ਆਮ ਤੌਰ 'ਤੇ ਸਾਡੇ ਸਮਾਜ ਵਿਚ ਉਨ੍ਹਾਂ ਵਿਅਕਤੀਆਂ ਨੂੰ ਬਹੁਤ ਹੀ ਸਤਿਕਾਰਿਤ ਅਤੇ ਸਕਾਰਾਤਮਕ ਭਾਵਨਾ ਨਾਲ ਵੇਖਿਆ ਜਾਂਦਾ ਹੈ, ਜਿਹੜੇ ਰੱਬ ਨੂੰ ਮੰਨਦੇ ਹਨ, ਜਦ ਕਿ ਜਿਹੜੇ ਵਿਅਕਤੀ ਨਾਸਤਿਕ ਹੁੰਦੇ ਹਨ, ਉਨ੍ਹਾਂ ਵੱਲ ਲੋਕਾਂ ਦਾ ਤੱਕਣ ਦਾ ਰਵੱਈਆ ਅਕਸਰ ਨਕਾਰਾਤਮਕ ਹੁੰਦਾ ਹੈ, ਪਰ ਜਦੋਂ ਅਸੀਂ ਸਮੁੱਚੇ ਸਮਾਜ ਉਪਰ ਝਾਤੀ ਮਾਰ ਦੇ ਹਾਂ, ਤਾਂ ਕਿਤੇ ਵੀ ਇਹ ਫਰਕ ਦਿਖਾਈ ਨਹੀਂ ਦਿੰਦਾ ਕਿ ਨਾਸਤਿਕਾਂ ਦੀ ਉਮਰ ਆਸਤਿਕਾਂ ਨਾਲੋਂ ਘੱਟ ਹੋਵੇ, ਅਤੇ ਨਾ ਹੀ ਕਦੇ ਇਹ ਸਾਹਮਣੇ ਆਇਆ ਹੈ ਕਿ ਆਸਤਿਕਾਂ ਦੀ ਉਮਰ ਨਾਸਤਿਕਾਂ ਦੀ ਉਮਰ ਨਾਲੋਂ ਲੰਬੀ ਹੁੰਦੀ ਹੈ ਜਾਂ ਨਾਸਤਿਕਾਂ ਨੂੰ ਬਿਮਾਰੀਆਂ ਜਿਆਦਾ ਲੱਗਦੀਆਂ ਹੋਣ ਜਾਂ ਫਿਰ ਉਨ੍ਹਾਂ ਦੇ ਔਲਾਦ ਨਾ ਹੁੰਦੀ ਹੋਵੇ ਜਾਂ ਉਨ੍ਹਾਂ ਦੀ ਔਲਾਦ ਨਿਕੰਮੀ ਹੋਵੇ, ਇਹ ਗੱਲ ਵੀ ਕਿਤੇ ਉਭਰ ਕੇ ਸਾਹਮਣੇ ਨਹੀਂ ਆਈ ਕਿ ਨਾਸਤਿਕ ਬੰਦੇ ਇਮਾਨਦਾਰ ਨਹੀਂ ਹੁੰਦੇ, ਜਦ ਕਿ ਇਸ ਦੇ ਉਲਟ ਇਹ ਗੱਲ ਵੀ ਸਾਹਮਣੇ ਨਹੀਂ ਆਈ ਕਿ ਆਸਤਿਕ ਬੰਦੇ ਬੇਈਮਾਨ ਨਹੀਂ ਹੁੰਦੇ।
ਅਕਸਰ ਰੱਬ ਨੂੰ ਮੰਨਣ ਵਾਲਿਆਂ ਦਾ ਪਹਿਲਾ ਅਤੇ ਆਖਰੀ ਸੁਆਲ ਹੁੰਦਾ ਹੈ, ਕਿ ਜੇ ਕੋਈ ਵਿਅਕਤੀ ਬਿਮਾਰ ਪਿਆ ਹੈ, ਜਾਂ ਕਿਸੇ ਸੜਕ ਦੁਰਘਟਨਾ ਦੌਰਾਨ ਕੋਈ ਵਿਅਕਤੀ ਗੰਭੀਰ ਹਾਲਤ ਵਿਚ ਜਖਮੀ ਹੋ ਗਿਆ ਹੈ, ਜੇ ਉਹ ਬਚ ਜਾਵੇ ਤਾਂ ਕਿਹਾ ਜਾਂਦਾ ਹੈ ਕਿ 'ਰੱਬ ਦੀ ਕਿਰਪਾ ਹੋ ਗਈ ਆ' ਪਰ ਜੇ ਕੋਈ ਬਿਮਾਰ ਜਾਂ ਜਖਮੀ ਮਰ ਜਾਵੇ ਤਾਂ ਕਹਿੰਦੇ ਹਨ ਕਿ 'ਹੋਣੀ ਨੂੰ ਕੌਣ ਟਾਲ ਸਕਦਾ'।
ਭਾਂਤ ਭਾਂਤ ਦੇ ਰੱਬ ਦੀਆਂ ਭਾਂਤ ਭਾਂਤ ਦੀਆਂ ਮੂਰਤੀਆਂ ਬਣਾਉਣ ਵਾਲੇ ਕਾਰੀਗਰਾਂ ਵਿਚੋਂ ਬਹੁਤਿਆਂ ਦੇ ਘਰਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੁੰਦੀ ਹੈ। ਗਰੀਬ ਕਾਰੀਗਰਾਂ ਦੁਆਰਾ ਮਿਹਨਤ ਨਾਲ ਬਣਾਈਆਂ ਰੱਬ ਦੀਆਂ ਮੂਰਤੀਆਂ ਜਦੋਂ ਧਾਰਮਿਕ ਸਥਾਨਾਂ ਵਿਚ ਜਾ ਕੇ ਸ਼ੁਸ਼ੋਭਿਤ ਹੋ ਜਾਂਦੀਆਂ ਹਨ, ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਲਈ ਇਹ ਹੀ ਮੂਰਤੀਆਂ ਕਮਾਈ ਦਾ ਵੱਡਾ ਸਾਧਨ ਬਣ ਜਾਂਦੀਆਂ ਹਨ। ਕਿਸ ਧਰਮ ਦੇ, ਕਿਸ ਜਾਤ ਦੇ ਵਿਅਕਤੀ ਨੇ ਰੱਬ ਦੀ ਮੂਰਤੀ ਬਣਾਈ ਹੈ, ਨੂੰ ਖ੍ਰੀਦਣ ਤੱਕ ਕੋਈ ਜਾਤ ਨਹੀਂ ਪੁੱਛੀ ਜਾਂਦੀ, ਕੋਈ ਧਰਮ ਨਹੀਂ ਪੁੱਛਿਆ ਜਾਂਦਾ, ਪਰ ਜਦੋਂ ਇਹ ਮੂਰਤੀ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਲਗਾਈ ਜਾਂਦੀ ਹੈ, ਫਿਰ ਜਾਤ-ਪਾਤ ਅਤੇ ਧਰਮ ਆਣ ਟੱਪਕਦਾ ਹੈ।
ਧਾਰਮਿਕ ਸਥਾਨਾਂ ਵਿਚ ਪੂਜਾ /ਪਾਠ ਕਰਨ ਵਾਲੇ ਬਹੁਤੇ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਮਜਬੂਤ ਨਹੀਂ ਹੁੰਦੀ, ਹਾਲਾਂਕਿ ਧਾਰਮਿਕ ਬੰਦਿਆਂ ਵਲੋਂ ਅਕਸਰ ਇਹ ਹੀ ਰੱਟ ਲਗਾਈ ਜਾਂਦੀ ਹੈ, ਕਿ ਰੱਬ ਦਾ ਨਾਂ ਜੱਪਣ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਤੋਟ ਨਹੀਂ ਹੁੰਦੀ, ਅਤੇ ਉਨ੍ਹਾਂ ਉਪਰ ਕੋਈ ਮੁਸੀਬਤ ਵੀ ਨਹੀਂ ਆਉੰਦੀ, ਪਰ ਸੱਭ ਕੁਝ ਹੁੰਦਾ ਹੈ।
ਕਹਿੰਦੇ ਹਨ, ਕਿ ਇੱਕ ਵਾਰੀ ਇਕ ਨਾਸਤਿਕ ਬਜੁਰਗ ਜਦੋਂ ਸੁੱਖਮਈ ਲੰਬੀ ਉਮਰ ਭੋਗ ਕੇ ਮਰਨ ਲੱਗਾ ਤਾਂ ਉਸ ਦੇ ਜਾਣੂੰਆਂ ਨੇ ਕਿਹਾ ਕਿ ਤੇਰੀ ਜਾਨ ਨਿਕਲਣ ਵਾਲੀ ਹੈ, ਤੂੰ ਹੁਣ ਤਾਂ ਰੱਬ ਦਾ ਨਾਂ ਲੈ ਲਾ ਪਰ ਉਸ ਨੇ ਅੱਗਿਉਂ ਜੁਆਬ ਦਿੱਤਾ ਕਿ '' ਹੁਣ ਤੱਕ ਤਾਂ ਮੈਂ ਰੱਬ ਦਾ ਨਾਂ ਲੈ ਕੇ ਮਾਲਾ ਫੇਰੀ ਨਹੀਂ, ਹੁਣ ਮਰਨ ਵੇਲੇ ਰੱਬ ਦਾ ਨਾਂ ਕਿਉਂ ਲਵਾਂ, ਹੁਣ ਤਾਂ ਮੈਂ ਤੁਹਾਡੇ ਰੱਬ ਕੋਲ ਚਲੇ ਹੀ ਜਾਣਾ ਹੈ, ਉਥੇ ਜਾ ਕੇ ਹੀ ਰੱਬ ਕੋਲ ਬੈਠ ਕੇ ਪੁੰਨ-ਪਾਪ ਦੇ ਬਹੀ ਖਾਤੇ ਉਪਰ ਸੁਆਲ ਜੁਆਬ ਕਰ ਲਵਾਂਗੇ।"
ਰੱਬ ਧਰਮ ਦੇ ਠੇਕੇਦਾਰਾਂ ਲਈ ਇਕ ਜਮੂਰਾ ਹੈ, ਜਿਸ ਨੂੰ ਉਹ ਸਮੇਂ ਸਮੇਂ 'ਤੇ ਆਪਣੇ ਮੁਫਾਦਾਂ ਲਈ ਨਚਾਉੰਦੇ ਰਹਿੰਦੇ ਹਨ। ਰੱਬ ਦੀ ਭਿੰਨਤਾ ਦਾ ਜਿਥੇ ਧਰਮ ਦੇ ਠੇਕੇਦਾਰ ਲਾਭ ਉਠਾਉਣ ਲਈ ਮੌਕੇ ਦੀ ਭਾਲ ਵਿਚ ਲੱਗੇ ਰਹਿੰਦੇ ਹਨ, ਉਥੇ ਸਿਆਸਤਦਾਨਾਂ ਲਈ ਵੀ ਰੱਬ ਦੀ ਭਿੰਨਤਾ ਵਰਦਾਨ ਹੁੰਦੀ ਹੈ। ਰੱਬ ਇੱਕ ਗੋਰਖ-ਧੰਦਾ ਹੈ, ਜਿਹੜਾ ਪਾਖੰਡੀਆਂ ਲਈ ਕਮਾਈ ਦਾ ਸਾਧਨ ਬਣਕੇ 'ਵਰਦਾਨ' ਜਦ ਕਿ ਅਨਪੜ੍ਹਾਂ ਅਤੇ ਗਰੀਬ ਲੋਕਾਂ ਲਈ ' ਸਰਾਪ' ਬਣਕੇ ਬਹੁੜਦਾ ਹੈ। ਦੇਸ਼ ਵਿਚ ਲੋਕਾਂ ਦੀ ਸੋਚ ਖੁੰਢੀ ਕਰਨ ਲਈ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਅਤੇ ਪਿੰਡਾਂ ਵਿੱਚ ਦਲਿਤਾਂ ਦੇ ਘਰਾਂ ਦੇ ਲਾਗੇ ਮਨੂੰਵਾਦੀ ਸੋਚ ਵਾਲੇ ਚਲਾਕ ਲੋਕਾਂ ਵਲੋਂ ਛੋਟੀਆਂ ਛੋਟੀਆਂ ਧਾਰਮਿਕ ਸੰਸਥਾਵਾਂ ਉਸਾਰੀਆਂ ਜਾ ਰਹੀਆਂ ਹਨ ਜਾਂ ਉਸਾਰਨ ਲਈ ਇਹ ਕਹਿ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ '' ਤੁਹਾਡੇ ਦੁੱਖਾਂ ਦਾ ਨਾਸ਼ ਇਨ੍ਹਾਂ ਧਾਰਮਿਕ ਸਥਾਨਾਂ ਵਿਚ ਹੀ ਹੈ।''
ਜਦੋਂ ਮਨੁੱਖ ਜੰਮਣ - ਮਰਨ, ਵਹਿਮਾਂ ਭਰਮਾਂ, ਸਵਰਗ-ਨਰਕ, ਦੁੱਖ-ਸੁੱਖ, ਪੁੰਨ-ਪਾਪ ਅਤੇ ਸੱਭ ਰੱਬ ਦੇ ਰੰਗ ਹਨ ਦੇ ਚੱਕਰਾਂ ਵਿੱਚ ਉਲਝ ਜਾਂਦਾ ਹੈ ਤਾਂ, ਉਸ ਦੀ ਸੋਚ ਬੋਝਲ ਹੋ ਜਾਂਦੀ ਹੈ। ਮਹਾਤਮਾ ਬੁੱਧ, ਸੰਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ,ਮੂਰਤੀ ਪੂਜਾ ਨੂੰ ਨਕਾਰਦਿਆਂ ਨੇਕ ਕਮਾਈ ਕਰਨ ਉਪਰ ਜੋਰ ਦਿੱਤਾ ਹੈ, ਪਰ ਸਾਡੇ ਦਿਮਾਗ ਵਿਚ ਲੱਗਿਆ ਅੰਧ-ਵਿਸ਼ਵਾਸਾਂ ਅਤੇ ਵਹਿਮਾਂ- ਭਰਮਾਂ ਦਾ ਜਾਲਾ ਉਤਰ ਦਾ ਨਾਂ ਨਹੀਂ ਲੈ ਰਿਹਾ, ਇਹ ਹੀ ਸਾਡਾ ਦੁਖਾਂਤ ਹੈ। ਅਸੀਂ ਮੂਰਤੀਆਂ ਨੂੰ ਦੁੱਧ ਪਿਲਾਕੇ 'ਸੁੱਖਾਂ ਦੀ ਆਸ' ਕਰਦੇ ਹਾਂ।
-ਸੁਖਦੇਵ ਸਲੇਮਪੁਰੀ
09780620233
14 ਅਗਸਤ, 2021.