You are here

ਯੂਕੇ ਦੇ ਲੈਸਟਰ ਸ਼ਹਿਰ ਵਿਚ ਸਾਂਝਾਂ ਗਰੁੱਪ ਵੱਲੋਂ ਸਾਉਣ ਦੇ ਮਹੀਨੇ ਤੇ ਲੱਗੀ ਮਹਿਫ਼ਿਲ  

ਯੂ ਕੇ ਦੇ ਲੈਸਟਰ ਸ਼ਹਿਰ ਵਿੱਚ “ਸਾਂਝਾ ਗਰੁੱਪ “ਵੱਲੋਂ ਬੜੀ ਧੂਮਧਾਮ ਨਾਲ ਮਹਿਲਾਵਾਂ ਵੱਲੋਂ ਸਾਉਣ ਮਹੀਨੇ ਨੂੰ ਮਹੱਤਤਾ ਦਿੰਦੇ ਹੋਏ “ਸਾਵਣ ਆਇਆ” ਪ੍ਰੋਗਰਾਮ ਮਨਾਇਆ ਗਿਆ

ਲੈਸਟਰ  4 ਅਗਸਤ  -- ਯੂ ਕੇ ਦੀ ਲੇਖਿਕਾ ਜਸਵੰਤ ਕੌਰ ਬੈਂਸ, ਕਮਲਜੀਤ ਕੌਰ ਨੱਤ, ਗੁਰਬਖਸ਼ ਕੌਰ, ਰਾਜਵੀਰ ਕੌਰ, ਕੁਲਦੀਪ ਕੌਰ , ਰਾਜਵੀਰ ਕੌਰ, ਬਿੰਦਰ ਧਾਲੀਵਾਲ, ਬਲਜੀਤ ਕੌਰ , ਰਣਜੀਤ ਕੌਰ ਵੱਲੋਂ “ਸਾਵਣ ਆਇਆ” ਪ੍ਰੋਗ੍ਰਾਮ ਦੀ ਰੂਪ ਰੇਖਾ ਉਲੀਕੀ ਗਈ। ਜਿਸ ਵਿੱਚ ਸ਼ਿੰਦਰ ਕੌਰ ਰਾਏ,  ਸਿਮਰਜੀਤ ਕੌਰ,ਨਵਦੀਪ ਕੌਰ , ਜਗੀਰ ਕੌਰ, ਕਾਂਤਾ, ਬਲਜੀਤ ਕੌਰ, ਪਰਮਿੰਦਰ ਕੌਰ ਸੰਧੂ, ਕਮਲਜੀਤ ਕੌਰ, ਅਵਤਾਰ ਕੌਰ, ਪਰੀਤੋ , ਬਲਵਿੰਦਰ ਕੌਰ, ਸੁਰਜੀਤ ਕੌਰ, ਸੁਰਿੰਦਰ ਕੌਰ ਗੋਲਡੀ, ਕੁਲਵੰਤ ਕੌਰ, ਜਸਵੀਰ ਕੌਰ, ਸੁਰਿੰਦਰ ਕੌਰ, ਕੁਲਵਿੰਦਰ ਕੌਰ ਬਿਲਨ, ਦਰਸ਼ਨਾਂ , ਸੁਖਵਿੰਦਰ ਕੌਰ, ਜੋਤੀ, ਬਲਦੇਵ ਕੌਰ ਅਤੇ ਹੋਰ ਬਹੁਤ ਸਾਰੀਆਂ ਮਹਿਲਾਵਾਂ ਨੇ ਆਪਣਾ ਯੋਗਦਾਨ ਪਾਇਆ।

ਲੇਖਿਕਾ ਜਸਵੰਤ ਕੌਰ ਬੈਂਸ ਨੇ ਇਸ ਪ੍ਰੋਗਰਾਮ ਵਿੱਚ ਸਾਵਣ ਰੁੱਤ ਨੂੰ ਮਹੱਤਤਾ ਦਰਸਾਉਂਦੇ ਹੋਏ ਪਾਣੀ ਬਚਾਉਣ , ਰੁੱਖ ਲਾਉਣ ਅਤੇ ਰੁੱਖ ਬਚਾਉਣ ਵਾਰੇ ਚਾਨਣਾ ਪਾਇਆ। ਕੁਦਰਤ ਰਾਣੀ ਨੂੰ ਪਿਆਰ ਅਤੇ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਦੱਸਿਆ ਗਿਆ ਕਿ ਸਾਵਣ ਰੁੱਤ ਵੀ ਬਾਕੀ ਰੁੱਤਾਂ ਵਾਂਗ ਅਹਿਮ ਰੁੱਤ ਹੈ। ਜੇਠ ਹਾੜ ਦੇ ਤੱਪਦੇ ਮਹੀਨਿਆਂ ਤੋਂ ਬਾਅਦ ਇਹ ਰੁੱਤ ਮੀਂਹ ਵਰ੍ਹਾ ਕੇ ਠੰਡਕ ਲਿਆਉਂਦੀ ਹੈ ਅਤੇ ਗਰਮੀ ਤੋਂ ਰਾਹਤ ਦਿੰਦੀ ਹੈ।ਸਾਵਣ ਰੁੱਤ ਮੀਂਹ ਵਰ੍ਹਾ ਕੇ ਠੰਡੀ ਵਰਾਉਂਦੀ  ਹੋਈ ਫਸਲਾਂ , ਰੁੱਖਾਂ, ਨੂੰ ਪਾਣੀ ਨਾਲ ਸਿੰਜਦੀ ਹੈ। ਇਸ ਰੁੱਤ ਦਾ ਜਾਨਵਰ, ਪੰਛੀ  ਵੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਮਹਿਲਾਵਾਂ ਵੱਲੋਂ ਸਾਵਣ ਰੁੱਤ ਨਾਲ ਸਬੰਧਤ ਕਹਾਣੀਆਂ, ਗੀਤ , ਕਿੱਕਲੀ ਅਤੇ ਬੋਲੀਆਂ ਪਾਈਆਂ ਗਈਆਂ। ਸਾਵਣ ਰੁੱਤ ਦੀ ਮਹੱਤਤਾ ਵਾਰੇ ਵੀ ਚਾਨਣਾ ਪਾਇਆ ਗਿਆ। ਸਾਵਣ ਰੁੱਤ ਵਿੱਚ ਤੀਆਂ ਦਾ ਤਿਉਹਾਰ  ਅਤੇ ਰੱਖੜੀ ਦਾ ਤਿਉਹਾਰ ਆਉਂਦੇ ਹਨ ਅਤੇ ਧੂੰਮਧਾਮ ਨਾਲ ਮਨਾਏ ਜਾਂਦੇ ਹਨ।

ਜਸਵੰਤ ਕੌਰ ਬੈਂਸ ਨੇ ਆਪਣੀ ਲਿਖੀ ਰਚਨਾ ਸਾਂਝੀ ਕੀਤੀ

ਮੈਂ ਸਾਉਣ ਹਾਂ

ਤੂੰ ਪੁੱਛਦੀ ਏਂ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈ ਸਾਉਣ ਹਾਂ।
ਜਦੋਂ ਟੋਭਿਆਂ ਵਿੱਚ,
ਭਰਦਾ ਹੈ ਪਾਣੀ,
ਨਹਿਰਾਂ ਦੀਆਂ ਲਹਿਰਾਂ ਤੇ,
ਆਵੇ ਜਦ ਜਵਾਨੀ,
ਪਾਣੀ ਨਾਲ ਭਰੇ,
ਖੂਹਾਂ ਦੀ ,
ਮੈਂ ਮੌਣ ਹਾਂ।
ਤੂੰ ਪੁੱਛਦੀ ਏ,
ਮੈਂ ਕੌਣ ਹਾਂ?
ਜਦੋਂ ਕੋਠਿਆਂ ਦੇ,
ਵੱਗਦੇ ਨੇ ਪਰਨਾਲੇ,
ਜਦੋਂ ਤਿੱਪ ਤਿੱਪ ਚੋਂਦੇ ਨੇ,
ਛੱਤਾਂ ਦੇ ਬਾਲੇ।
ਮੈਂ ਮਿੱਟੀ, ਸੀਮੈਂਟ ਨਾਲ ,
ਬਣਿਆ ਹੋਇਆ
ਮੋਗਿਆਂ ਲਈ ਲਿੱਪ-ਪੋਚੇ
ਲਾਉਣ ਹਾਂ।
ਤੂੰ ਪੁੱਛਦੀ ਏ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈਂ ਸਾਉਣ ਹਾਂ।
ਜਦੋਂ ਵਗਦੇ ਪਾਣੀ ਦੀ,
ਕੋਈ ਕਰੇ ਨਾ ਰੋਕਥਾਮ।
ਮੈਨੂੰ ਬਦਨਾਮ ਕਰਕੇ,
ਜਦੋਂ ਲਾਉਂਦੇ ਨੇ,
ਕਈ ਇਲਜ਼ਾਮ।
ਮੈ ਉਂਨਾਂ ਤੇਜ ਧਾਰਾ ਵਿੱਚ,
ਵਗਦੇ ਹੜ੍ਹਾਂ ਦਾ,
ਆਉਣ ਹਾਂ।
ਤੂੰ ਪੁੱਛਦੀ ਏਂ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈਂ ਸਾਉਣ ਹਾਂ।
ਜਦੋਂ ਕੁੜੀਆਂ ਆਵਣ,
ਬਾਬਲ ਦੇ ਵਿਹੜੇ,
ਖਿੱੜ ਜਾਣ ਫੇਰ,
ਪਿੰਡਾਂ ਤੇ ਸ਼ਹਿਰਾਂ,
ਵਿੱਚ ਖੇੜੇ।
ਉੱਨਾਂ ਤੀਆਂ ਤ੍ਰਿੰਝਣਾਂ ਦਾ,
ਮੈਂ ਗਾਉਣ ਹਾਂ।
ਤੂੰ ਪੁੱਛਦੀ ਏਂ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈਂ ਸਾਉਣ ਹਾਂ।
ਜਦੋਂ ਲੋਹ੍ਹੜੇ ਦਾ ਮੀਂਹ,
ਵਰਦਾ ਏ,
ਕੋਠਿਆਂ ਉੱਤੇ ਅਤੇ ਵਿਹੜੇ,
ਸਮਾਨ ਰੱਖਦੇ ਨੇ,
ਚੱਕ ਚੱਕ ਕੇ,
ਅੰਦਰ ਜਿਹੜੇ।
ਮੈਂ ਗਿੱਲੇ ਹੋਏ ਮੰਜਿਆਂ ਵਿੱਚ,
ਪੈ ਗਈ ਕਾਣ ਅਤੇ,
ਭਿੱਜੀ ਦੌਣ ਹਾਂ।
ਤੂੰ ਪੁੱਛਦੀ ਏਂ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈ ਸਾਉਣ ਹਾਂ।

ਜਸਵੰਤ ਕੌਰ ਬੈਂਸ
ਲੈਸਟਰ ਯੂ ਕੇ