾਰਾਂ ਨਹੀਂ ਖੋਲ੍ਹ ਸਕੀਆਂ। ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦੇ ਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਪਰ ਪੰਜਾਬ ਦੀ ਸਰਕਾਰ ਅਜਿਹਾ ਨਹੀਂ ਕਰ ਸਕੀ ।
ਉਨ੍ਹਾਂ ਕਿਹਾ ਕਿ ਇਸ ਰੋਸ ਵਜੋਂ ਪੰਜਾਬ ਦੇ ਹਜਾਰਾਂ ਦੀ ਗਿਣਤੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਵਿਧਾਨ ਸਭਾ ਦਾ ਘਿਰਾਓ ਕਰਨਗੇ।
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਮਸਲੇ ਨੂੰ ਹੱਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੱਕ ਸਾਡੀ ਸਮੱਸਿਆ ਨੂੰ ਹੱਲ ਕਰਨ ਦੀ ਕੋਈ ਕਾਰਵਾਈ ਨਹੀਂ ਦਿਖਾ ਸਕੀ। ਡਾ ਬਾਲੀ ਨੇ ਕਿਹਾ ਕਿ 55 ਸਾਲਾਂ ਤੋਂ ਊਠ ਦੇ ਬੁੱਲ੍ਹ ਵਾਂਗ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ ।ਪਿਛਲੇ 30 ਸਾਲਾਂ ਤੋਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ। ਪਰ ਇਹ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਣ ਦਾ ਰਾਹ ਨਹੀਂ ਛੱਡਣਾ ਚਾਹੁੰਦੀਆਂ। ਡਾ ਬਾਲੀ ਨੇ ਕਿਹਾ ਕਿ ਜਦੋਂ ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਤਜਰਬੇ ਦੇ ਆਧਾਰ ਤੇ ਰੀਫ਼ਰੈਸ਼ਰ ਕੋਰਸ ਸ਼ੁਰੂ ਕਰਕੇ ਮਸਲੇ ਨੂੰ ਹੱਲ ਕਰ ਸਕਦੀਆਂ ਹਨ ਤਾਂ ਪੰਜਾਬ ਸਰਕਾਰ ਮਸਲੇ ਨੂੰ ਹੱਲ ਕਿਉਂ ਨਹੀਂ ਕਰ ਸਕਦੀ ?
ਅਖੀਰ ਵਿੱਚ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸਰਕਾਰ ਤਜਰਬੇ ਦੇ ਆਧਾਰ ਤੇ ਰਜਿਸਟ੍ਰੇਸ਼ਨ ਕਰੇ । ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦੇਵੇ ਅਤੇ ਪਾਰਟ ਟਾਈਮ ਕੋਰਸ ਲਈ ਯੋਗਤਾ ਤੈਅ ਕਰਕੇ ਮਸਲੇ ਨੂੰ ਹੱਲ ਕਰੇ ।