ਕੇਹੀ ਅਜਾਦੀ!
ਕੇਹੀ ਅਜਾਦੀ ਆਈ,
ਕੰਨੋੰ ਬੋਲ੍ਹੀ,
ਅੱਖੋਂ ਕਾਣੀ,
ਪੈਰੋਂ ਲੰਗੜੀ,
ਹੱਥੋਂ ਟੁੰਡੀ,
ਇਸ ਦੀ ਹੈ,
ਬਸ, ਅਜਬ ਕਹਾਣੀ।
ਅਮੀਰਾਂ ਲਈ
ਬਣ ਗਈ ਪਟਰਾਣੀ!
ਕੇਹੀ ਅਜਾਦੀ ਆਈ?
ਕੇਹੀ ਅਜਾਦੀ ਆਈ!
ਥੋੜ੍ਹਿਆਂ ਲਈ
ਵਰਦਾਨ ਬਣੀ ਆਂ!
ਬਹੁਤਿਆਂ ਲਈ
ਬੇ-ਜਾਨ ਬਣੀ ਆਂ!
ਦੋ ਧਿਰਾਂ ਵਿਚ
ਕੰਧ ਬਣੀ ਆਂ!
ਇੱਕ ਲੋਕਾਂ ਦੀ!
ਇੱਕ ਜੋਕਾਂ ਦੀ!
ਕੇਹੀ ਅਜਾਦੀ ਆਈ!
ਕੇਹੀ ਅਜਾਦੀ ਆਈ?
ਲੂਲੀ ਲੰਗੜੀ!
ਲਕਵਾ ਮਾਰੀ!
ਨਾ ਵਿਆਹੀ,
ਨਾ ਕੁਆਰੀ!
ਹੱਥੋਂ ਟੁੰਡੀ!
ਅੱਖੋਂ ਕਾਣੀ!
ਇਸ ਦੀ ਵੀ
ਬਸ ਅਜੀਬ ਕਹਾਣੀ!
ਮਹਿਲਾਂ ਵਾਲਿਆਂ
ਪਿੰਜਰੇ ਤਾੜੀ!
ਨੋਟਾਂ ਉਪਰ
ਕਰੇ ਸਵਾਰੀ!
ਦੇਸ਼ ਭਗਤਾਂ ਨੂੰ
ਦੰਦ ਚਿੜਾਉਂਦੀ!
ਦੇਸ਼ ਧ੍ਰੋਹੀਆਂ ਦੇ
ਸੋਹਲੇ ਗਾਉਂਦੀ!
ਸੜਕਾਂ ਨਿਗਲੇ ,
ਰੇਤਾ ਖਾਵੇ,
ਖਜਾਨੇ ਨੂੰ ਖੁਦ
ਲੁੱਟੀ ਜਾਵੇ।
ਕੀ ਕੀ ਨਿਗਲੇ,
ਕੀ ਕੁਝ ਛੱਡੇ ?
ਲੁੱਟਣ ਵਾਲੇ
ਚੁੱਕੇ ਫੱਟੇ!
ਕਿਥੇ ਰਹਿੰਦੀ,
ਨਜ਼ਰ ਨਾ ਆਵੇ।
ਥਹੁ-ਪਤਾ ਨਾ,
ਕਿਤੇ ਥਿਆਵੇ!
ਕੇਹੀ ਅਜਾਦੀ ਆਈ?
ਕੇਹੀ ਅਜਾਦੀ ਆਈ!
ਲੀਡਰਾਂ ਦੇ ਨਾਲ
ਗਈ ਵਿਆਹੀ!
ਧਨਾਢਾਂ ਦੀ
ਬਣ ਗਈ ਭਰਜਾਈ!
ਵਾਅਦਿਆਂ ਦੀ ਪੰਡ
ਲੈ ਕੇ ਆਈ!
15 ਅਗਸਤ ਨੂੰ
ਪਾਵੇ ਦੁਹਾਈ!
ਕੇਹੀ ਅਜਾਦੀ ਆਈ!
ਕੇਹੀ ਅਜਾਦੀ ਆਈ!!
-ਸੁਖਦੇਵ ਸਲੇਮਪੁਰੀ
15 ਅਗਸਤ, 2021.