You are here

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ਉੱਪਰ ਕੀਤਾ ਗਿਆ ਆਨਲਾਈਨ ਸਮਾਗਮ

ਇਟਲੀ ( 16 ਅਗਸਤ ) ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਜ਼ੂਮ ਦੇ ਬੋਹੜ ਉੱਪਰ ਸਭਾ ਦੇ ਪ੍ਰਧਾਂਨ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਂਨਗੀ ਹੇਠ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ਉੱਪਰ ਚਰਚਾ ਕਰਨ ਹਿੱਤ ਆਨਲਾਈਨ ਸਮਾਗਮ ਕੀਤਾ ਗਿਆ। ਸਭਾ ਦੇ ਮੰਚ ਸੰਚਾਲਕ ਦਲਜਿੰਦਰ ਰਹਿਲ ਨੇ ਸ਼ੁਰੂਆਤ ਕਰਦਿਆਂ ਉੱਪ ਪ੍ਰਧਾਨ ਰਾਣਾ ਅਠੌਲਾ ਨੂੰ ਸੱਦਾ ਦਿੱਤਾ। ਜਿਹਨਾਂ ਨੇ ਨਿਰਵੈਲ ਸਿੰਘ ਢਿੱਲੋਂ ਨੂੰ ਸਮਰਪਿਤ ਭਾਵਪੂਰਤ ਸ਼ੇਅਰ ਦੁਆਰਾ ਬੜੇ ਸੁੰਦਰ ਸ਼ਬਦਾਂ ਵਿੱਚ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਬਲਵਿੰਦਰ ਸਿੰਘ ਚਾਹਲ ਨੇ ਨਿਰਵੈਲ ਸਿੰਘ ਢਿੱਲੋਂ ਬਾਰੇ ਬੋਲਦੇ ਹੋਏ ਉਹਨਾਂ ਦੇ ਸਾਹਿਤਕ ਜੀਵਨ ਅਤੇ ਸ਼਼ਖਸੀਅਤ ਤੇ ਚਾਨਣਾ ਪਾਇਆ। ਇਸ ਤੋਂ ਬਾਅਦ ਬਿੰਦਰ ਕੋਲੀਆਂਵਾਲ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤਕਾਰੀ ਸਫਰ ਅਤੇ ਸਭਾ ਵਿੱਚ ਆਮਦ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਜੀ ਨੇ ਜਿੱਥੇ ਉਹਨਾਂ ਦਾ ਲਿਖਿਆ ਗੀਤ ਗਾ ਕੇ ਸੁਣਾਇਆ ਉੱਥੇ ਇਹ ਵੀ ਦੱਸਿਆ ਕਿ ਨਿਰਵੈਲ ਸਿੰਘ ਢਿੱਲੋਂ ਨੇ “ਰੁੱਖ, ਕੁੱਖ ਤੇ ਪਾਣੀ” ਗੀਤ ਦੁਆਰਾ ਆਪਣੀ ਪਰਪੱਕ ਗੀਤਕਾਰੀ, ਆਪਣੀ ਉੱਚੂ ਸੁੱਚੀ ਸੋਚ ਅਤੇ ਸਮਾਜ ਪ੍ਰਤੀ ਜਿ਼ਮੇਵਾਰੀ ਦਾ ਅਹਿਸਾਸ ਕਰਵਾਇਆ ਹੈ। ਇਸ ਤੋਂ ਬਾਅਦ ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤ ਖਾਲਸਾ ਪੰਥ, ਪਵਿੱਤਰ ਕਾਲੀ ਵੇਂਈ, ਪੈਸਾ ਪੈਸਾ, ਜੁੱਗ ਜੁੱਗ ਜੀੳ, ਧੀਆਂ ਅਤੇ ਹੋਰ ਕਈ ਗੀਤਾਂ ਨੂੰ ਸਭ ਨਾਲ ਸਾਂਝਾ ਕੀਤਾ ਅਤੇ ਦੱਸਿਆ ਕਿ ਢਿੱਲੋਂ ਸਾਹਿਬ ਸਦਾ ਹੀ ਸਾਫ ਸੁਥਰੀ ਗੀਤਕਾਰੀ ਅਤੇ ਗਾਇਕੀ ਦੇ ਹੱਕ ਵਿੱਚ ਰਹੇ ਹਨ। ਪ੍ਰੋ: ਜਸਪਾਲ ਸਿੰਘ ਇਟਲੀ ਨੇ ਵੀ ਇਸ ਸਮੇਂ ਬੋਲਦੇ ਨਿਰਵੈਲ ਸਿੰਘ ਢਿੱਲੋਂ ਦੀ ਵਿਲੱਖਣ ਗੀਤਕਾਰੀ ਦੀ ਪ੍ਰੋੜਤਾ ਕੀਤੀ ਅਤੇ ਅਜਿਹੀ ਸੋਚ ਦੇ ਪਹਿਰਾ ਦੇਣ ਲਈ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਵੀ ਕੀਤਾ। ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ਬਾਰੇ ਬੋਲਦੇ ਹੋਏ ਕਿਹਾ ਕਿ ਢਿੱਲੋਂ ਸਾਹਿਬ ਦੇ ਗੀਤ ਸਮਾਜ ਲਈ ਇੱਕ ਚੰਗਾ ਸੁਨੇਹਾ ਹਨ। ਦਲਜਿੰਦਰ ਰਹਿਲ ਨੇ ਕਿਹਾ ਕਿ ਬੇਸ਼ੱਕ ਨਿਰਵੈਲ ਸਿੰਘ ਢਿੱਲੋਂ ਕਮਰਸ਼ੀਅਲ ਗੀਤਕਾਰ ਨਹੀਂ ਹੈ। ਪਰ ਜੋ ਸੁਨੇਹਾ ਉਹ ਸਮਾਜ ਲਈ ਦੇ ਰਹੇ ਹਨ ਉਹ ਇੱਕ ਸਮਰੱਥ ਗੀਤਕਾਰ ਹੀ ਦੇ ਸਕਦਾ ਹੈ।ਨਿਰਵੈਲ ਸਿੰਘ ਢਿਲੋਂ ਨੇ ਇਸ ਸਮਾਗਮ ਲਈ ਸਭਾ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਸਾਫ ਸੁਥਰੀ ਤੇ ਸਮਾਜਿਕ ਸੇਧ ਵਾਲੀ ਗੀਤਕਾਰੀ ਦੀ ਵਚਨਬੱਧਤਾ ਦੁਹਰਾਈ, ਅੰਤ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਸਭ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਨਿਰਵੈਲ ਸਿੰਘ ਢਿੱਲੋਂ ਬਾਰੇ ਕਿਹਾ ਕਿ ਅਜਿਹੇ ਪਰਿਵਾਰਕ, ਸਭਿਆਚਾਰਕ ਅਤੇ ਸਮਾਜਿਕ ਵਿਸਿ਼ਆਂ ਉੱਪਰ ਲਿਖੇ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ਬਾਰੇ ਗੱਲਬਾਤ ਕਰਦਿਆਂ ਅਸੀਂ ਆਪਣੇ ਨੂੰ ਮਾਣ ਮੱਤਾ ਮਹਿਸੂਸ ਕਰਦੇ ਹਾਂ। ਦਲਜਿੰਦਰ ਰਹਿਲ ਦੀ ਸੰਚਾਲਨਾ ਬਲਾਂਕਮਾਲ ਸੀ ਜਿਸ ਵਿੱਚ ਉਹ ਆਪਣੇ ਪ੍ਰਭਾਵਸ਼ਾਲੀ ਸ਼ਾਇਰਾਨਾ ਅੰਦਾਜ਼ ਵਿੱਚ ਸਭ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹੇ।