You are here

ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਬੁੱਢੇ ਨਾਲੇ ਲਈ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ

ਲੁਧਿਆਣਾ,  ਜੂਨ 2019- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸੂਬੇ ਵਿੱਚੋਂ ਲੰਘਦੀਆਂ ਡਰੇਨਾਂ ਨੂੰ ਸਾਫ਼ ਕਰਨ ਲਈ ਹੋਰ ਕਦਮ ਉਠਾਉਂਦੇ ਹੋਏ ਇੱਕ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਸਥਾਨਕ ਬੁੱਢੇ ਨਾਲੇ ਵਿੱਚ ਕੀਤੀ ਗਈ। ਪ੍ਰਾਜੈਕਟ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਐੱਸ.ਐੱਸ. ਮਰਵਾਹਾ ਵੱਲੋਂ ਕੀਤਾ ਗਿਆ। ਇਸ ਪ੍ਰਾਜੈਕਟ ਤਹਿਤ ਆਕਸੀਜਨ ਦੇ ਗਾੜ੍ਹੇਪਣ ਨੂੰ ਪਾਣੀ ਦੀ ਸਤਹਿ ਤੱਕ ਘੁੱਲਣ ਦੇ ਯੋਗ ਬਣਾਇਆ ਜਾ ਸਕੇਗਾ। ਇਸ ਪ੍ਰਾਜੈਕਟ ਤਹਿਤ ਬੁੱਢੇ ਨਾਲੇ ਵਿੱਚ ਵਹਿਣ ਵਾਲੇ ਪਾਣੀ ਵਿੱਚ ਦੋ ਸਤਹਿ ਐਰਰੇਟਰ (ਉਪਕਰਨ) ਲਗਾਏ ਗਏ ਹਨ ਤਾਂ ਜੋ ਭੰਗ ਹੋਈ ਆਕਸੀਜਨ ਨੂੰ ਵਧਾਇਆ ਜਾ ਸਕੇ।
ਸ੍ਰੀ ਮਰਵਾਹਾ ਨੇ ਦੱਸਿਆ ਕਿ ਬੋਰਡ ਵੱਲੋਂ ਇਨ੍ਹਾਂ ਐਰਰੇਟਰਾਂ ਵੱਲੋਂ ਮਿਲਣ ਵਾਲੇ ਨਤੀਜਿਆਂ ਦੀ ਨਿਗਰਾਨੀ ਕੀਤੀ ਜਾਵੇਗੀ। ਪ੍ਰਾਜੈਕਟ ਦੇ ਨਤੀਜਿਆਂ ਦਾ ਅਧਿਐਨ ਕਰਨ ਅਤੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਦੂਸ਼ਿਤ ਖੇਤਰਾਂ ਨੂੰ ਸਾਫ਼ ਕਰਨ ਲਈ ਬੋਰਡ ਵੱਲੋਂ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸੂਬੇ ਵਿੱਚ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਖ਼ਤੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਜੋ ਵੀ ਐੱਸਟੀਪੀ ਮਾਪਦੰਡ ਪੂਰੇ ਨਹੀਂ ਕਰ ਰਹੇ, ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਬੋਰਡ ਦੇ ਮੈਂਬਰ ਸਕੱਤਰ ਇੰਜਨੀਅਰ ਕਰੁਨੇਸ਼ ਗਰਗ ਨੇ ਕਿਹਾ ਕਿ ਅਜਿਹੇ ਪ੍ਰਾਜੈਕਟ ਪ੍ਰਯੋਗ ਦੇ ਤੌਰ ’ਤੇ ਕੀਤੇ ਜਾ ਰਹੇ ਹਨ ਅਤੇ ਬੋਰਡ ਰਾਜ ਭਰ ਵਿੱਚ ਨਦੀਆਂ ਦੇ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਲਈ ਬਹੁਤ ਉਤਸ਼ਾਹਿਤ ਹੈ। ਇਸ ਮੌਕੇ ਮੁੱਖ ਵਾਤਾਵਰਨ ਇੰਜਨੀਅਰ ਗੁਲਸ਼ਨ ਰਾਏ, ਇੰਜਨੀਅਰ ਜੀ.ਐੱਸ. ਗਿੱਲ ਅਤੇ ਇੰਜਨੀਅਰ ਪਰਮਜੀਤ ਸਿੰਘ, ਵਾਤਾਵਰਨ ਇੰਜਨੀਅਰ ਰਮਨਦੀਪ ਸਿੰਘ ਸਿੱਧੂ ਅਤੇ ਰਾਜੇਸ਼ ਬਾਵਾ ਤੇ ਹੋਰ ਆਦਿ ਵੀ ਮੌਜੂਦ ਸਨ।