ਮਾਂ ਪਿਓ ਦੇ ਪਿਆਰ ਜਿਹੀ
ਕਿਤੇ ਛਾਂ ਨਹੀਂ ਲੱਭਣੀ
ਤੇ ਮਾਂ ਪਿਓ ਦੀ ਗੋਦ ਜਿਹੀ
ਕੋਈ ਥਾਂ ਨਹੀਂ ਲੱਭਣੀ।
ਸਿਰ ਤੇ ਟੁੱਟੇ ਪਹਾੜ ਤਾਂ ਚੇਤੇ ਆਉਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।
ਨਸ਼ਿਆਂ ਦੇ ਵਿੱਚ ਪੈ ਕੇ
ਦਿੱਤਾ ਰੋਲ ਜਵਾਨੀ ਨੂੰ
ਕੌਡੀਆਂ ਦੇ ਭਾਅ ਦਿੱਤਾ ਏ
ਤੂੰ ਤੋਲ ਜਵਾਨੀ ਨੂੰ
ਵਿੱਚ ਜਵਾਨੀ ਤੁਰ ਜਾਏ ਪੁੱਤ ਤਾਂ ਰੋਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।
ਘਰ ਵਿੱਚ ਬੈਠੀ ਧੀ ਦੀ ਚਿੰਤਾ
ਖਾਈ ਜਾਂਦੀ ਏ
ਲਾਡਾਂ ਦੇ ਨਾਲ ਪਾਲੀ ਕਦੋਂ
ਵਿਆਹੀ ਜਾਂਦੀ ਏ
ਸੋਚਾਂ ਸੋਚਦੇ ਰਹਿੰਦੇ ਕਿੱਥੇ ਸੋਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।
'ਰਮੇਸ਼' ਵੇ ਮਾਪੇ ਹੋਣ ਤਾਂ ਨਇਓਂ
ਲੋੜ ਹਜ਼ਾਰਾਂ ਦੀ
'ਜਾਨੂੰ' ਤੂੰ ਵੀ ਕੁਝ ਤਾਂ ਕਰ ਲੈ
ਕਦਰ ਪਿਆਰਾਂ ਦੀ
ਤੁਰ ਜਾਵਣ ਇੱਕ ਵਾਰ ਤਾਂ ਮੁੜ ਨਾ ਆਉਂਦੇ ਨੇ ਮਾਪੇ
ਬੱਚਿਆਂ ਲਈ ਤਾਂ ਨਿੱਤ ਹੀ ਖ਼ੁਸ਼ੀਆਂ ਚਾਹੁੰਦੇ ਨੇ ਮਾਪੇ।
ਲੇਖਕ- ਰਮੇਸ਼ ਕੁਮਾਰ ਜਾਨੂੰ
ਫੋਨ ਨੰ:-98153-20080